ਦਾਤਾਰਪੁਰ ਵਿਖੇ ਵਸ਼ਿਸ਼ਟ ਭਾਰਤੀ ਸਕੂਲ ਦੀ ਬੱਸ ਪਲਟਣ ਕਾਰਨ 10 ਬੱਚੇ ਜ਼ਖਮੀ, 4 ਦੀ ਹਾਲਤ ਗੰਭੀਰ, ਪੁਲੀਸ ਵਲੋਂ ਜਾਂਚ ਸ਼ੁਰੂ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਦਾਤਾਰਪੁਰ ਦੇ ਇੱਕ ਨਿੱਜੀ ਸਕੂਲ ਦੀ ਬੱਸ ਸਕੂਲ ਤੋਂ ਕੁਝ ਦੂਰੀ ‘ਤੇ ਸੰਪਰਕ ਸੜਕ ਉੱਪਰ ਪਲਟ ਜਾਣ ਕਾਰਨ 10 ਤੋਂ ਵੱਧ ਬੱਚੇ ਜਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ 4 ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੱਗਲੇ ਹਸਪਤਾਲ ਇਲਾਜ਼ ਲਈ ਰੈਫਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਕੰਢੀ ਹਲਕੇ ਅੰਦਰ ਚੱਲਦੀਆ ਸਕੂਲੀ ਬੱਸਾਂ ਵਲੋਂ ਨਿਯਮਾਂ ਦੀ ਧੜੱਲੇ ਨਾਲ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਸਮਰੱਥਾ ਤੋਂ ਵੱਧ ਬੱਚੇ ਲੱਦੇ ਜਾਂਦੇ ਹਨ। ਮੌਕੇ ‘ਤੇ ਪੁੱਜੀ ਪੁਲੀਸ ਨੇ ਬੱਚਿਆਂ ਨੂੰ ਸਿਵਲ ਹਸਪਤਾਲ ਹਾਜੀਪੁਰ ਪੁਜਾ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਵਸ਼ਿਸ਼ਟ ਭਾਰਤੀ ਸਕੂਲ ਦਾਤਾਰਪੁਰ ਦੀ ਬੱਸ ਨੰਬਰ—ਪੀ ਬੀ 07 ਏ ਐਸ 6335 ਅੱਜ ਦੁਪਹਿਰੇ ਸਕੂਲੋਂ ਛੁੱਟੀ ਉਪਰੰਤ ਬੱਚਿਆਂ ਨੂੰ ਘਰਾਂ ਵਿੱਚ ਛੱਡਣ ਜਾ ਰਹੀ ਸੀ ਤਾਂ ਡਰਾਈਵਰ ਦੀ ਕਥਿਤ ਅਣਗਹਿਲੀ ਤੇ ਸਮਰੱਥਾ ਤੋਂ ਵੱਧ ਬੱਚੇ ਲੱਦੇ ਹੋਣ ਕਾਰਨ ਸਕੂਲ ਤੋਂ ਕੁਝ ਦੂਰੀ ‘ਤੇ ਹੀ ਸੰਪਰਕ ਸੜਕ ਉੱਪਰ ਪਲਟ ਗਈ, ਜਿਸ ਨਾਲ ਕਰੀਬ 10 ਬੱਚੇ ਜ਼ਖਮੀ ਹੋ ਗਏ।

