ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਮਹਿੰਦਰਾ ਐਂਡ ਮਹਿੰਦਰਾ ਨਾਲ ਸਮਝੌਤਾ ਸਹੀਬੱਧ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇ ਕੇ ਹੁਨਰਮੰਦ ਬਣਾਉਣ ਸਬੰਧੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਅੱਜ ਖੇਤਰ ਦੇ ਵਿਦਿਆਰਥੀਆਂ ਨੂੰ ਹੁਨਰ ਸਿਖਲਾਈ ਮੁਹੱਈਆ ਕਰਵਾਉਣ ਲਈ ਮਹਿੰਦਰਾ ਐਂਡ ਮਹਿੰਦਰਾ (ਸਵਰਾਜ ਡਿਵੀਜ਼ਨ) ਨਾਲ ਸਮਝੌਤਾ ਸਹੀਬੱਧ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ ਨੇ ਕਿਹਾ ਕਿ ਇਹ ਸਮਝੌਤਾ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ (ਸਵਰਾਜ ਡਿਵੀਜ਼ਨ) ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ.) ਪਹਿਲਕਦਮੀ ਤਹਿਤ ਪ੍ਰੋਜੈਕਟ ‘ਹੁਨਰ’ ਦੇ ਹਿੱਸੇ ਵਜੋਂ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਰੋਜ਼ੀ-ਰੋਟੀ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਖੇਤਰ ਦੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਦਾ ਹੈ। ਇਹ ਉਪਰਾਲਾ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਕਰਨ ਲਈ ਮੁੱਖ ਮੰਤਰੀ ਦੀ ਵਚਨਬੱਧਤਾ ਦੇ ਅਨੁਸਾਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਖੇਤਰ ਦੇ ਪ੍ਰਮੁੱਖ ਉਦਯੋਗਾਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨਾ ਹੈ ਤਾਂ ਜੋ ਉਮੀਦਵਾਰਾਂ ਨੂੰ ਹੁਨਰਮੰਦ ਬਣਾ ਕੇ ਉਦਯੋਗਾਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਦੇ ਯੋਗ ਬਣਾਇਆ ਜਾ ਸਕੇ। ਕੁਮਾਰ ਰਾਹੁਲ ਨੇ ਪੰਜਾਬ ਦੇ ਨੌਜਵਾਨਾਂ ਦੀ ਬਿਹਤਰੀ ਲਈ ਅਜਿਹੀਆਂ ਭਾਈਵਾਲੀਆਂ ਲਈ ਹੋਰਨਾਂ ਉਦਯੋਗਾਂ ਨੂੰ ਸੱਦਾ ਦੇਣ ਸਬੰਧੀ ਭਵਿੱਖੀ ਪਹਿਲਕਦਮੀ ਦੀ ਰੂਪ ਰੇਖਾ ਵੀ ਉਲੀਕੀ।

Advertisements

ਸਕੱਤਰ ਨੇ ਕਿਹਾ ਕਿ ਇਸ ਸਮਝੌਤੇ ਦੇ ਹਿੱਸੇ ਵਜੋਂ, ਪ੍ਰੋਜੈਕਟ ‘ਹੁਨਰ’ ਨੂੰ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਪਛਾਣ ਕੀਤੇ ਗਏ ਸਿਖਲਾਈ ਭਾਈਵਾਲ ਮੈਸਰਜ਼ ਮੈਨਟੌਰ ਸਕਿੱਲਸ ਵੱਲੋਂ ਲਾਗੂ ਕੀਤਾ ਜਾਵੇਗਾ ਅਤੇ ਐਸ.ਏ.ਐਸ. ਨਗਰ, ਮੋਹਾਲੀ ਦੀ ਅਤਿ ਆਧੁਨਿਕ ਸਿਖਲਾਈ ਸੰਸਥਾ ਵਿੱਚ 444 ਉਮੀਦਵਾਰਾਂ ਨੂੰ ਸਿਖਲਾਈ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਖਲਾਈ ਭਾਈਵਾਲ ਵੱਲੋਂ ਟਰੈਕਟਰ ਆਪਰੇਟਰ, ਟਰੈਕਟਰ ਮਕੈਨਿਕ, ਖੇਤੀਬਾੜੀ ਮਸ਼ੀਨਰੀ ਦੀ ਮੁਰੰਮਤ ਅਤੇ ਰੱਖ-ਰਖਾਅ ਸਬੰਧੀ ਸੇਵਾ ਪ੍ਰਦਾਤਾ, ਡੋਮੈਸਟਿਕ ਡਾਟਾ ਐਂਟਰੀ ਆਪਰੇਟਰ ਅਤੇ ਸੀ.ਆਰ.ਐਮ. ਡੋਮੈਸਟਿਕ ਨਾਨ-ਵੋਇਸ ਆਦਿ ਨੌਕਰੀਆਂ ਲਈ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਸਕੱਤਰ ਨੇ ਅੱਗੇ ਕਿਹਾ ਕਿ ਇਹ ਕੋਰਸ 4-5 ਮਹੀਨਿਆਂ ਵਿੱਚ ਮੁਕੰਮਲ ਕੀਤੇ ਜਾਣਗੇ।

