ਦੇਸ਼ ਦੇ ਸੰਘਰਸ਼ੀ ਕਿਸਾਨਾਂ ਨਾਲ ਵੀ ਮੀਟਿੰਗਾਂ ਕਰਨ ਮੋਦੀ : ਰਾਜਵਿੰਦਰ ਕੌਰ ਰਾਜੂ

ਚੰਡੀਗੜ (ਦ ਸਟੈਲਰ ਨਿਊਜ਼) : ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼-ਵਿਦੇਸ਼ ਦੇ ਸਿੱਖ ਮੋਹਤਬਰਾਂ, ਧਾਰਮਿਕ, ਰਾਜਸੀ, ਅਤੇ ਸਮਾਜਿਕ ਵਿਅਕਤੀਆਂ ਸਮੇਤ ਪੰਜਾਬ ਤੇ ਦਿੱਲੀ ਦੇ ਸਾਬਕਾ ਨੌਕਰਸ਼ਾਹਾਂ ਅਤੇ ਨਾਮੀ ਸਿੱਖ ਸਨਅਤਕਾਰਾਂ ਨਾਲ ਆਪਣੀ ਰਿਹਾਇਸ਼ ਵਿਖੇ ਪਿਛਲੇ ਕੁੱਝ ਮਹੀਨਿਆਂ ਤੋਂ ਮੀਟਿੰਗਾਂ ਕਰਨ ’ਤੇ ਤੰਜ ਕਸਦਿਆਂ ਕਿਹਾ ਕਿ ਇੱਕ ਦਹਾਕੇ ਤੋਂ ਸੱਤਾ ਮਾਣ ਰਹੇ ਮੋਦੀ ਨੇ ਕਿਸਾਨੀ ਦੀ ਬਿਹਤਰੀ ਖਾਤਰ ਦੇਸ਼ ਦੇ ਸੰਘਰਸ਼ਸ਼ੀਲ ਕਿਸਾਨਾਂ ਨਾਲ ਅਜਿਹੀ ਇੱਕ ਵੀ ਸਿੱਧੀ ਮੀਟਿੰਗ ਨਹੀਂ ਕੀਤੀ ਜਿਸ ਕਾਰਨ ਸੰਯੁਕਤ ਮੋਰਚੇ ਨਾਲ ਜੁੜੇ ਦੇਸ਼ ਦੇ ਅੰਨਦਾਤਾ ਅਤੇ ਮਿਹਨਤਕਸ਼ ਖੇਤ ਕਾਮਿਆਂ ਅੰਦਰ ਵੱਡਾ ਰੋਸ ਅਤੇ ਰੋਹ ਹੈ।

Advertisements

ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਤਿਹਾਸਕ ਕਿਸਾਨ ਅੰਦੋਲਨ ਨੂੰ ਮੁਲਤਵੀ ਕਰਾਉਣ ਮੌਕੇ ਛਲ-ਕਪਟ ਰਾਹੀਂ ਕੀਤੇ ਲਿਖਤੀ ਸਮਝੌਤੇ ਦੀ ਹਾਲੇ ਤੱਕ ਇੱਕ ਮੱਦ ਵੀ ਪੂਰੀ ਨਹੀਂ ਕੀਤੀ ਸਗੋਂ ਉਲਟਾ ਲਖੀਮਪੁਰ ਖੀਰੀ (ਯੂਪੀ) ਵਿੱਚ ਨਿਹੱਥੇ ਕਿਸਾਨਾਂ ਨੂੰ ਆਪਣੀ ਜੀਪ ਹੇਠਾਂ ਕੁਚਲਣ ਵਾਲੇ ਮੁਜ਼ਰਮ ਅਸ਼ੀਸ਼ ਮਿਸ਼ਰਾ ਅਤੇ ਉਸਦੇ ਪਿਤਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੀ ਮੋਦੀ ਸਰਕਾਰ ਨੇ ਹਰ ਪੱਖੋਂ ਮੱਦਦ ਕੀਤੀ ਅਤੇ ਯੂਪੀ ਸਰਕਾਰ ਤੋਂ ਕਰਵਾਈ।

ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਇਸੇ ਰੋਸ ਵਜੋਂ ਕੇਂਦਰ ਦੀ ਭਾਜਪਾ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਖਾਤਰ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਦਾ ਦੂਜਾ ਪੜਾਅ ਸ਼ੁਰੂ ਕਰਨ ਦੀ ਪਹਿਲਾਂ ਤੋਂ ਹੀ ਚਿਤਾਵਨੀ ਦਿੱਤੀ ਹੋਈ ਹੈ ਜਿਸ ਕਰਕੇ ਲੋਕ ਰੋਹ ਨੂੰ ਭਾਂਪਦਿਆਂ ਪ੍ਰਧਾਨ ਮੰਤਰੀ ਇਸ ਸੰਭਾਵੀ ਅੰਦੋਲਨ ਨੂੰ ਖੁੰਢਾ ਕਰਨ ਦੀ ਅਗਾਊਂ ਰਾਜਸੀ ਚਾਲਬਾਜ਼ੀ ਖੇਡ ਰਹੇ ਹਨ। ਇਸੇ ਕੜੀ ਵਜੋਂ ਉਹ ਪਾਰਟੀ ਦੀ ਰਚੀ ਹੋਈ ਇੱਕ ਪੱਟਕਥਾ ਤਹਿਤ ਨਿੱਜੀ ਗਰਜਾਂ ਵਾਲੇ ਕੁੱਝ ਸਮਾਜਿਕ, ਧਾਰਮਿਕ ਸਿੱਖ ਵਿਅਕਤੀਆਂ, ਬਾਬਿਆਂ, ਸਾਬਕਾ ਨੇਤਾਵਾਂ ਤੇ ਨੌਕਰਸ਼ਾਹਾਂ ਸਮੇਤ ਕੁੱਝ ਕਾਰੋਬਾਰੀਆਂ ਨੂੰ ਆਪਣੇ ਘਰ ਬੁਲਾ ਕੇ ਪਲੋਸ ਰਹੇ ਹਨ ਤਾਂ ਜੋ ਉਹ ਭਵਿੱਖਤ ਕਿਸਾਨ ਅੰਦੋਲਨ ਨੂੰ ਕਿਸੇ ਵੀ ਤਰਾਂ ਦੀ ਬਾਹਰੀ ਹਮਾਇਤ ਦੇਣ ਲਈ ਅੱਗੇ ਨਾ ਆਉਣ।

