ਜੰਡਿਆਲਾ ਨਸ਼ਾ ਛੁਡਾਊ ਕੇਂਦਰ ਵਿਚ ਨੌਜਵਾਨ ਦਾ ਕਤਲ, 3 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜੰਡਿਆਲਾ ਦੇ ਨਸ਼ਾ ਛੁਡਾਊ ਕੇਂਦਰ ‘ਆਸ ਦੀ ਕਿਰਨ’ ਵਿਚ 32 ਸਾਲਾ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਵਿਚ ਪੈਂਦੇ ਇਲਾਕੇ ਪੱਤੀ ਸਾਹਨ ਕੀ (ਜੰਡਿਆਲਾ) ਦੇ ਰਹਿਣ ਵਾਲੇ 32 ਸਾਲਾ ਹਰਜੀਤ ਸਿੰਘ ਪੁੱਤਰ ਸੁਲੱਖਣ ਸਿੰਘ ਦੇ ਕਤਲ ਦੇ ਮਾਮਲੇ ਵਿਚ ਥਾਣਾ ਸਦਰ ਦੀ ਪੁਲਸ ਨੇ ਆਸ ਦੀ ਕਿਰਨ (ਨਸ਼ਾ ਛੁਡਾਊ ਸੈਂਟਰ) ਪਿੰਡ ਅਰਮਾਨਪੁਰ ਦੇ ਮਾਲਕ ਪਵਿੱਤਰ ਸਿੰਘ ਕੰਗ ਵਾਸੀ ਪਿੰਡ ਦਾਦੂਵਾਲ, ਜ਼ਿਲ੍ਹਾ ਜਲੰਧਰ ਅਤੇ ਦਿਨੇਸ਼ ਕੁਮਾਰ ਸ਼ਰਮਾ ਪੁੱਤਰ ਪ੍ਰਾਣ ਨਾਥ ਵਾਸੀ ਕਮਲ ਵਿਹਾਰ, ਥਾਣਾ ਰਾਮਾ ਮੰਡੀ, ਜਲੰਧਰ ਸਮੇਤ 3 ਲੋਕਾਂ ਖ਼ਿਲਾਫ਼ 302 ਅਤੇ 34 ਆਈ. ਪੀ. ਸੀ. ਤਹਿਤ ਐੱਫ. ਆਈ. ਆਰ. ਨੰਬਰ 4 ਦਰਜ ਕੀਤੀ ਗਈ ਹੈ।ਜੰਡਿਆਲਾ ਪੁਲਸ ਚੌਂਕੀ ਦੇ ਇੰਚਾਰਜ ਐੱਸ. ਆਈ. ਮੇਜਰ ਸਿੰਘ ਰਿਆੜ ਨੇ ਦੱਸਿਆ ਕਿ ਉਕਤ ਕੇਸ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਸੁਲੱਖਣ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਦੀ ਲਾਸ਼ ਪੁਲਸ ਨੇ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਰਿਆੜ ਨੇ ਦੱਸਿਆ ਕਿ ਫਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਕਰਦੇ ਪੱਤੀ ਸਾਹਨ ਕੀ ਦੇ ਵਾਸੀ ਸੁਲੱਖਣ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦਾ ਲੜਕਾ ਹਰਜੀਤ ਸਿੰਘ 5 ਜਨਵਰੀ ਨੂੰ ਆਪਣੇ ਦੋਸਤ ਜੋਤਾ ਪੁੱਤਰ ਸੁਰਿੰਦਰ ਸਿੰਘ ਵਾਸੀ ਜੰਡਿਆਲਾ (ਜੋ ਕਿ ਨਸ਼ਾ ਕਰਨ ਦਾ ਆਦੀ ਹੈ) ਨੂੰ ਮਿਲਣ ਲਈ ਉਸ ਦੇ ਘਰ ਗਿਆ ਸੀ, ਜਿੱਥੋਂ ਨਸ਼ਾ ਛੁਡਾਊ ਕੇਂਦਰ (ਆਸ ਦੀ ਕਿਰਨ) ਅਰਮਾਨਪੁਰ ਵਾਲੇ ਉਸ ਨੂੰ ਚੁੱਕ ਕੇ ਲੈ ਗਏ। ਇਸ ਸਬੰਧੀ ਸੈਂਟਰ ਵਾਲਿਆਂ ਨੇ ਜੋਤੇ ਦੇ ਜ਼ਰੀਏ ਉਨ੍ਹਾਂ ਦੇ ਘਰ ਵਿਚ ਫੋਨ ਕਰਵਾਇਆ ਤਾਂ ਉਸ ਦੀ ਪਤਨੀ ਰਣਜੀਤ ਕੌਰ ਨੇ ਕਿਹਾ ਕਿ ਉਸ ਦਾ ਲੜਕਾ ਬੀਮਾਰ ਰਹਿੰਦਾ ਹੈ ਅਤੇ ਉਸ ਦੀ ਦਵਾਈ ਚੱਲਦੀ ਹੈ। ਇਸੇ ਲਈ ਉਹ ਉਸ ਦੇ ਲੜਕੇ ਨੂੰ ਘਰ ਛੱਡ ਜਾਣ ਪਰ ਸੈਂਟਰ ਵਾਲਿਆਂ ਨੇ ਉਸ ਦੀ ਕੋਈ ਗੱਲ ਨਾ ਸੁਣੀ। 6 ਜਨਵਰੀ ਨੂੰ ਜੋਤੇ ਦੀ ਮਾਂ ਦਾ ਫੋਨ ਆਇਆ ਤਾਂ ਉਸ ਨੂੰ ਵੀ ਕਿਹਾ ਕਿ ਉਹ ਸੈਂਟਰ ਵਾਲਿਆਂ ਨੂੰ ਕਹੇ ਕਿ ੳਸ ਦੇ ਲੜਕੇ ਨੂੰ ਘਰ ਛੱਡ ਜਾਣ, ਫਿਰ ਵੀ ਸੈਂਟਰ ਵਾਲਿਆਂ ਨੇ ਕੋਈ ਗੌਰ ਨਹੀਂ ਕੀਤਾ। 9 ਜਨਵਰੀ ਨੂੰ ਨਸ਼ਾ ਛੁਡਾਊ ਸੈਂਟਰ ਦਾ ਮਾਲਕ ਪਵਿੱਤਰ ਸਿੰਘ ਕੰਗ ਅਤੇ ਦਿਨੇਸ਼ ਕੁਮਾਰ ਸ਼ਰਮਾ ਨੇ ਜੋਤੇ ਦੀ ਮਾਂ ਤੋਂ ਫੋਨ ਕਰਵਾਇਆ ਕਿ ਹਰਜੀਤ ਸਿੰਘ ਦੀ ਤਬੀਅਤ ਜ਼ਿਆਦਾ ਖ਼ਰਾਬ ਹੈ। ਉਹ ਉਸ ਨੂੰ ਲੈ ਕੇ ਨਕੋਦਰ ਮੋੜ, ਜੰਡਿਆਲਾ ਲੈ ਕੇ ਆ ਰਹੇ ਹਨ ਅਤੇ ਉਥੋਂ ਆ ਕੇ ਉਸ ਨੂੰ ਲੈ ਜਾਣ।

