ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ: ਡੀਸੀ

ਫਿਰੋਜ਼ਪੁਰ,(ਦ ਸਟੈਲਰ ਨਿਊਜ਼)। ਨਸ਼ਿਆਂ ਵਾਂਗ ਭ੍ਰਿਸ਼ਟਾਚਾਰ ਵੀ ਸਮਾਜਿਕ ਅਲਾਮਤ ਹੈ ਜਿਸ ਦੇ ਖਾਤਮੇ ਲਈ ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ ਹੈ ਤਾਂ ਜੋ ਇਸ ਅਲਾਮਤ ਨੂੰ ਖ਼ਤਮ ਕਰਕੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੈਡਮ ਅਮ੍ਰਿਤ ਸਿੰਘ ਆਈ.ਏ.ਐਸ. ਨੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਪੱਧਰੀ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਜਾਗਰੂਕਤਾ ਸਮਾਗਮ ਵਿੱਚ ਐਸ.ਪੀ.(ਡੀ) ਗੁਰਮੀਤ ਸਿੰਘ ਚੀਮਾ, ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ, ਡੀ.ਐਸ.ਪੀ. ਵਿਜੀਲੈਂਸ ਫਿਰੋਜ਼ਪੁਰ ਯੁਨਿਟ ਕੇਵਲ ਕ੍ਰਿਸ਼ਨ ਅਤੇ ਰਜਿਸਟਰਾਰ ਐਸ.ਬੀ.ਐਸ. ਯੂਨੀਵਰਸਿਟੀ ਗਜ਼ਲਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Advertisements

ਡਿਪਟੀ ਕਮਿਸ਼ਨਰ ਮੈਡਮ ਅਮ੍ਰਿਤ ਸਿੰਘ ਨੇ ਕਿਹਾ ਕਿ ਅੱਜ ਦਾ ਸਮਾਗਮ ਬਹੁਤ ਹੀ ਅਹਿਮ ਹੈ ਅਤੇ ਇਸ ਸਮਾਗਮ ਵਿੱਚ ਹਾਜ਼ਰ ਸਾਨੂੰ ਸਾਰਿਆਂ ਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਅਤੇ ਹੋਰ ਸਮਾਜਿਕ ਅਲਾਮਤਾਂ ਦੇ ਖਾਤਮੇ ਲਈ ਮਿਲ ਕੇ ਕੰਮ ਕਰਾਂਗੇ ਤਾਂ ਜੋ ਨਰੋਏ ਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਪਤਾਹ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਨਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।