ਇਸ ਦੌਰਾਨ, ਡਾਇਰੈਕਟਰ ਜਨਰਲ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ-ਕਮ-ਐੱਮ.ਡੀ. (ਪੀ.ਐੱਸ.ਡੀ.ਐੱਮ.) ਦੀਪਤੀ ਉੱਪਲ ਨੇ ਕਿਹਾ ਕਿ ਪੀ.ਐੱਸ.ਡੀ.ਐੱਮ. ਅਜਿਹੇ ਕੇਂਦਰਾਂ ਦੀ ਸਥਾਪਨਾ ਲਈ ਵੱਖ-ਵੱਖ ਵਪਾਰਕ ਸਮੂਹਾਂ ਨਾਲ ਜੁੜਿਆ ਹੋਇਆ ਹੈ ਅਤੇ ਨਾਲ ਹੀ ਉਨ੍ਹਾਂ ਉਮੀਦਵਾਰਾਂ ਲਈ ਵੱਖ-ਵੱਖ ਹੁਨਰ ਪ੍ਰੋਗਰਾਮਾਂ ਨੂੰ ਸਪਾਂਸਰ ਕਰ ਰਿਹਾ ਹੈ ਜੋ ਕਿਸੇ ਹੋਰ ਸਰਕਾਰੀ ਸਕੀਮ ਅਧੀਨ ਨਹੀਂ ਆਉਂਦੇ। ਉਨ੍ਹਾਂ ਦੱਸਿਆ ਕਿ ਟਰੈਕਟਰ ਆਪਰੇਟਰ ਕੋਰਸ ਵਿੱਚ ਉਮੀਦਵਾਰਾਂ ਨੂੰ ਵੱਖ-ਵੱਖ ਉਪਕਰਨਾਂ ਜਿਵੇਂ ਰੋਟਾਵੇਟਰ, ਹਾਰਵੈਸਟਰ, ਕਲਟੀਵੇਟਰ ਅਤੇ ਸੁਪਰ ਸੀਡਰ ਦੀ ਸਿਖਲਾਈ ਵੀ ਦਿੱਤੀ ਜਾਵੇਗੀ ਅਤੇ ਇਹ ਸਿਖਲਾਈ ਪੰਜਾਬ ਦੇ ਸਾਰੇ ਉਮੀਦਵਾਰਾਂ ਲਈ ਮੁਫ਼ਤ ਹੈ। ਉਹਨਾਂ ਦੱਸਿਆ ਕਿ ਡੋਮੈਟਿਕ ਡਾਟਾ ਐਂਟਰੀ ਆਪਰੇਟਰ ਅਤੇ ਸੀਆਰਐਮ ਡੋਮੇਸਟਿਕ ਨਾਨ-ਵੋਇਸ ਦੇ ਕੋਰਸ ਸਿਰਫ਼ ਮਹਿਲਾਵਾਂ ਅਤੇ ਦਿਵਿਆਂਗ ਉਮੀਦਵਾਰਾਂ ਲਈ ਹਨ। ਉਹਨਾਂ ਅੱਗੇ ਕਿਹਾ ਕਿ ਸਿਖਲਾਈ ਖਤਮ ਹੋਣ ਤੋਂ ਬਾਅਦ, ਉਮੀਦਵਾਰਾਂ ਲਈ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਟਾਇਨੋਰ ਆਰਥੋਟਿਕਸ ਲਿਮਟਿਡ, ਆਰ.ਐਮ. ਕੈਮੀਕਲਜ਼, ਗਿਲਾਰਡ ਇਲੈਕਟ੍ਰਾਨਿਕਸ, ਸਵਰਾਜ ਇੰਜਣ, ਰਿਲਾਇੰਸ ਐਸ.ਐਮ.ਐਸ.ਐਲ., ਏਰੀਅਲ ਟੈਲੀਕਾਮ ਅਤੇ ਕਾਬਲ ਸਿਨਰਜੀਜ਼ (ਫਿਊਜ਼ਨ ਗਰੁੱਪ) ਵਿੱਚ ਨੌਕਰੀਆਂ ਉਪਲਬਧ ਕਰਵਾਈਆਂ ਜਾਣਗੀਆਂ।

LEAVE A REPLY

Please enter your comment!
Please enter your name here