ਉਸਤਾਦ ਜਾਵਾਦ ਅਲੀ ਖ਼ਾਨ ਦੀ ਗਾਇਕੀ ਨੇ ਖ਼ੂਬਸੂਰਤ ਬਣਾਈ ਸ਼ਾਸਤਰੀ ਸੰਗੀਤ ਦੀ ਆਖਰੀ ਸ਼ਾਮ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਹੈਰੀਟੇਜ ਫੈਸਟੀਵਲ-2023 ਤਹਿਤ ਅੱਜ ਇਥੇ ਵਿਰਾਸਤੀ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁਲ੍ਹੇ ਵਿਹੜੇ ਵਿਚ ਸ਼ਾਸਤਰੀ ਸੰਗੀਤ ਦੀ ਤੀਸਰੀ ਤੇ ਆਖਰੀ ਸ਼ਾਮ ਮੌਕੇ ਕਸੂਰ-ਪਟਿਆਲਾ ਘਰਾਣਾ ਦੇ ਚੌਮੁਖੀਏ ਗਵੱਈਏ ਉਸਤਾਦ ਜਾਵਾਦ ਅਲੀ ਖ਼ਾਨ ਨੇ ਸ਼ਾਸ਼ਤਰੀ ਗਾਇਨ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਜਦੋਂਕਿ ਨ੍ਰਿਤ ਕੱਥਕ ਤੋਂ ਨਾਚ ਦੀ ਆਪਣੀ ਹੀ ਵਿਲੱਖਣ ਵਿਧਾ ਸਿਰਜਣ ਵਾਲੀ ਪੰਜਾਬੀ ਸੂਫ਼ੀ ਕਥਕ ਡਾਂਸਰ ਮੰਜ਼ੁਰੀ ਚਤੁਰਵੇਦੀ ਨੇ ‘ਓ ਜੁਗਨੀ ਪੰਜਾਬ ਦੀ’ ‘ਤੇ ਆਪਣੀ ਦਿਲਕਸ਼ ਪੇਸ਼ਕਾਰੀ ਕਰਕੇ ਨੇ ਇਸ ਸ਼ਾਸ਼ਤਰੀ ਸੰਗੀਤ ਦੀ ਸ਼ਾਮ ਨੂੰ ਸਿਖ਼ਰਾਂ ‘ਤੇ ਪਹੁੰਚਾ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਡਾ. ਨਿਵੇਦਿਤਾ ਸਿੰਘ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ। ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਵਿਸ਼ੇਸ਼ ਤੌਰ ‘ਤੇ ਪੁੱਜੇ।
ਅੱਜ ਦੀ ਇਸ ਸੰਗੀਤਮਈ ਸ਼ਾਮ ਸਮੇਂ ‘ਬੜੇ ਗੁਲਾਮ ਅਲੀ ਖ਼ਾਨ ਸਾਹਿਬ’ ਦੇ ਪੋਤਰੇ ਉਸਤਾਦ ਜਾਵਾਦ ਅਲੀ ਖ਼ਾਨ ਨੇ ਕਾਮੋਦ ਰਾਗ ਤੋਂ ਸ਼ੁਰੂ ਕਰਕੇ ‘ਪੀ ਕੀ ਸੁਰਤੀਆ ਮੇਰੇ ਮਨ ਭਾਏ’ ਤੋਂ ਬਾਅਦ ਹਮੀਰ ਕੇਦਾਰ ਰਾਗ ‘ਚ ਬੰਦਿਸ਼ਾਂ ਪੇਸ਼ ਕੀਤੀਆਂ। ਉਨ੍ਹਾਂ ਨੇ ਪਟਿਆਲਾ ਘਰਾਣੇ ਨਾਲ ਸਬੰਧਤ ਬੰਦਿਸ਼ਾਂ ‘ਆਇਆ ਨੀ ਸਾਵਨ ਆਇਆ, ਸਾਡੇ ਵਿਹੜੇ ਖੁਸ਼ੀਆਂ ਲਿਆਇਆ’ ਆਦਿ ਗਾਈਆਂ ਤੇ ਆਪਣੇ ਪੁਰਖਿਆਂ ਦੀ ਪਟਿਆਲਾ ਨਾਲ ਸਾਂਝ ਤੇ ਸ਼ੇਰਾਂ ਵਾਲਾ ਗੇਟ ਵਿਖੇ ਰਹਿਣ ਦਾ ਖਾਸ ਜ਼ਿਕਰ ਕੀਤਾ। ਜਾਵਾਦ ਅਲੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਕਿ ਉਨ੍ਹਾਂ ਨੇ ਆਪਣੀ ਧਰਤੀ ਪਟਿਆਲਾ ਵਿਖੇ ਆਕੇ ਅੱਜ ਕੁਝ ਗਾਇਆ ਹੈ। ਉਨ੍ਹਾਂ ਨਾਲ ਤਬਲੇ ‘ਤੇ ਨਿਸ਼ਾਂਤ ਅਲੀ ਖਾਨ ਤੇ ਹਰਮੋਨੀਅਮ ‘ਤੇ ਤਰੁਣ ਜੋਸ਼ੀ, ਤਾਨਪੁਰਾ ਤੇ ਧੀਰਜ ਤੇ ਜਗਜੀਤ ਸਿੰਘ ਨੇ ਸਾਥ ਨਿਭਾਇਆ।