ਸੈਮੀਨਾਰ ਦੌਰਾਨ ਐਸ.ਐਸ.ਪੀ. ਵਿਜੀਲੈਂਸ ਸ. ਗੁਰਮੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਵੱਲੋਂ ਮਿਤੀ 31 ਅਕਤੂਬਰ ਤੋਂ 06 ਨਵੰਬਰ,  2022 ਤੱਕ ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਨ ਲਈ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਵਿਜੀਲੈਂਸ ਬਿਊਰੋ ਦੇ ਕੰਮ ਕਰਨ ਦੇ ਢੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਹਮੇਸ਼ਾ ਸਮੂਹ ਵਿਭਾਗਾਂ ਤੇ ਕਾਰਪੋਰੇਸ਼ਨਾਂ ‘ਤੇ ਨਿਗਾਹ ਰੱਖਦਾ ਹੈ ਅਤੇ ਇਹ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਜੇਕਰ ਉਸ ਨੂੰ ਭ੍ਰਿਸ਼ਟਾਚਾਰ ਦੀ ਕੋਈ ਭਿਣਕ ਲੱਗਦੀ ਹੈ ਜਾਂ ਕਿਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਹੁੰਦੀ ਹੈ ਤਾਂ ਉਸੇ ਵੇਲੇ ਹੀ ਵਿਜੀਲੈਂਸ ਨੂੰ ਸੂਚਿਤ ਕਰੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਬਲਿਕ ਗਰੀਵੀਐਂਨਸਿਸ ਰਿਡਰੈਂਸਲ ਸਿਸਟਮ (ਪੀ.ਜੀ.ਆਰ.ਐਸ) ਪੋਰਟਲ ਬਣਾਇਆ ਗਿਆ ਹੈ ਜਿਸ ‘ਤੇ ਭ੍ਰਿਸ਼ਟਾਚਾਰ ਸਬੰਧੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਨ੍ਹਾਂ ਟੋਲ ਫ਼ਰੀ ਨੰਬਰ 1800-1800-1000 ਤੇ ਐਂਟੀ ਕਰੱਪਸ਼ਨ ਐਕਸ਼ਨ ਲਾਈਨ 95012-00200 ਸ਼ੇਅਰ ਕਰਦਿਆਂ ਦੱਸਿਆ ਕਿ ਇਸ ਨੰਬਰ ‘ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦਫ਼ਤਰ ਨੂੰ ਜਾਣੂ ਕਰਵਾਉਣ ਤਾਂ ਹੀ ਇਸ ‘ਤੇ ਨਕੇਲ ਪਾਈ ਜਾ ਸਕਦੀ ਹੈ। ਉਨ੍ਹਾਂ ‘ਭ੍ਰਿਸ਼ਟਾਚਾਰ ਮੁਕਤ ਭਾਰਤ ਵਿਕਸਿਤ ਭਾਰਤ‘ ਦੇ ਨਾਅਰੇ ਨਾਲ ਸਮਾਗਮ ਵਿੱਚ ਹਾਜ਼ਰ ਸਮੂਹ ਅਧਿਕਾਰੀਆਂ, ਕਰਮਚਾਰੀਆਂ, ਕਾਲਜ ਦੇ ਵਿਦਿਆਰਥੀਆਂ ਤੇ ਹੋਰਨਾਂ ਨੂੰ ਭ੍ਰਿਸ਼ਟਾਚਾਰ ਮੁਕਤ ਭਾਰਤ ਸਿਰਜਨ ਵਿੱਚ ਆਪਣਾ-ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

      ਇਸ ਮੌਕੇ ਐਸ.ਬੀ.ਐਸ. ਸਟੇਟ ਟੈਕਨੀਕਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਰਸ਼ਦੀਪ, ਦੀਪ ਕੌਰ, ਤੁਸ਼ਾਰ ਅਤੇ ਅਨੀਸ਼ਾ ਵੱਲੋਂ ਵੀ ਭ੍ਰਿਸ਼ਟਾਚਾਰ ਮੁਕਤ ਭਾਰਤ ਸਿਰਜਨ ਲਈ ਅਤੇ ਮੌਜੂਦਾ ਸਥਿਤੀਆਂ ਅਤੇ ਸਮਾਧਾਨ ਬਾਰੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਮਾਗਮ ਦੀ ਸ਼ੁਰੂਆਤ ਯੂਨੀਵਰਸਿਟੀ ਦੀ ਵਿਦਿਆਰਥਣ ਜਸਵਿੰਦਰ ਕੌਰ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ।  ਇਸ ਮੌਕੇ ਇੰਸਪੈਕਟਰ ਵਿਜੀਲੈਂਸ ਬਿਊਰੋ ਜਗਨਦੀਪ ਕੌਰ ਅਤੇ ਲਵਮੀਤ ਕੌਰ, ਟਰੈਫਿਕ ਇੰਸਪੈਕਟਰ ਪੁਸ਼ਪਿੰਦਰਪਾਲ ਸਿੰਘ, ਲੋਕ ਸੰਪਰਕ ਅਫ਼ਸਰ ਐਸ.ਬੀ.ਐਸ ਕਾਲਜ  ਯਸ਼ਪਾਲ, ਨੋਡਲ ਅਫ਼ਸਰ ਰੈਡ ਰਿਬਨ ਕਲੱਬ ਸ. ਗੁਰਪ੍ਰੀਤ ਸਿੰਘ, ਪ੍ਰੋਗਰਾਮ ਅਫ਼ਸਰ ਐਨ.ਐਸ.ਐਸ. ਪਾਲੀ ਵਿੰਗ ਸਹਾਇਕ ਪ੍ਰੋਫੈਸਰ ਸ. ਗੁਰਜੀਵਨ ਸਿੰਘ, ਐਚ.ਓ.ਡੀ. ਮਕੈਨੀਕਲ ਇਜੀ.ਪਾਲੀ ਵਿੰਗ ਡਾ. ਕਮਲ ਖੰਨਾ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here