ਡਾਕਟਰੀ ਸਲਾਹ ਤੋਂ ਬਿਨਾਂ ਦਵਾਈਆਂ ਦਾ ਸੇਵਨ ਹੋ ਸਕਦਾ ਹੈ ਖ਼ਤਰਨਾਕ-ਸਿਵਲ ਸਰਜਨ

ਫ਼ਿਰੋਜ਼ਪੁਰ  (ਦ ਸਟੈਲਰ ਨਿਊਜ਼): ਬਿਨਾਂ ਡਾਕਟਰੀ ਸਲਾਹ ਤੋਂ ਆਪਣੀ ਮਰਜ਼ੀ ਨਾਲ ਦਵਾਈਆਂ ਦਾ ਸੇਵਨ ਘਾਤਕ ਸਿੱਧ ਹੋ ਸਕਦਾ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ.ਅਨਿਲ ਕੁਮਾਰ ਨੇ ਜ਼ਿਲਾ ਨਿਵਾਸੀਆਂ ਦੇ ਨਾਮ ਇਕ ਸਿਹਤ ਸੁਨੇਹੇ ਵਿਚ ਕੀਤਾ। ਉਨ੍ਹਾਂ ਖੁਲਾਸਾ ਕੀਤਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਕਈ ਵਿਅਕਤੀ ਆਪਣੀ ਮਰਜ਼ੀ ਨਾਲ ਜਾਂ ਨੀਮ ਹਕੀਮਾਂ ਦੀ ਸਲਾਹ ਨਾਲ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਕਰਦੇ ਰਹਿੰਦੇ ਹਨ ਜੋ ਕਿ ਠੀਕ ਨਹੀਂ ਹੈ। ਉਨ੍ਹਾਂ ਸੰਦੇਸ਼ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਬਹੁਤ ਸਾਰੇ ਵਿਅਕਤੀ ਥੋੜ੍ਹੀ ਜਿਹੀ ਤਕਲੀਫ਼ ਹੋਣ ਤੇ ਹੀ ਦਰਦ ਨਿਵਾਰਕ ਦਵਾਈਆਂ ਦਾ ਇਸਤੇਮਾਲ ਕਰ ਲੈਂਦੇ ਹਨ ਅਤੇ  ਪੇਨ ਕਿੱਲਰ ਦਾ ਲੋੜ ਤੋਂ ਵੱਧ ਇਸਤੇਮਾਲ ਸਰੀਰ ਦੇ ਅਹਿਮ ਅੰਗ ਜਿਵੇਂ ਕਿ ਜਿਗਰ ਅਤੇ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸੇ ਤਰ੍ਹਾਂ ਐਂਟੀਬਾਇਓਟਿਕ ਦਵਾਈਆਂ ਦਾ ਬੇਲੋੜੇ ਸੇਵਨ ਜਿਥੇ ਇਨ੍ਹਾਂ ਦਵਾਈਆਂ ਪ੍ਰਤੀ ਸਰੀਰ ਵਿੱਚ ਟੌਲਰੈਂਸ ਪੈਦਾ ਕਰਦਾ ਹੈ ਉੱਥੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ।

Advertisements

ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਡਾਕਟਰੀ ਸਲਾਹ ਤੋਂ ਬਿਨਾਂ ਦਵਾਈ ਨਾ ਲਵੇ ਅਤੇ ਕੋਈ ਵੀ ਤਕਲੀਫ ਹੋਣ ਤੇ ਡਾਕਟਰ ਦੀ ਸਲਾਹ ਅਨੁਸਾਰ ਦੱਸੀ ਗਈ ਮਾਤਰਾ ਵਿੱਚ ਅਤੇ ਸੁਝਾਏ ਗਏ ਸਮੇਂ ਤੱਕ ਹੀ ਦਵਾਈ ਖਾਵੇ।  ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਦੱਸੀ ਗਈ ਮਾਤਰਾ ਅਤੇ ਸੁਝਾਏ ਗਏ ਸਮੇਂ ਤੋਂ ਵੱਧ ਸਮੇਂ ਤੱਕ ਦਵਾਈ ਦਾ ਸੇਵਨ ਖਤਰਨਾਕ ਹੋ ਸਕਦਾ ਹੈ। ਸੰਦੇਸ਼ ਦੇ ਅੰਤ ਵਿੱਚ ਉਨ੍ਹਾਂ ਕਿਹਾ ਕਿ ਦਰਦ ਨਿਵਾਰਕ,ਪੇਨ ਕਿੱਲਰ, ਐਂਟੀਬਾਇਓਟਿਕ ਅਤੇ ਸਟੀਰਾਇਡ ਦਵਾਈਆਂ ਦਾ ਮਨਮਰਜ਼ੀ ਨਾਲ ਇਸਤੇਮਾਲ ਮਨੁੱਖੀ ਸਰੀਰ  ਨੂੰ ਨਾ ਪੂਰਾ ਹੋਣ ਯੋਗ ਨੁਕਸਾਨ ਪਹੁੰਚਾ ਸਕਦਾ ਹੈ।

LEAVE A REPLY

Please enter your comment!
Please enter your name here