ਬਲਾਕ ਪੱਧਰੀ ਖੇਡ ਮੁਕਾਬਲੇ ਖਿਡਾਰੀਆਂ ਦੀ ਪ੍ਰਤਿਭਾ ਨਿਖਾਰਨ ‘ਚ ਹੋਣਗੇ ਸਹਾਈ: ਡਾ. ਤਰਲੋਕ ਸੰਧੂ

ਪਟਿਆਲਾ, (ਦ ਸਟੈਲਰ ਨਿਊਜ਼): ਬਾਸਕਟਬਾਲ ਓਲੰਪੀਅਨ ਡਾ. ਤਰਲੋਕ ਸਿੰਘ ਸੰਧੂ ਨੇ ਕਿਹਾ ਕਿ ਬਲਾਕ ਪੱਧਰੀ ਖੇਡ ਮੁਕਾਬਲੇ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਤੇ ਚੰਗੇ ਖਿਡਾਰੀਆਂ ਦੀ ਪਹਿਚਾਣ ਕਰਨ ਵਿੱਚ ਸਹਾਈ ਹੋਣਗੇ। ਡਾ. ਸੰਧੂ ਅੱਜ ਰਾਜਾ ਭਾਲਿੰਦਰ ਸਿੰਘ ਖੇਡ ਸਟੇਡੀਅਮ ਪੋਲੋ ਗਰਾਊਂਡ ਵਿਖੇ ਚੱਲ ਰਹੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਵਿਸ਼ੇਸ਼ ਤੌਰ ਉਤੇ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਲਈ ਅਤੇ ਚੰਗੇ ਖਿਡਾਰੀਆਂ ਦੀ ਪਹਿਚਾਣ ਕਰਨ ਲਈ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਉਣ ਦਾ ਜੋ ਫੈਸਲਾ ਲਿਆ ਗਿਆ ਹੈ ਇਸ ਦੇ ਭਵਿੱਖ ਵਿੱਚ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਸਰਕਾਰ ਵੱਲੋਂ ਕੀਤੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਸੇਧ ਦੇਣ ਲਈ ਇਹ ਕਦਮ ਸਮੇਂ ਦੀ ਲੋੜ ਸੀ ਤੇ ਇਸ ਉਪਰਾਲੇ ਨਾਲ ਨਵੀਂ ਪੀੜੀ ਵਿੱਚ ਨਵਾਂ ਜੋਸ਼ ਪੈਦਾ ਹੋਵੇਗਾ।

Advertisements

ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ਵਿੱਚ ਹੋਈਆਂ ਦੂਜੇ ਦਿਨ ਦੀਆਂ ਖੇਡਾਂ ਐਥਲੈਟਿਕਸ, ਵਾਲੀਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਰੱਸਾ ਕੱਸੀ ਤੇ ਫੁੱਟਬਾਲ ਗੇਮਾਂ ਵਿੱਚ ਵੱਖ-ਵੱਖ ਉਮਰ ਵਰਗ (ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਤੋਂ ਵੱਧ) ਦੇ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀਆਂ ਅਤੇ ਖਿਡਾਰਨਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਬਲਾਕ ਪਟਿਆਲਾ ਦਿਹਾਤੀ  ਵਿੱਚ ਐਥਲੈਟਿਕਸ ਗੇਮ ਅੰਡਰ-14 ਲੌਂਗ ਜੰਪ ਲੜਕਿਆਂ ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ,  ਅਭਿਨਵ ਜੋਸ਼ੀ ਨੇ ਦੂਜਾ ਸਥਾਨ ਅਤੇ ਦਵਿੰਦਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਗੇਮ ਵਿੱਚ ਅੰਡਰ-17 ਲੜਕਿਆਂ ਦੀ ਮਲਟੀਪਰਪਜ਼ ਸਕੂਲ ਦੀ ਟੀਮ ਨੇ ਨੰਦਪੁਰ ਕੇਸੋਂ ਸਕੂਲ ਦੀ ਟੀਮ ਨੂੰ 2-0 ਨਾਲ ਹਰਾਇਆ। ਖੋ-ਖੋ ਅੰਡਰ-21 ਤੋਂ 40 ਸਾਲ ਵੁਮੈਨ ਵਿੱਚ ਸਰਕਾਰੀ ਕਾਲਜ ਫਿਜ਼ੀਕਲ ਐਜੂਕੇਸ਼ਨ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਗੇਮ ਵਿੱਚ ਅੰਡਰ-17 ਲੜਕਿਆਂ ਦੀ ਮਲਟੀਪਰਪਜ਼ ਸਕੂਲ ਦੀ ਟੀਮ ਨੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਨੂੰ 2-1 ਨਾਲ ਹਰਾਇਆ।

