ਸਿਵਲ ਸਰਜਨ ਦੀ ਅਗਵਾਈ ਵਿੱਚ ਨੇਤਰਦਾਨ ਪੰਦਰਵਾੜਾ ਦੇ ਤਹਿਤ ਸਿਵਲ ਹਸਪਤਾਲ ਵਿਖੇ ਜਾਗਰੂਕਤਾ ਸਭਾ ਆਯੋਜਿਤ

ਫਿਰੋਜ਼ਪੁਰ  ( ਦ ਸਟੈਲਰ ਨਿਊਜ਼)।  ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਅਨਿਲ ਕੁਮਾਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਨੇਤਰ ਦਾਨ ਪੰਦਰਵਾੜੇ ਦੌਰਾਨ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਅਜਿਹੀ ਹੀ ਇੱਕ ਜਾਗਰੂਕਤਾ ਸਭਾ ਦੌਰਾਨ ਨੇਤਰ ਰੋਗ ਮਾਹਿਰ ਡਾ.ਦੀਕਸ਼ਿਤ ਸਿੰਗਲਾ ਸਿਵਲ ਹਸਪਤਾਲ ਫ਼ਿਰੋਜ਼ਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਅਗਸਤ, 2022 ਤੋਂ 08 ਸਤੰਬਰ, 2022 ਤੱਕ ਨੇਤਰ ਦਾਨ ਦੀ ਮਹੱਤਤਾ ਅਤੇ ਨੇਤਰ ਦਾਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਦੀਕਸ਼ਿਤ ਨੇ ਦੱਸਿਆ ਕਿ ਇਸ ਸੰਸਾਰ ਵਿੱਚ ਆਪਣੇ ਸਰੀਰ ਦੇ ਪੂਰੇ ਅੰਗ ਲੈ ਕੇ ਪੈਦਾ ਹੋਣਾ ਅਤੇ ਬਿਨਾ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਇੱਕ ਚੰਗੀ ਜ਼ਿੰਦਗੀ ਬਸਰ ਕਰ ਸੰਸਾਰ ਨੂੰ ਅਲਵਿਦਾ ਕਹਿਣਾ ਆਪਣੇ ਆਪ ਵਿੱਚ ਬਹੁਤ ਵੱਡੀ ਖੁਸ਼ਕਿਸਮਤੀ ਹੈ।

Advertisements

ਸੰਸਾਰ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿਸੇ ਹਾਦਸੇ ਦੌਰਾਨ ਆਪਣੇ ਅੰਗ ਪੈਰ ਗਵਾ ਬੈਠਦੇ ਹਨ ਅਤੇ ਕੁੱਝ ਜਨਮ ਤੋ ਹੀ ਅਪਾਹਜ, ਗੂੰਗੇ ਜਾਂ ਬੋਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਅੱਖਾਂ ਨਾ ਹੋਣ ਕਾਰਨ ਕਾਦਰ-ਕਰੀਮ ਦੀ ਕੁਦਰਤ ਦੇ ਅਲੌਕਿਕ ਨਜ਼ਾਰੇ ਵੇਖਣ ਤੋਂ ਵਾਂਝੇ ਰਹਿ ਜਾਂਦੇ ਹਨ। ਅੱਖਾਂ ਹੀ ਹਨ ਜਿਸ ਦੀ ਬਦੌਲਤ ਅਸੀਂ ਵੱਖ-ਵੱਖ ਚਿਹਰਿਆਂ ਦੀ ਪਛਾਣ ਕਰ ਪਾਉਂਦੇ ਹਾਂ। ਆਪਣੇ ਆਸ-ਪਾਸ ਫੈਲੀ ਬਨਸਪਤੀ ਦੇ ਨਜ਼ਾਰੇ ਅਤੇ ਅਸਮਾਨ ਤੇ ਪਈ ਸਤਰੰਗੀ ਪੀਂਘ ਵੀ ਸਾਨੂੰ ਇਹਨਾਂ ਅੱਖਾਂ ਦੀ ਬਦੌਲਤ ਹੀ ਦਿਖਾਈ ਦਿੰਦੀ ਹੈ। ਕਿਸੇ ਖਾਣ ਵਾਲੇ ਪਦਾਰਥ ਨੂੰ ਅੱਖਾਂ ਰਾਂਹੀ ਦੇਖ ਅਸੀਂ ਉਸਦੀ ਸਵੱਛਤਾ ਦਾ ਅੰਦਾਜ਼ਾ ਲਗਾ ਸਕਦੇ ਹਾਂ। ਪਰ ਕਈ ਵਾਰ ਜਨਮ ਤੋਂ ਜਾਂ ਕਿਸੇ ਹਾਦਸੇ ਤਹਿਤ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਤਾਂ ਅਜਿਹੇ ਵਿੱਚ ਸੰਸਾਰ ਦੇ ਸਾਰੇ ਅਲੌਕਿਕ ਨਜ਼ਾਰੇ ਹਨੇਰੇ ਵਿੱਚ ਬਦਲ ਜਾਂਦੇ ਹਨ। ਸਾਡੇ ਲਈ ਹਨੇਰੇ ਵਿੱਚ ਇੱਕ ਪਲ ਗੁਜ਼ਾਰਨਾ ਮੁਸ਼ਕਿਲ ਹੁੰਦਾ ਹੈ, ਪਰ ਕੁੱਝ ਲੋਕਾਂ ਨੂੰ ਆਪਣੀ ਸਾਰੀ ਉਮਰ ਇਸ ਹਨੇਰੇ ਵਿੱਚ ਗੁਜ਼ਾਰਨੀ ਪੈਂਦੀ ਹੈ। ਜੇਕਰ ਅਸੀਂ ਚਾਹੀਏ ਤਾਂ ਮਰਨ ਤੋਂ ਬਾਅਦ ਨੇਤਰ ਦਾਨ ਕਰ ਕੇ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਇਹ ਦੁਨੀਆਂ ਫਿਰ ਤੋਂ ਦਿਖਾ ਸਕਦੇ ਹਾਂ ਅਤੇ ਉਸ ਦੀ ਜ਼ਿੰਦਗੀ ਵਿੱਚ ਰੌਸ਼ਨੀ ਦੀ ਕਿਰਨ ਫਿਰ ਤੋਂ ਵਾਪਸ ਆ ਸਕਦੀ ਹੈ। ਕਿਸੇ ਇੱਕ ਵਿਅਕਤੀ ਦੁਆਰਾ ਦਾਨ ਕੀਤੀਆਂ ਅੱਖਾਂ ਨਾਲ ਦੋ ਵਿਅਕਤੀ ਇਹ ਦੁਨੀਆਂ ਦੁਬਾਰਾ ਦੇਖ ਸਕਦੇ ਹਨ।

