ਜ਼ਿਲ੍ਹਾ ਲਾਇਬ੍ਰੇਰੀ ਵਿਖੇ ਸਾਹਿਤਕਾਰਾਂ ਨੇ ਗੁਰਬਖਸ਼ ਜੱਸ ਨੂੰ ਕੀਤਾ ਯਾਦ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੀ ਧਰਤੀ ਸਾਹਿਤ ਅਤੇ ਸਾਹਿਤਕਾਰਾਂ ਲਈ ਬੜੀ ਜ਼ਰਖੇਜ਼ ਰਹੀ ਹੈ। ਇਸ ਧਰਤੀ ਨੇ ਸਾਹਿਤ ਦੇ ਖੇਤਰ ਵਿੱਚ ਅਨੇਕ ਅਣਮੁੱਲੇ ਮੋਤੀਆਂ ਨੂੰ ਜਾਇਆ। ਇਨ੍ਹਾਂ ਵਿੱਚੋਂ ਇੱਕ ਨਾਂ ਹੈ ਗੁਰਬਖ਼ਸ਼ ਜੱਸ ਦਾ, ਜਿਹੜਾ ਪਿਛਲੇ ਵਰ੍ਹੇ ਸਵਾਸਾਂ ਦੀ ਪੂੰਜੀ ਪੂਰੀ ਕਰ ਗਿਆ। ਗੁਰਬਖ਼ਸ਼ ਜੱਸ ਦੀ ਯਾਦ ਵਿੱਚ ਉਨ੍ਹਾਂ ਦੇ ਬੇਟੇ ਰਜਨੀਸ਼ ਜੱਸ ਵਲੋਂ ਰਾਹੁਲ ਵਿਚਾਰ ਮੰਚ ਨਾਲ ਮਿਲ ਕੇ ਜ਼ਿਲ੍ਹਾ ਲਾਇਬ੍ਰੇਰੀ ਹੁਸ਼ਿਆਰਪੁਰ ਵਿੱਚ ਇੱਕ ਸਮਾਗਮ ਰਚਾਇਆ ਗਿਆ, ਜਿਸ ਵਿੱਚ ਦੂਰੋਂ ਦੂਰੋਂ ਆਏ ਸਾਹਿਤਕਾਰਾਂ ਨੇ ਗੁਰਬਖ਼ਸ਼ ਜੱਸ ਨਾਲੇ ਗੁਜ਼ਾਰੇ ਪਲਾਂ ਅਤੇ ਉਨ੍ਹਾਂ ਦੀ ਸਾਹਿਤਕ ਘਾਲਣਾ ਨੂੰ ਯਾਦ ਕੀਤਾ। ਪਟਿਆਲਾ ਤੋਂ ਉਚੇਚੇ ਤੌਰ ਤੇ ਪਹੁੰਚੇ ਡਾ. ਲਕਸ਼ਮੀ ਨਰਾਇਣ ਭੀਖੀ ਨੇ ਗੁਰਬਖ਼ਸ਼ ਜੱਸ ਦੇ ਸਾਹਿਤਕ ਸਫਰ ਅਤੇ ਜੀਵਨ ਬਿਰਤਾਂਤ ਤੇ ਕਾਵਿ ਅਤੇ ਵਾਰਤਕ ਦੋਹਾਂ ਰੂਪਾਂ ’ਚ ਖੋਜ ਪੱਤਰ ਪੜ੍ਹਿਆ। ਉਨ੍ਹਾਂ ਦੱਸਿਆ ਕਿ ਮੌਲਿਕ ਪੁਸਤਕਾਂ ,  ਕਲਾ ਸਮਾਜ ਤੇ ਰਾਜਨੀਤੀ, ਹਿਮਾਇਤੀ, ਗਿਆਤ ਤੋਂ ਅਗਿਆਤ ਤੱਕ,  ਅਗਿਆਤ ਦੀ ਯਾਤਰਾ ਅਤੇ ਅਨੁਵਾਦਤ ਪੁਸਤਕਾਂ ਸੂਹੀ ਸਵੇਰ ਅਤੇ ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਦਾ ਪੰਜਾਬੀ ਸਾਹਿਤ ਜਗਤ ਵਿੱਚ ਬੜਾ ਮਿਆਰੀ ਰੁਤਬਾ ਹੈ।