ਸਮਾਰੋਹ ਦੇ ਅਖ਼ੀਰ ‘ਚ ਪ੍ਰੰਪਰਿਕ ਨਾਚਾਂ ‘ਤੇ ਖੋਜ ਕਰਕੇ ਆਪਣੇ ਖ਼ੁਦ ਦੀ ਬਣਾਈ ਸ਼ੈਲੀ ‘ਚ ਨਾਚ ਕਰਨ ਵਾਲੀ ਪ੍ਰਸਿੱਧ ਨਰਤਕੀ ਮੰਜੁਰੀ ਚਤੁਰਵੇਦੀ ਨੇ ਦਰਸ਼ਕਾਂ ਨੂੰ ਝੂਮਣ ‘ਤੇ ਮਜ਼ਬੂਰ ਕੀਤਾ। ਸੂਫ਼ੀ ਕੱਥਕ ਫਾਊਂਡੇਸ਼ਨ ਦੀ ਸੰਸਥਾਪਕ ਚਤੁਰਵੇਦੀ ਨੇ ਆਪਣੇ ਨਾਚ ਨਾਲ ਦਰਸ਼ਕਾਂ ਨੂੰ ਇਕਮਿਕ ਕਰਦਿਆਂ ‘ਓ ਜੁਗਨੀ ਪੰਜਾਬ ਦੀ’ ਪੰਜਾਬ ਦੀਆਂ ਔਰਤਾਂ ਦੀਆਂ ‘ਤੇ ਵਿਸ਼ੇਸ਼ ਸੂਫ਼ੀ ਨਾਚ ਦੀ ਪੇਸ਼ਕਾਰੀ ਕੀਤੀ। ਉਨ੍ਹਾਂ ਦੇ ਨਾਲ ਮਧੁਰ ਸੰਗੀਤ ਪੇਸ਼ ਕਰਦਿਆਂ ਅੰਮ੍ਰਿਤਸਰ ਦੇ ਕਵਾਲ ਉਸਤਾਦ ਰਾਂਝਣ ਅਲੀ ਨੇ ਸੂਫ਼ੀ ਡਾਂਸ ਦੀ ਪੇਸ਼ਕਾਰੀ ਲਈ ਸੂਫ਼ੀ ਕਵਾਲੀਆਂ ਗਾਈਆਂ।
ਮਜ਼ੁਰੀ ਚਤੁਰਵੇਦੀ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੇ ਹਮੇਸ਼ਾ ਹੀ ਮੋਹਰੀ ਭੂਮਿਕਾ ਨਿਭਾਈ ਹੈ ਪਰੰਤੂ ਅਫ਼ਸੋਸ ਹੈ ਕਿ ਅੱਜ-ਕੱਲ੍ਹ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲੇ ਪੰਜਾਬ ‘ਚ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਜੁਗਨੀ ਬਣਕੇ ਕੁਝ ਵੀ ਕਹਿ ਸਕਦੀਆਂ ਹਨ ਤੇ ਕਿਤੇ ਵੀ ਜਾ ਸਕਦੀਆਂ ਹਨ, ਇਸੇ ਲਈ ਉਨ੍ਹਾਂ ਨੇ ਕੋਵਿਡ ਬਾਅਦ ਜੁਗਨੀ ਨਾਮ ਦੀ ਇਹ ਵਿਸ਼ੇਸ਼ ਪੇਸ਼ਕਾਰੀ ਤਿਆਰ ਕੀਤੀ ਤਾਂ ਕਿ ਪੰਜਾਬ ਦੀ ਅਮੀਰ ਵਿਰਾਸਤ, ਸੂਫ਼ੀ, ਹੀਰ ਰਾਂਝਾ, ਸੋਹਣੀ ਤੇ ਵਿਦੇਸ਼ਾਂ ‘ਚ ਗਏ ਪੰਜਾਬੀਆਂ ਦੀਆਂ ਪਤਨੀਆਂ ਦੀ ਦੇਣ ਨੂੰ ਯਾਦ ਕੀਤਾ ਜਾ ਸਕੇ। ਇਸ ਸ਼ਾਸਤਰੀ ਸੰਗੀਤ ਸ਼ਾਮ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਡਾ. ਨਿਵੇਦਿਤਾ ਸਿੰਘ ਜਿੱਥੇ ਖ਼ੁਦ ਸੰਗੀਤਕ ਪੇਸ਼ਕਾਰੀ ਦਿੱਤੀ ਉਥੇ ਹੀ ਤਿੰਨੇ ਦਿਨ ਲਗਾਤਾਰ ਮੰਚ ਸੰਚਾਲਨ ਕਰਕੇ ਸ਼ਾਸਤਰੀ ਗਾਇਕੀ ਬਾਬਤ ਤੇ ਵਡਮੁੱਲੀ ਜਾਣਕਾਰੀ ਵੀ ਦਰਸ਼ਕਾਂ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਦੇ ਨਾਲ ਤਬਲੇ ‘ਤੇ ਜੈਦੇਵ ਤੇ ਹਰਮੋਨੀਅਤ ‘ਤੇ ਤਰੁਣ ਜੋਸ਼ੀ ਤੇ ਤਾਨਪੁਰੇ ‘ਤੇ ਕਮਲਜੀਤ ਕੌਰ ਤੇ ਕਵਿਤਾ ਸ਼ਰਮਾ ਨੇ ਸੰਗਤ ਕੀਤੀ।
ਇਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਿਰਕਤ ਕੀਤੀ ਤੇ ਕਿਹਾ ਕਿ ਭਾਰਤੀ ਸੰਗੀਤ ਪ੍ਰੰਪਰਾ ਸਦੀਆਂ ਪੁਰਾਣੀ ਹੈ ਪਰੰਤੂ ਸਾਡੀ ਅੱਜ ਦੀ ਪੀੜ੍ਹੀ ਇਸ ਤੋਂ ਦੂਰ ਹੋ ਰਹੀ ਹੈ ਪਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਦਾ ਇਹ ਚੰਗਾ ਉਪਰਾਲਾ ਕੀਤਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਜਿਹੇ ਯਤਨ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਹਾਈ ਹੋਣਗੇ। ਇਸ ਦੌਰਾਨ ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤੇ ਮੇਜਰ ਆਦਰਸ਼ਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਰੁਪਿੰਦਰ ਕੌਰ ਸੈਣੀ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਪਤਨੀ ਸਿਮਰਤ ਕੋਹਲੀ, ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਧਰਮ ਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਟਰਸਟੀ ਅਨੀਤਾ ਸਿੰਘ, ਅਨੀਤਾ ਸਾਹਨੀ ਤੇ ਸੁਨੀਲ ਸਾਹਨੀ, ਕਰਨਲ ਜੇਵਿੰਦਰ ਸਿੰਘ, ਪਰਦੀਪ ਜੋਸ਼ਨ, ਬਲਵਿੰਦਰ ਸੈਣੀ, ਡਾ. ਹਰੀਸ਼ ਕਾਂਤ, ਸ਼ੈਲਜਾ ਖੰਨਾ, ਏ.ਡੀ.ਸੀ. ਗੌਤਮ ਜੈਨ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਏ.ਈ.ਟੀ.ਸੀ. ਕੰਨੂ ਗਰਗ ਹਿਸਟੋਰੀਅਨ ਸਿਮਰ ਸਿੰਘ, ਭਾਈ ਸਾਹਿਬ ਦਿਲਾਵਰ ਸਿੰਘ ਬਾਗੜੀਆਂ ਸਮੇਤ ਪਟਿਆਲਾ ਵਾਸੀ ਤੇ ਸੰਗੀਤ ਪ੍ਰੇਮੀਆਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕਰਕੇ ਦੇਰ ਰਾਤ ਤੱਕ ਸ਼ਾਸ਼ਤਰੀ ਗਾਇਕੀ ਤੇ ਕਲਾਸੀਕਲ ਡਾਂਸ ਦਾ ਅਨੰਦ ਮਾਣਿਆ।

Advertisements

LEAVE A REPLY

Please enter your comment!
Please enter your name here