‘ਹਰ ਘਰ ਤਿਰੰਗਾ’ ਮੁਹਿੰਮ ਦੀ ਸਫ਼ਲਤਾ ਲਈ ਏਡੀਸੀ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ

ਪਟਿਆਲਾ, (ਦ ਸਟੈਲਰ ਨਿਊਜ਼)। 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਪਟਿਆਲਾ ਜ਼ਿਲ੍ਹੇ ਵਿਚ 13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਇੱਕ ਤਿਰੰਗਾ ਯਾਤਰਾ ਕੱਢੀ ਗਈ। ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਇਸ ਤਿਰੰਗਾ ਯਾਤਰਾ ਦੀ ਅਗਵਾਈ ਖ਼ੁਦ ਤਿਰੰਗਾ ਫੜਕੇ ਕਰਦਿਆਂ ਕਿਹਾ ਕਿ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਹੈ ਅਤੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਸਫ਼ਲ ਬਣਾਏਗਾ। ਇੱਥੇ ਜੇਲ ਰੋਡ ‘ਤੇ ਸਥਿਤ ਬੀ.ਡੀ.ਪੀ.ਓ. ਪਟਿਆਲਾ ਦਫ਼ਤਰ ਤੋਂ ਸ਼ੁਰੂ ਹੋਈ ਇਸ ਤਿਰੰਗਾ ਯਾਤਰਾ ‘ਚ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਭਾਰਤ ਮਾਤਾ ਕੀ ਜੈ ਦੇ ਨਾਅਰੇ ਦੀ ਗੂੰਜ ਪਾਉਂਦੇ ਹੋਏ ਇਹ ਤਿਰੰਗਾ ਯਾਤਰਾ 22 ਨੰਬਰ ਫਾਟਕ ਦੀ ਮਾਰਕੀਟ ਤੱਕ ਜਾ ਕੇ ਸਮਾਪਤ ਹੋਈ।

Advertisements

ਇਸ ਦੌਰਾਨ ਬੀ.ਡੀ.ਪੀ.ਓ. ਅਜੈਬ ਸਿੰਘ, ਏ.ਪੀ.ਓ. ਵਿਜੇ ਧੀਰ ਸਮੇਤ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ, ਜਿਨ੍ਹਾਂ ਨੇ ਖ਼ੁਦ ਆਪਣੇ ਹੱਥੀਂ ਤਿਰੰਗੇ ਝੰਡੇ ਵੱਡੀ ਗਿਣਤੀ ‘ਚ ਤਿਆਰ ਕੀਤੇ ਹਨ ਤੋਂ ਇਲਾਵਾ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਸ਼ਿਰਕਤ ਕੀਤੀ। ਈਸ਼ਾ ਸਿੰਘਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਤਿਰੰਗੇ ਝੰਡੇ ਪ੍ਰਤੀ ਲੋਕਾਂ ‘ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਰਾਸ਼ਟਰੀ ਝੰਡਾ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 1 ਲੱਖ 30 ਹਜਾਰ ਤਿਰੰਗੇ ਝੰਡਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਵਿੱਚ 1 ਲੱਖ ਤਿਰੰਗਾ ਕੇਂਦਰ ਸਰਕਾਰ ਤੋਂ ਪ੍ਰਾਪਤ ਹੋਇਆ ਹੈ ਅਤੇ 30 ਹਜ਼ਾਰ ਝੰਡੇ ਜ਼ਿਲ੍ਹੇ ਦੀਆਂ ਸਵੈ ਸਹਾਇਤਾ ਗਰੁੱਪਾਂ ਰਾਹੀਂ ਤਿਆਰ ਕਰਵਾਏ ਗਏ ਹਨ। ਏ.ਡੀ.ਸੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ 13 ਅਗਸਤ ਤੋਂ 15 ਅਗਸਤ ਤੱਕ ਜ਼ਿਲ੍ਹਾ ਵਾਸੀ ਖੁਦ ਤਿਰੰਗਾ ਝੰਡਾ ਲਹਿਰਾ ਸਕਦੇ ਹਨ ਅਤੇ ਪੋਰਟਲ ਹਰਘਰਤਿਰੰਗਾ ਡਾਟ ਕਾਮ https://harghartiranga.com/  ‘ਤੇ ਤਿਰੰਗੇ ਨਾਲ ਆਪਣੀ ਸੈਲਫੀ/ਫੋਟੋ ਅਪਲੋਡ ਵੀ ਕਰ ਸਕਦੇ ਹਨ।

LEAVE A REPLY

Please enter your comment!
Please enter your name here