ਇਸੇ ਤਰ੍ਹਾਂ ਬਲਾਕ ਭੁਨਰਹੇੜੀ ਵਿੱਚ ਅੰਡਰ-21 ਕਬੱਡੀ ਨੈਸ਼ਨਲ ਸਟਾਇਲ ਦੇਵੀਗੜ੍ਹ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ-21 ਐਥਲੈਟਿਕਸ ਲੌਂਗ ਜੰਪ ਵਿੱਚ ਆਂਚਲ ਨੇ ਪਹਿਲਾ ਸਥਾਨ, ਪਾਇਲ ਨੇ ਦੂਜਾ ਸਥਾਨ ਅਤੇ ਪਵਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਅੰਜਲੀ ਨੇ ਜੈਵਲਿਨ ਵਿੱਚ, ਰਾਜਵੀਰ ਕੌਰ ਨੇ ਸ਼ਾੱਟ ਪੁੱਟ, ਲਵਪ੍ਰੀਤ ਕੌਰ ਨੇ ਟ੍ਰਿਪਲ ਜੰਪ ਅਤੇ ਨੇਹਾ ਦੇਵੀ ਨੇ 5000 ਮੀਟਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਬਲਾਕ ਨਾਭਾ ਵਿੱਚ ਕਬੱਡੀ ਨੈਸ਼ਨਲ ਸਟਾਇਲ ਅੰਡਰ-17 ਲੜਕਿਆਂ ਵਿੱਚ ਦੰਦਰਾਲਾ ਸਪੋਰਟਸ ਕਲੱਬ ਨੇ ਸਰਕਾਰੀ ਹਾਈ ਸਕੂਲ ਬੀਨਾ ਹੇੜੀ ਨੂੰ 87-66 ਨਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੰਗੇੜਾ ਦੀ ਟੀਮ ਨੇ ਗੋਲਡਨ ਈਰਾ ਸਕੂਲ ਦੀ ਟੀਮ ਨੂੰ 58-32 ਨਾਲ ਅਤੇ ਸਰਕਾਰੀ ਹਾਈ ਸਕੂਲ ਥੂਹੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੌਜਾ ਨੂੰ 27-14 ਦੇ ਫ਼ਰਕ ਨਾਲ ਹਰਾਇਆ।

ਬਲਾਕ ਪਟਿਆਲਾ ਸ਼ਹਿਰੀ ਵਿੱਚ ਅੰਡਰ-17 ਵਾਲੀਬਾਲ ਲੜਕਿਆਂ ਵਿੱਚ ਮੈਣ ਸਕੂਲ ਨੇ ਪਹਿਲਾ ਸਥਾਨ, ਰਣਬੀਰਪੁਰਾ ਸਕੂਲ ਨੇ ਦੂਜਾ ਸਥਾਨ ਅਤੇ ਬੁੱਢਾ ਦਲ ਪਬਲਿਕ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 40 ਤੋਂ 50 ਸਾਲ ਮੈਨ ਵਿੱਚ ਪਰਮਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੌਂਗ ਜੰਪ ਲੜਕੀਆਂ ਵਿੱਚ ਸੋਨੀ ਦੇਵੀ ਨੇ ਪਹਿਲਾ ਸਥਾਨ, ਗੁਰਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਰੀਨਾ ਦੇਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

LEAVE A REPLY

Please enter your comment!
Please enter your name here