5 ਰਾਜਾਂ ਵਿੱਚ ਹਾਲੀਆ ਚੋਣਾਂ ਵਿੱਚ ਕਾਂਗਰਸ ਦੀ ਹਾਰ ਲਈ ਸਿਰਫ਼ ਗਾਂਧੀ ਪਰਿਵਾਰ ਹੀ ਜ਼ਿੰਮੇਵਾਰ: ਕੈਪਟਨ ਅਮਰਿੰਦਰ

ਚੰਡੀਗੜ੍ਹ, (ਦ ਸਟੈਲਰ ਨਿਊਜ਼)। ਹਾਲ ਹੀ ਦੀਆਂ ਸਾਰੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਪੂਰੀ ਤਰ੍ਹਾਂ ਹਾਰ ਲਈ ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ, ਪੀਐੱਲਸੀ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ‘ਤੇ ਪੰਜਾਬ ਵਿੱਚ ਆਪਣੀ ਪਾਰਟੀ ਦੀ ਨਿਰਾਸ਼ਾਜਨਕ ਹਾਰ ਲਈ ਆਪਣੀ ਗ਼ਲਤੀ ਮੰਨਣ ਦੀ ਬਜਾਏ, ਉਸ ਦਾ ਦੋਸ਼ ਕੈਪਟਨ ਤੇ ਲਗਾਉਣ ਦੀ ਕੋਸ਼ਿਸ਼ ਨੂੰ ਹਾਸੋਹੀਣਾ ਠਹਿਰਾਇਆ। ਉਨ੍ਹਾਂ ਕਿਹਾ, “ਕਾਂਗਰਸ ਨਾ ਸਿਰਫ਼ ਪੰਜਾਬ ਵਿੱਚ ਸਗੋਂ ਯੂਪੀ, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਵੀ ਹਾਰੀ ਹੈ ਅਤੇ ਪਾਰਟੀ ਦੀ ਸ਼ਰਮਨਾਕ ਹਾਰ ਲਈ ਪੂਰੀ ਤਰ੍ਹਾਂ ਗਾਂਧੀ ਹੀ ਜ਼ਿੰਮੇਵਾਰ ਹਨ।” ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਦੇਸ਼ ਭਰ ਦੇ ਲੋਕਾਂ ਨੇ ਗਾਂਧੀਆਂ ਦੀ ਅਗਵਾਈ ਵਿੱਚ ਵਿਸ਼ਵਾਸ ਖੋਅ ਦਿੱਤਾ ਹੈ।

