ਖਸਰਾ ਤੇ ਰੁਬੇਲਾ ਦੇ ਮੁਕੰਮਲ ਖਾਤਮੇ ਲਈ 20 ਤੋਂ 25 ਮਾਰਚ ਤੱਕ ਮਨਾਇਆ ਜਾਵੇਗਾ ਵਿਸ਼ੇਸ਼ ਟੀਕਾਕਰਨ ਹਫ਼ਤਾ: ਕੋਮਲ ਮਿੱਤਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਖਸਰਾ ਤੇ ਰੁਬੇਲਾ ਨੂੰ ਇਸ ਸਾਲ ਦੇ ਅੰਤ ਤੱਕ ਖਤਮ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਵਿਉਂਤਬੰਦੀ ਹਿੱਤ ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਸਿਹਤ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵਲੋਂ ਨਿਰਧਾਰਤ ਟੀਚਿਆਂ ਤਹਿਤ ਦੂਜੇ ਗੇੜ ਵਿਚ ਖਸਰਾ ਅਤੇ ਰੁਬੇਲਾ ਦੇ ਮੁਕੰਮਲ ਖਾਤਮੇ ਲਈ 20 ਤੋਂ 25 ਮਾਰਚ ਤੱਕ ਵਿਸ਼ੇਸ਼ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਟੀਕਾਕਰਨ ਹਫ਼ਤੇ ਦਾ ਮੁੱਖ ਮਕਸਦ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਟੀਕਾਕਰਨ ਹਫ਼ਤੇ ਤਹਿਤ ਉਚ ਜ਼ੋਖਮ ਵਾਲੀ ਪ੍ਰਵਾਸੀ ਆਬਾਦੀ, ਝੁੱਗੀ-ਝੌਂਪੜੀਆਂ ਅਤੇ ਇੱਟਾਂ ਦੇ ਭੱਠਿਆਂ ਆਦਿ ’ਤੇ ਰਹਿਣ ਵਾਲੇ ਲੋਕਾਂ ਅਤੇ ਜਿਹੜੇ ਖੇਤਰਾਂ ਜਾਂ ਪਿੰਡਾਂ ਵਿਚ ਸਰਕਾਰੀ ਸਿਹਤ ਸਹੂਲਤਾਂ ਨਹੀਂ ਹਨ, ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

Advertisements

ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਟੀਕਾਕਰਨ ਮੁਹਿੰਮ ਨੂੰ ਅਸਰਦਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖਸਰਾ ਤੇ ਰੁਬੇਲਾ ਦੇ ਟੀਕਾਕਰਨ ਤੋਂ ਵਾਂਝੇ ਬੱਚਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਟੀਕਾਕਰਨ ਪੂਰਾ ਕੀਤਾ ਜਾਵੇ। ਇਸੇ ਤਰ੍ਹਾਂ ਉਨ੍ਹਾਂ ਸਬੰਧਤ ਹੋਰਨਾਂ ਵਿਭਾਗਾਂ ਨੂੰ ਵੀ ਆਦੇਸ਼ ਦਿੱਤੇ ਕਿ ਉਹ ਇਸ ਮੁਹਿੰਮ ਵਿਚ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਦਾ ਟੀਕਾਕਰਨ ਨਹੀਂ ਹੋਇਆ ਜਾਂ ਕੋਈ ਟੀਕਾਕਰਨ ਖੁਰਾਕ ਰਹਿ ਗਈ ਹੈ, ਤਾਂ ਉਹ ਉਪਰੋਕਤ ਹਫ਼ਤੇ ਵਿਚ ਨੇੜੇ ਦੀ ਸਿਹਤ ਸੰਸਥਾ ਵਿਖੇ ਜਾ ਕੇ ਟੀਕਾਕਰਨ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣਾ ਸਿਹਤ ਵਿਭਾਗ ਦਾ ਮੁਢਲਾ ਫਰਜ਼ ਹੈ, ਪਰ ਇਸ ਕਾਰਜ ਵਿਚ ਮਾਪਿਆਂ ਦਾ ਜਾਗਰੂਕ ਰਹਿਣਾ ਵੀ ਬਹੁਤ ਜ਼ਰੂਰੀ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਦੱਸਿਆ ਕਿ ਖਸਰਾ ਤੇ ਰੁਬੇਲਾ ਵਾਇਰਸ ਨਾਲ ਹੋਣ ਵਾਲਾ ਇਕ ਰੋਗ ਹੈ ਅਤੇ ਬੁਖਾਰ ਨਾਲ ਸਰੀਰ ’ਤੇ ਦਾਣੇ ਪੈਣੇ ਇਸ ਦਾ ਮੁੱਖ ਲੱਛਣ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਚਾਅ ਲਈ 9 ਅਤੇ 18 ਮਹੀਨੇ ਦੀ ਉਮਰ ਵਿਚ ਕ੍ਰਮਵਾਰ 2 ਟੀਕੇ ਲਗਵਾਏ ਜਾਣੇ ਚਾਹੀਦੇ ਹਨ। ਪਰੰਤੂ ਜੇਕਰ ਕਿਸੇ ਵਿਸ਼ੇਸ਼ ਹਾਲਾਤ ਵਿਚ ਇਹ ਟੀਕੇ ਨਹੀਂ ਲੱਗੇ ਤਾਂ ਵੱਧ ਤੋਂ ਵੱਧ 5 ਸਾਲ ਦੀ ਉਮਰ ਵਿਚ ਲਗਾਏ ਜਾ ਸਕਦੇ ਹਨ। ਇਸ ਮੌਕੇ ਐਸ.ਡੀ.ਐਮ ਦਸੂਹਾ ਓਜਸਵੀ ਅਲੰਕਾਰ, ਐਸ.ਪੀ ਮਨਜੀਤ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਤੋਂ ਇਲਾਵਾ ਸਿਹਤ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here