ਸਾਬਕਾ ਡਿਪਟੀ ਡਾਇਰੈਕਟਰ ਸੁਰਿੰਦਰ ਮੋਹਨ ਅਤੇ ਕਲਾਕਾਰ ਪ੍ਰਸ਼ੋਤਮ ਦਾਸ ਨੂੰ ਵਿਭਾਗ ਦੇ ਸਾਬਕਾ ਦੇ ਮੌਜੂਦਾ ਸਟਾਫ਼ ਨੇ ਦਿੱਤੀ ਸ਼ਰਧਾਂਜਲੀ

ਪਟਿਆਲਾ(ਦ ਸਟੈਲਰ ਨਿਊਜ਼): ਲੋਕ ਸੰਪਰਕ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਸਵਰਗੀ ਸੁਰਿੰਦਰ ਮੋਹਨ ਸਿੰਘ ਅਤੇ ਕਲਾਕਾਰ ਸਵਰਗੀ ਪ੍ਰਸ਼ੋਤਮ ਦਾਸ ਨੂੰ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਵਿਖੇ ਲੋਕ ਸੰਪਰਕ ਵਿਭਾਗ ਦੇ ਸਾਬਕਾ ਤੇ ਮੌਜੂਦਾ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਅਤੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਕੇ ਦੋ ਮਿੰਟ ਦਾ ਮੌਨ ਰੱਖਿਆ ਗਿਆ।
ਇਸ ਮੌਕੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਉਜਾਗਰ ਸਿੰਘ ਨੇ ਸਵਰਗੀ ਸੁਰਿੰਦਰ ਮੋਹਨ ਸਿੰਘ ਅਤੇ ਕਲਾਕਾਰ ਸਵਰਗੀ ਪ੍ਰਸ਼ੋਤਮ ਦਾਸ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਆਖਿਆ ਕਿ ਆਪਣੇ ਕੰਮ ਵਿਚ ਮੁਹਾਰਤ ਰੱਖਣ ਵਾਲੇ ਇਨ੍ਹਾਂ ਵਿਅਕਤੀਆਂ ਦੇ ਜਾਣ ਨਾਲ ਨਾ ਕੇਵਲ ਪਰਿਵਾਰ ਨੂੰ ਸਗੋਂ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸਵ: ਸੁਰਿੰਦਰ ਮੋਹਨ ਸਿੰਘ ਨੇ ਲੋਕ ਸੰਪਰਕ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦੌਰਾਨ ਵਿਭਾਗ ਵਿਚ ਬਿਹਤਰੀਨ ਕਾਰਗੁਜ਼ਾਰੀ ਦਿਖਾਉਂਦੇ ਹੋਏ ਮੀਡੀਆ ਤੇ ਸਰਕਾਰ ਵਿਚਕਾਰ ਇਕ ਕੜੀ ਦਾ ਕੰਮ ਕੀਤਾ ਅਤੇ ਸਰਕਾਰਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰੇਕ ਲੋੜਵੰਦ ਤੱਕ ਪੁੱਛਦਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇ। ਕਲਾਕਾਰ ਵਜੋਂ ਲੰਮਾ ਸਮਾਂ ਵਿਭਾਗ ਵਿੱਚ ਸੇਵਾਵਾਂ ਨਿਭਾਉਣ ਵਾਲੇ ਸਵਰਗੀ ਪ੍ਰਸ਼ੋਤਮ ਦਾਸ ਵੱਲੋਂ ਕੀਤੇ ਗਏ ਕੰਮ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਬਿਹਤਰੀਨ ਕਲਾਕਾਰ ਦੇ ਚੰਗਾ ਇਨਸਾਨ ਹੋਣ ਦੇ ਨਾਲ ਨਾਲ ਉਨ੍ਹਾਂ ਹਮੇਸ਼ਾ ਹੀ ਅੱਗੇ ਵਧ ਕੇ ਕੰਮ ਕੀਤਾ।
ਆਲ ਇੰਡੀਆ ਰੇਡੀਓ ਪਟਿਆਲਾ ਦੇ ਸਾਬਕਾ ਸਟੇਸ਼ਨ ਡਾਇਰੈਕਟਰ ਅਮਰਜੀਤ ਸਿੰਘ ਵੜੈਚ ਨੇ ਕਿਹਾ ਸਵ: ਸੁਰਿੰਦਰ ਮੋਹਨ ਸਿੰਘ ਇਕ ਆਦਰਸ਼ ਲੋਕ ਸੰਪਰਕ ਅਧਿਕਾਰੀ ਸਨ ਜਿਨ੍ਹਾਂ ਨੇ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ। ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੁਰਜੀਤ ਸਿੰਘ ਸੈਣੀ ਨੇ ਸਵਰਗੀ ਸੁਰਿੰਦਰ ਮੋਹਨ ਸਿੰਘ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਨਿਭਾਈਆਂ ਸੇਵਾਵਾਂ ਅਤੇ ਖਾਸ ਕਰ ਪਟਿਆਲਾ ਵਿਖੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੇ ਕਾਰਜਕਾਲ ਨੂੰ ਯਾਦ ਕਰਦਿਆਂ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ।
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ ਨੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਲੋਕ ਸੰਪਰਕ ਦੇ ਸਾਬਕਾ ਅਧਿਕਾਰੀ ਤੇ ਕਰਮਚਾਰੀ ਵਿਭਾਗ ਦਾ ਸਰਮਾਇਆ ਹੁੰਦੇ ਹਨ ਅਤੇ ਦੋਹਾਂ ਦੇ ਚਲਾਣੇ ਨਾਲ ਵਿਭਾਗ ਨੂੰ ਵੀ ਵੱਡਾ ਘਾਟਾ ਪਿਆ ਹੈ। ਇਸ ਮੌਕੇ ਸਾਬਕਾ ਸਹਾਇਕ ਲੋਕ ਸੰਪਰਕ ਅਫ਼ਸਰ ਅਸ਼ੋਕ ਸ਼ਰਮਾ, ਸ਼ਾਮ ਸੁੰਦਰ ਤੇ ਪਰਮਜੀਤ ਕੌਰ, ਮੌਜੂਦਾ ਏ.ਪੀ.ਆਰ.ਓ. ਹਰਦੀਪ ਸਿੰਘ ਤੇ ਜਸਤਰਨ ਸਿੰਘ, ਦਫ਼ਤਰੀ ਅਮਲਾ ਵੀਨਾ, ਅਮਨਪ੍ਰੀਤ ਕੌਰ, ਨਵਲ ਕਿਸ਼ੋਰ, ਬਲਜਿੰਦਰ ਸਿੰਘ, ਜੀ.ਆਰ. ਕੁਮਰਾ, ਰਜਿੰਦਰ ਸਿੰਘ ਵਿਰਕ, ਸਮਰਿਤੀ ਜਿੰਦਲ, ਬਿਮਲ ਕੁਮਾਰ, ਰਜਿੰਦਰ ਕੁਮਾਰ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here