Advertisements

ਉਨ੍ਹਾਂ ਕਿਹਾ ਕਿ ਉਸ ਬੰਦੇ ਦੀ ਭੁੱਖ ਕਿਤਾਬਾਂ ਤੇ ਬਸ ਕਿਤਾਬਾਂ ਸਨ। ਰਾਹੁਲ ਸੰਕਰਾਤਾਇਣ ਦੀਆਂ ਲਿਖਤਾਂ ਤੇ ਉਨ੍ਹਾਂ ਦਾ ਬਹੁਤ ਭਾਵਪੂਰਤ ਕੰਮ ਹੈ। ਜਿੰਦਗੀ ਦੇ 25 ਵਰ੍ਹੇ ਉਨ੍ਹਾਂ ਹਰਕਾਰਾ ਮੈਗਜ਼ੀਨ ਦੇ ਆਨਰੇਰੀ ਸੰਪਾਦਕ ਦੇ ਤੌਰ ਤੇ ਕੰਮ ਕੀਤਾ। ਡਾ.ਜਨਮੀਤ, ਡਾ. ਜਸਵੰਤ ਰਾਏ, ਮਦਨ ਵੀਰਾ, ਜਸਬੀਰ ਸਿੰਘ ਧੀਮਾਨ, ਧਰਮਪਾਲ ਸਾਹਿਲ ਅਤੇ ਪ੍ਰੋ. ਬਲਦੇਵ ਸਿੰਘ ਬੱਲੀ ਨੇ ਗੁਰਬਖ਼ਸ਼ ਜੱਸ ਹੁਰਾਂ ਨਾਲ ਗੁਜ਼ਾਰੇ ਪਲ ਅਤੇ ਉਨ੍ਹਾਂ ਦੀ ਵਿਦਵਤਾ ਦੇ ਬਹੁਤ ਸਾਰੇ ਪੱਖ ਹਾਜ਼ਰ ਦੋਸਤਾਂ ਨਾਲ ਸਾਂਝੇ ਕੀਤੇ।ਇਸ ਤੋਂ ਪਹਿਲਾਂ ਉਨ੍ਹਾਂ ਦੇ ਬੇਟੇ ਰਜਨੀਸ਼ ਜੱਸ ਨੇ ਐੱਲ.ਐੱਸ.ਡੀ. ਬਸੀ ਦੌਲਤ ਖਾਂ ਸਕੂਲ ਨੂੰ ਗੁਰਬਖ਼ਸ਼ ਜੱਸ ਦੇ ਨਾਂ ਤੇ ਇੱਕ ਅਲਮਾਰੀ ਤੇ ਸਾਹਿਤਕ ਕਿਤਾਬਾਂ ਦਾਨ ਕਰਕੇ ਪਿਤਾ ਜੀ ਦੇ ਕਿਤਾਬਾਂ ਅਤੇ ਅੱਖਰਾਂ ਰਾਹੀਂ ਰੋਸ਼ਨੀ ਫੈਲਾਉਣ ਦੇ ਕੰਮ ਨੂੰ ਅਮਲੀ ਰੂਪ ਦਿੱਤਾ। ਧੰਨਵਾਦੀ ਸ਼ਬਦ ਡਾ. ਜਸਵੰਤ ਰਾਏ ਜ਼ਿਲ੍ਹਾ ਖੋਜ ਅਫ਼ਸਰ ਨੇ ਆਖੇ। ਇਸ ਮੌਕੇ ਅਮਰੀਕ ਡੋਗਰਾ, ਨਰਿੰਦਰ ਸੱਤੀ, ਬਲਦੇਵ ਕਿਸ਼ੋਰ ਜਲੰਧਰ, ਤਜਿੰਦਰ ਸਿੰਘ, ਮਨਦੀਪ ਸਿੰਘ ਟਾਂਡਾ, ਜਤਿੰਦਰ ਸੈਣੀ, ਸੰਦੀਪ ਕੁਮਾਰ, ਜਸਬੀਰ ਬੇਗ਼ਮਪੁਰੀ ਅਤੇ ਹੋਰ ਸਾਹਿਤਕਾਰ ਹਾਜ਼ਰ ਸਨ।

LEAVE A REPLY

Please enter your comment!
Please enter your name here