ਇਸ ਮੌਕੇ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾ ਨੇ ਜਾਗਰੂਕਤਾ ਸਭਾ ਭਾਰਤ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਹਰ ਵਿਅਕਤੀ ਨੂੰ ਜੀਵਨ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਲਈ ਪਲੈਜ ਫਾਰਮ ਭਰਨਾ ਚਾਹੀਦਾ ਹੈ ਤਾਂ ਜੋ ਦੇਸ਼ ਅੰਦਰ ਨੇਤਰਹੀਣਤਾ ਨੂੰ ਖਤਮ ਕੀਤਾ ਜਾ ਸਕੇ। ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ,ਅੱਖਾਂ ਦਾਨ ਕੇਵਲ ਮੌਤ ਤੋਂ ਬਾਅਦ 4 ਤੋਂ 6 ਘੰਟੇ ਦੇ ਵਿੱਚ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਕਿਸੇ ਵੀ ਉਮਰ ਦਾ ਵਿਅਕਤੀ ਚਾਹੇ ਐਨਕਾਂ ਲੱਗੀਆਂ ਹੋਣ,ਅੱਖਾਂ ਦਾ ਅਪਰੇਸ਼ਨ ਹੋਇਆ ਹੋਏ ਜਾ ਲੈਨਜ਼ ਵੀ ਪਿਆ ਹੋਏ ਨੇਤਰ ਦਾਨ ਕਰ ਸਕਦਾ ਹੈ। ਅੱਖਾਂ ਦਾਨ ਕਰਨ ਲਈ ਮੌਤ ਤੋਂ ਬਾਅਦ ਤੁਰੰਤ ਹੀ ਅੱਖਾਂ ਦਾਨ ਕਰਨ ਲਈ ਅੱਖਾਂ ਬੈਂਕ ਦੀ ਟੀਮ ਅੱਖਾਂ ਦਾਨ ਕਰਨ ਵਾਲੇ ਵਿਅਕਤੀ ਦੇ ਘਰ ਜਾਂਦੀ ਹੈ ਅਤੇ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ 10-15 ਮਿੰਟ ਵਿੱਚ ਮੁਕੰਮਲ ਕਰ ਲੀ ਜਾਂਦੀ ਹੈ।ਇਸ ਤੋਂ ਇਲਾਵਾ ਡਾ.ਸੰਦੀਪ ਬਜਾਜ ਔਪਥੈਲਮਿਕ ਅਫਸਰ ਨੇ ਜਾਗਰੂਕਤਾ ਸਭਾ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਅੱਖਾਂ ਦਾਨ ਕਰਨ ਲਈ ਪਲੈਜ ਫਾਰਮ ਭਰਨ ਵਾਸਤੇ ਨੇੜੇ ਦੀ ਸਿਹਤ ਸੰਸਥਾ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।ਨੇਤਰ ਦਾਨ ਵੇਲੇ 104 ਨੰ: ਤੇ ਕਾਲ ਕਰਕੇ ਜਾਂ ਆਪਣੇ ਸਭ ਤੋਂ ਨੇੜੇ ਆਈ ਬੈਂਕ  ਨਾਲ ਤਾਲਮੇਲ ਕਰਕੇ ਇਹ ਮਹਾਦਾਨ ਕਰ ਸਕਦੇ ਹੋ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਗੁਰਚਰਨ ਸਿੰਘ,ਅਸ਼ੀਸ਼ ਭੰਡਾਰੀ,ਪਰਮਿੰਦਰ ਸਿੰਘ ਅਤੇ ਵਿਭਾਗ ਦੇ ਮੈਂਬਰ ਹਾਜ਼ਰ ਸਨ।  

LEAVE A REPLY

Please enter your comment!
Please enter your name here