ਪੀਏਯੂ ਦੀ ਫਾਰਮ ਸਲਾਹਕਾਰ ਸੇਵਾ ਟੀਮ ਵੱਲੋਂ ਬਕੈਣ ਵਾਲਾ ਵਿਚ ਕਿਸਾਨ ਸਿਖਲਾਈ ਕੈਂਪ

ਫਾਜਿ਼ਲਕਾ, (ਦ ਸਟੈਲਰ ਨਿਊਜ਼):  ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੀ ਫਾਰਮ ਸਲਾਹਕਾਰ ਸੇਵਾ ਦੀ ਟੀਮ ਵੱਲੋਂ ਡਾ: ਜਗਦੀਸ਼ ਅਰੋੜਾ ਦੀ ਅਗਵਾਈ ਵਿਚ ਪਿੰਡ ਬਕੈਣ ਵਾਲਾ ਵਿਚ ਕਿਸਾਨਾਂ ਅਤੇ ਮਗਨਰੇਗਾ ਮਜਦੂਰਾਂ ਲਈ ਇਕ ਸਿਖਲਾਈ ਸੈਸ਼ਨ ਕਰਵਾਇਆ ਗਿਆ।  ਇਸ ਕੈਂਪ ਵਿਚ ਪਿੰਡ ਵਾਸੀਆਂ ਨੂੰ ਨਰਮੇ ਦੀ ਅਗਲੀ ਫਸਲ ਨੂੰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਅਗੇਤੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

Advertisements

ਡਾ: ਜਗਦੀਸ਼ ਅਰੋੜਾ ਨੇ ਦੱਸਿਆ ਕਿ ਨਰਮੇ ਦੀਆਂ ਪਿੱਛਲੇ ਸਾਲ ਵਾਲੀਆਂ ਛਟੀਆਂ ਵਿਚ ਗੁਲਾਬੀ ਸੂੰਡੀ ਦਾ ਲਾਰਵਾ ਮੌਜ਼ੂਦ ਹੈ। ਇਸ ਲਈ ਇੰਨ੍ਹਾਂ ਨੂੰ ਝਾੜ ਕੇ ਇੰਨ੍ਹਾਂ ਦੇ ਟੀਂਡੇ ਅਤੇ ਪੱਤੇ ਤੁੰਰਤ ਸਾੜ ਦਿੱਤੇ ਜਾਣ ਤਾਂ ਜ਼ੋ ਲਾਰਵਾ ਨਸ਼ਟ ਹੋ ਸਕੇ ਅਤੇ ਬਾਕੀ ਦੀਆਂ ਛਟੀਆਂ ਨੂੰ ਘਰਾਂ ਅੰਦਰ ਲੈ ਜਾਣਾ ਚਾਹੀਦਾ ਹੈ ਅਤੇ ਖੇਤਾਂ ਵਿਚ ਨਾ ਰੱਖਿਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਜ਼ੇਕਰ ਅਜਿਹਾ ਨਾ ਕੀਤਾ ਤਾਂ ਇਹ ਲਾਰਵਾ ਜਲਦੀ ਹੀ ਬਾਲਗ ਵਿਚ ਬਦਲ ਕੇ ਨਰਮੇ ਦੀ ਫਸਲ ਤੇ ਅੰਡੇ ਦੇਵੇਗਾ ਅਤੇ ਇਸ ਨਾਲ ਨਰਮੇ ਦੀ ਅਗਲੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਸਕਦਾ ਹੈ। ਪਰ ਜ਼ੇਕਰ ਹੁਣ ਛਟੀਆਂ ਦਾ ਪ੍ਰਬੰਧ ਕਰ ਲਿਆ ਜਾਵੇ ਤਾਂ ਇਹ ਹਮਲਾ ਰੁਕ ਸਕਦਾ ਹੈ। ਉਨ੍ਹਾਂ ਨੇ ਪਿੰਡ ਵਿਚ ਛੱਟੀਆਂ ਨੂੰ ਝਾੜਨ ਵਿਚ ਲੱਗੇ ਮਗਨਰੇਗਾ ਕਰਮੀਆਂ ਅਤੇ ਕਿਸਾਨਾਂ ਨੂੰ ਸੁੰਡੀ ਦਾ ਲਾਰਵਾ ਛੱਟੀਆਂ ਵਿਚ ਲੱਭ ਕੇ ਵੀ ਵਿਖਾਇਆ।

ਇਸੇ ਤਰਾਂ ਫੀਲਡ ਕੋਆਰਡੀਨੇਟਰ ਵਿਨੋਦ ਕੁਮਾਰ ਨੇ ਕਿਸਾਨਾਂ ਨੂੰ ਖੇਤਾਂ ਦੁਆਲਿਓ ਚੌੜੇ ਪੱਤੇ ਵਾਲੇ ਨਦੀਨ ਖਤਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇੰਨ੍ਹਾਂ ਨਦੀਨਾਂ ਤੇ ਪਲ ਰਿਹਾ ਚਿੱਟਾ ਮੱਛਰ ਨਰਮੇ ਦੀ ਅਗਲੀ ਫਸਲ ਤੇ ਅਗੇਤਾ ਹਮਲਾ ਕਰ ਸਕਦਾ ਹੈ।ਇਸ ਲਈ ਹੁਣੇ ਇੰਨ੍ਹਾਂ ਨਦੀਨਾਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਅਗਲੀ ਫਸਲ ਤੇ ਚਿੱਟੇ ਮੱਛਰ ਦੇ ਹਮਲੇ ਨੂੰ ਘਟਾਇਆ ਜਾ ਸਕਦਾ ਹੈ। ਖੇਤੀਬਾੜੀ ਵਿਭਾਗ ਦੇ ਏਡੀਓ ਅਜੈ ਪਾਲ ਨੇ ਕਿਸਾਨਾਂ ਨੂੰ ਨਰਮੇ ਵਿਚ ਖਾਦਾਂ ਆਦਿ ਦੀ ਜਾਣਕਾਰੀ ਦਿੱਤੀ। ਇਸ ਮੌਕੇ ਪਿੰਡ ਦੇ ਸਰਪੰਚ, ਮੈਂਬਰ, ਕਿਸਾਨ ਆਗੂ, ਪਿੰਡ ਵਾਸੀ ਕਿਸਾਨ ਅਤੇ ਮਗਨਰੇਗਾ ਕਾਮੇ ਹਾਜਰ ਸਨ।

LEAVE A REPLY

Please enter your comment!
Please enter your name here