ਮੋਦੀ ਦੀ ਉੱਕਤ ਸ਼ਤਰੰਜ਼ੀ ਸਾਜ਼ਿਸ਼ ਉੱਤੇ ਚੁਟਕੀ ਲੈਂਦਿਆਂ ਕਿਸਾਨ ਨੇਤਾ ਬੀਬੀ ਰਾਜੂ ਨੇ ਕਿਹਾ ਕਿ ਲੋਕ ਰੋਹ ਅਤੇ ਮਿਹਨਤਕਸ਼ ਕਿਸਾਨਾਂ ਤੇ ਕਾਮਿਆਂ ਦੇ ਹੱਕੀ ਸੰਘਰਸ਼ ਦੀ ਰੋਹ ਭਰੀ ਹਨੇਰੀ ਅੱਗੇ ਅਜਿਹੇ ‘ਬਾਬੇ’ ਅਤੇ ‘ਬਾਬੂ’ ਤਾਸ਼ ਦੇ ਪੱਤਿਆਂ ਵਾਂਗ ਢੇਰ ਹੋ ਜਾਣਗੇ ਕਿਉਂਕਿ ਜਾਗਦੀ ਜ਼ਮੀਰ ਵਾਲੇ ਹਰ ਵਰਗ ਦੇ ਲੋਕ ਪਹਿਲਾਂ ਵਾਂਗ ਕਿਸਾਨ ਅੰਦੋਲਨ ਦੀ ਹਰ ਪੱਖੋਂ ਡੱਟਵੀਂ ਹਮਾਇਤ ਕਰਨ ਲਈ ਤਿਆਰ-ਬਰ-ਤਿਆਰ ਬੈਠੇ ਹਨ ਜਿਸ ਨਾਲ ਕੇਂਦਰ ਉੱਤੇ ਕਾਬਜ਼ ਭਗਵਾਂ ਪਾਰਟੀ ਦੀਆਂ ਸਭ ਗਿਣਤੀਆਂ-ਮਿਣਤੀਆਂ ਅਤੇ ਭਰਮ ਭੁਲੇਖੇ ਚਿੱਟੇ ਦਿਨ ਚੂਰ ਹੋ ਜਾਣਗੇ। ਬੀਬੀ ਰਾਜੂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸਾਨ ਮੋਰਚੇ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨ ਲਵੇ ਅਤੇ ਅੰਨਦਾਤਾ ਨੂੰ ਅੰਦੋਲਨ ਦਾ ਦੂਜਾ ਪੜਾਅ ਸ਼ੁਰੂ ਕਰਨ ਲਈ ਮਜਬੂਰ ਨਾ ਕਰੇ।

‘ਕਿਸਾਨ ਖੁਸ਼ਹਾਲ ਤਾਂ ਦੇਸ਼ ਮਜਬੂਤ’ ਦਾ ਨਾਅਰਾ ਪ੍ਰਚਾਰਨ ਵਾਲੇ ਮੋਦੀ ਨੂੰ ਮਹਿਲਾ ਨੇਤਾ ਬੀਬੀ ਰਾਜੂ ਨੇ ਸਲਾਹ ਦਿੱਤੀ ਹੈ ਕਿ ਉਹ ਪੁੱਠੀਆਂ ਮੱਤਾਂ ਦੇਣ ਵਾਲੇ ਆਪਣੇ ਮਾਤਹਿਤ ਨੌਕਰਸ਼ਾਹਾਂ, ਤਜ਼ਰਬਾਹੀਣ ਰਾਜਸੀ ਨੇਤਾਵਾਂ ਅਤੇ ਗੈਰ-ਕਾਸ਼ਤਕਾਰ ਮੰਤਰੀਆਂ ਦੇ ਚੁੰਗਲ ਵਿੱਚੋਂ ਬਾਹਰ ਨਿੱਕਲ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਲਿਖਤੀ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਨੂੰ ਤੁਰੰਤ ਪੂਰਾ ਕਰਨ ਅਤੇ ਖੇਤੀ ਖੇਤਰ ਦੀ ਬੇਹਤਰ ਤਰੱਕੀ ਅਤੇ ਮਿਹਨਤਕਸ਼ਾਂ ਦੇ ਚੌਤਰਫਾ ਵਿਕਾਸ ਲਈ ਕਿਸਾਨ ਮੋਰਚੇ ਦੇ ਸਰਬ ਪ੍ਰਵਾਨਿਤ ਆਗੂਆਂ ਨਾਲ ਉਚੇਚੀ ਮੀਟਿੰਗ ਕਰਕੇ ਬੀਤੇ ਸਮੇਂ ਦੌਰਾਨ ਭਾਜਪਾ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਹੋਈ ਧੱਕੇਸ਼ਾਹੀ ਵੇਲੇ ਕੀਤੇ ਜੁਲਮਾਂ ਅਤੇ ਜਖਮਾਂ ਉਤੇ ਮੱਲਮ ਲਾਉਣ ਲਈ ਯਤਨ ਕਰਨ।

LEAVE A REPLY

Please enter your comment!
Please enter your name here