Advertisements

ਸੁਲੱਖਣ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਸੁਖਪਾਲ ਸਿੰਘ ਪੁੱਤਰ ਬਲਜੀਤ ਸਿੰਘ ਨੂੰ ਨਾਲ ਲੈ ਕੇ ਆਪਣੀ ਕਾਰ ਵਿਚ ਨਕੋਦਰ ਮੋੜ ਜੰਡਿਆਲਾ ਪਹੁੰਚ ਗਿਆ, ਜਿੱਥੇ ਸੈਂਟਰ ਦੇ ਮਾਲਕ ਪਵਿੱਤਰ ਸਿੰਘ ਕੰਗ ਨਾਲ ਉਸ ਦੀ ਕਾਰ ਵਿਚ ਕੁਝ ਹੋਰ ਵੀ ਵਿਅਕਤੀ ਸਨ। ਉਨ੍ਹਾਂ ਜਲਦੀ-ਜਲਦੀ ਆਪਣੀ ਕਾਰ ਵਿਚੋਂ ਹਰਜੀਤ ਸਿੰਘ ਦੀ ਲਾਸ਼ ਕੱਢ ਕੇ ਉਨ੍ਹਾਂ ਦੀ ਕਾਰ ਵਿਚ ਰੱਖ ਦਿੱਤੀ ਅਤੇ ਤੇਜ਼ ਰਫ਼ਤਾਰ ਆਪਣੀ ਕਾਰ ਲੈ ਕੇ ਫਰਾਰ ਹੋ ਗਏ। ਹਰਜੀਤ ਸਿੰਘ ਨੂੰ ਲੈ ਕੇ ਉਹ ਸਿਮਰਨ ਹਸਪਤਾਲ ਪਹੁੰਚ ਗਏ ਤਾਂ ਡਾਕਟਰਾਂ ਨੇ ਕਿਹਾ ਕਿ ਕਾਫ਼ੀ ਸਮੇਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਹੈ।

LEAVE A REPLY

Please enter your comment!
Please enter your name here