Advertisements

ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਪਾਰਟੀ ਦੇ ਅੰਦਰਲੇ ਕਈ ਸੀਨੀਅਰ ਆਗੂ ਪੰਜਾਬ ਵਿੱਚ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਲਈ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਕਲੇਸ਼ ਅਤੇ ਨਵਜੋਤ ਸਿੱਧੂ ਦੇ ‘ਪਾਰਟੀ ਵਿਰੋਧੀ’ ਬਿਆਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਓਹਦੋਂ ਤੱਕ ਸੂਬੇ ਵਿੱਚ ਅਰਾਮ ਨਾਲ ਕਾਇਮ ਸੀ, ਜਦੋਂ ਤੱਕ ਉਹਨਾਂ ਨੂੰ ਕੁਝ ਸ਼ਰਾਰਤੀ ਅਨਸਰਾਂ ਦਾ ਪੱਖ ਲੈਣ ਲਈ ਬਰਖਾਸਤ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿਸ ਦਿਨ ਕਾਂਗਰਸ ਨੇ ਨਵਜੋਤ ਸਿੱਧੂ ਵਰਗੇ “ਅਸਥਿਰ” ਵਿਅਕਤੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਸੀ, ਅਤੇ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਚਰਨਜੀਤ ਸਿੰਘ ਚੰਨੀ ਵਰਗੇ ਭ੍ਰਿਸ਼ਟ ਵਿਅਕਤੀ ਨੂੰ ਮੁੱਖ ਮੰਤਰੀ ਵਜੋਂ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਸੀ, ਉਸੇ ਦਿਨ ਪਾਰਟੀ ਨੇ ਸਰਹੱਦੀ ਸੂਬੇ ਵਿੱਚ ਆਪਣੀ ਕਬਰ ਪੁੱਟ ਲਈ ਸੀ। ਸੀਡਬਲਯੂਸੀ ਦੇ ਆਗੂ ਜੋ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਦੀ (ਕੈਪਟਨ ਅਮਰਿੰਦਰ ਦੀ) ਸਰਕਾਰ ਦੇ ਖਿਲਾਫ ਇੱਕ ਮਜ਼ਬੂਤ “ਸੱਤਾ-ਵਿਰੋਧੀ ਹਵਾ” ਸੀ, ਉਹ ਇਹ ਭੁੱਲ ਗਏ ਸਨ ਕਿ ਕੈਪਟਨ ਨੇ 2017 ਤੋਂ ਬਾਅਦ ਪਾਰਟੀ ਲਈ ਹਰ ਚੋਣ ਜਿੱਤੀ ਹੈ, ਫਰਵਰੀ 2021 ਦੀਆਂ ਸਿਵਲ ਬਾਡੀਜ਼ ਦੀਆਂ ਚੋਣਾਂ ਵੀ, ਜੋਕਿ ਉਹਨਾਂ ਨੂੰ ਗੈਰ ਰਸਮੀ ਤੌਰ ‘ਤੇ ਹਟਾਏ ਜਾਣ ਤੋਂ ਸਿਰਫ਼ ਸੱਤ ਮਹੀਨੇ ਪਹਿਲਾਂ, ਹੋਈਆਂ ਸਨ। ਉਨ੍ਹਾਂ ਕਿਹਾ, “ਇਹ ਆਗੂ ਸਿਰਫ਼ ਸ਼ਰਾਰਤੀ ਅਨਸਰ ਹਨ ਜੋ ਦੋਸ਼ ਮੜ੍ਹ ਕੇ ਅਤੇ ਕੰਧ ‘ਤੇ ਲਿਖੀਆਂ ਲਿਖਤਾਂ ਵੱਲ ਅੱਖਾਂ ਬੰਦ ਕਰਕੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।” ਉਨ੍ਹਾਂ ਕਿਹਾ ਕਿ ਮੌਜੂਦਾ ਵਿਵਸਥਾ ਵਿੱਚ ਕਾਂਗਰਸ ਦਾ ਕੋਈ ਭਵਿੱਖ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਹਾਰ ਦਾ ਅਸਲ ਕਾਰਨ ਹਾਈਕਮਾਂਡ ਦਾ ਪਹਿਲਾਂ ਪੱਖ ਪੂਰਨ ਅਤੇ ਫਿਰ ਨਵਜੋਤ ਸਿੱਧੂ ਵਰਗੇ ਲੋਕਾਂ ਨੂੰ ਸੰਭਾਲਣ ਵਿੱਚ ਅਸਫਲ ਰਹਿਣਾ ਹੈ, ਜੋ ਆਪਣੇ ਨਿੱਜੀ ਮੁਫ਼ਾਦਾਂ ਲਈ ਪਾਰਟੀ ਦੇ ਅਕਸ ਨੂੰ ਖਰਾਬ ਕਰਨ ਵਿੱਚ ਲੱਗੇ ਹੋਏ ਹਨ। ਉਸਨੇ ਕਿਹਾ, “ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ, ਪਾਰਟੀ ਹਾਈ ਕਮਾਂਡ ਨੇ ਨਵਜੋਤ ਅਤੇ ਹੋਰਾਂ ਨਾਲ ਹੱਥ ਮਿਲਾਇਆ, ਅਤੇ ਇਸ ਪ੍ਰਕਿਰਿਆ ਵਿੱਚ ਉਹਨਾਂ ਨੇ ਪਾਰਟੀ ਨੂੰ ਹੀ ਪੂਰੀ ਤਰ੍ਹਾਂ ਬਦਨਾਮ ਕਰ ਦਿੱਤਾ”। ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਸੀਡਬਲਯੂਸੀ ਜਾਂ ਕਾਂਗਰਸ ਪਾਰਟੀ ਨੂੰ ਕੋਈ ਸਪੱਸ਼ਟੀਕਰਨ ਦੇਣ ਦੀ ਕੋਈ ਲੋੜ ਨਹੀਂ, ਪਰ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਇਨ੍ਹਾਂ ਆਗੂਆਂ ਦੀਆਂ ਟਿੱਪਣੀਆਂ ‘ਤੇ ਪ੍ਰਤੀਕਿਰਿਆ ਦੇਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਪ੍ਰਤੀ ਉਹ ਅਜੇ ਵੀ ਜਵਾਬਦੇਹ ਮਹਿਸੂਸ ਕਰਦੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਏ.ਆਈ.ਸੀ.ਸੀ. ਦੀ ਕਾਰਜਕਾਰੀ ਪ੍ਰਧਾਨ, ਸੋਨੀਆ ਗਾਂਧੀ ਨੂੰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਪੰਦਰਵਾੜਾ ਰਿਪੋਰਟਾਂ ਭੇਜਦੇ ਰਹੇ ਹਨ, ਅਤੇ ਇੱਕ ਵਾਰ ਵੀ ਉਨ੍ਹਾਂ ਨੇ ਸ਼ਿਕਾਇਤ ਨਹੀਂ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਉਨ੍ਹਾਂ ਦੇ ਮੈਨੂੰ ਬਰਖਾਸਤ ਕਰਨ ਤੋਂ ਤਿੰਨ ਹਫ਼ਤੇ ਪਹਿਲਾਂ ਵੀ, ਮੈਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਸੋਨੀਆ ਗਾਂਧੀ ਨੇ 2022 ਦੀਆਂ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਨ ਲਈ ਜ਼ੋਰ ਦਿੱਤਾ ਸੀ।”

LEAVE A REPLY

Please enter your comment!
Please enter your name here