Advertisements

ਜਿਨ੍ਹਾਂ ਨੂੰ ਸਿਵਲ ਹਸਪਤਾਲ ਹਾਜੀਪੁਰ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ 4 ਬੱਚਿਆਂ ਦੀ ਹਾਲਤ ਗੰਭੀਰ ਦੇਖਦਿਆਂ ਅਗਲੇ ਇਲਾਜ਼ ਲਈ ਰੈਫਰ ਕਰ ਦਿੱਤਾ। ਮੌਕੇ ‘ਤੇ ਪ੍ਰਤੱਖਦਰਸ਼ੀਆਂ ਅਨੁਸਾਰ ਸਕੂਲ ਦੀਆਂ ਬੱਸਾਂ ਵਿੱਚ ਸਮਰੱਥਾ ਤੋਂ ਵੱਧ ਬੱਚੇ ਲੱਦੇ ਹੁੰਦੇ ਹਨ ਅਤੇ ਇਨ੍ਹਾ ਬੱਚਿਆਂ ਨੂੰ ਕੁੱਕੜਾਂ ਵਾਂਗੂ ਬੱਸ ਵਿੱਚ ਤੂੜਿਆ ਜਾਂਦਾ ਹੈ। ਜੇਕਰ ਕੋਈ ਇਸਦਾ ਵਿਰੋਧ ਕਰਦਾ ਹੈ ਤਾਂ ਸਕੂਲ ਪ੍ਰਬੰਧਕ ਉਸ ਬੱਚੇ ਨੂੰ ਨਿਸ਼ਾਨੇ ਉੱਤੇ ਲੈ ਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ। ਜ਼ਖਮੀਆਂ ਵਿੱਚ ਕਾਰਤਿਕ, ਸ਼ੌਰਿਆ, ਆਸ਼ੀ, ਗੌਰਅੰਸ਼, ਰੋਮੀ ਤੇ ਰੁਹਾਨੀ ਆਦਿ ਸ਼ਾਮਲ ਹਨ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਕੰਢੀ ਇਲਾਕੇ ਦੇ ਨਿੱਜੀ ਸਕੂਲਾਂ ਵਲੋਂ ਮਨਮਾਨੀਆਂ ਦਾ ਦੌਰ ਅੱਜ ਵੀ ਬਾਦਸਤੂਰ ਜਾਰੀ ਹੈ ਅਤੇ ਇਸ ਸਕੂਲ ਦੀ ਬੱਸ ਵਲੋਂ ਪਹਿਲਾਂ ਵੀ ਇੱਕ ਹਾਦਸਾ ਕੀਤਾ ਜਾ ਚੁੱਕਾ ਹੈ। ਕੰਢੀ ਦੇ ਰਸਤੇ ਪਹਾੜੀ ਹੋਣ ਕਾਰਨ ਸਮਰੱਥਾ ਤੋਂ ਵੱਧ ਬੱਸਾਂ ਵਿੱਚ ਲੱਦੇ ਬੱਚਿਆਂ ਕਾਰਨ ਆਮ ਹੀ ਬੱਚਿਆਂ ਨੁੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।

ਵਾਰ ਵਾਰ ਸ਼ਿਕਾਇਤਾਂ ਦੇ ਬਾਵਜੂਦ ਵੀ ਸਕੂਲ ਪ੍ਰਬੰਧਕ ਅਤੇ ਪ੍ਰਸਾਸ਼ਨ ਜਾਂ ਪੁਲੀਸ ਅਧਿਕਾਰੀ ਇਸ ਵੱਲ ਧਿਆਨ ਨਹੀਂ ਦਿੰਦੇ, ਜਿਆਦਾਤਰ ਬੱਸਾਂ ਦੇ ਦਸਤਾਵੇਜ਼ ਵੀ ਪੂਰੇ ਨਹੀਂ ਹੁੰਦੇ ਅਤੇ ਕਿਸੇ ਵੀ ਬੱਸ ਨਾਲ ਕੰਡਕਟਰ ਨਹੀਂ ਹੁੰਦਾ। ਬੱਸਾਂ ਆਪਣੀ ਉਮਰ ਹੰਢਾ ਚੁੱਕੀਆਂ ਹਨ ਅਤੇ ਬੱਸ ਡਰਾਈਵਰ ਵੀ ਗੈਰਤਜਰਬੇਕਾਰ ਤੇ ਗੈਰ ਲਾਇਸੰਸੀ ਹੀ ਲਗਾਏ ਜਾਂਦੇ ਹਨ। ਮਾਪਿਆਂ ਨੇ ਮੰਗ ਕੀਤੀ ਕਿ ਇਲਾਕੇ ਅੰਦਰ ਚੱਲਦੀਆਂ ਸਕੂਲਾਂ ਦੀਆਂ ਬੱਸਾਂ ਦੀ ਲਗਾਤਾਰ ਚੈਕਿੰਗ ਯਕੀਨੀ ਬਣਾਈ ਜਾਵੇ ਤੇ ਬੱਚਿਆਂ ਦੀ ਜਾਂਲ ਦਾ ਖੌਅ ਬਣ ਰਹੀਆਂ ਇਨ੍ਹਾਂ ਬੱਸਾਂ ਦੇ ਸਕੂਲ ਮਾਲਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।

    

LEAVE A REPLY

Please enter your comment!
Please enter your name here