ਬਰਸਾਤਾਂ ਦੇ ਮੌਸਮ ਸਮੇਂ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਜਾਇਜ਼ਾ ਮੀਟਿੰਗ

ਪਟਿਆਲਾ, (ਦ ਸਟੈਲਰ ਨਿਊਜ਼)।  ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਨੇ ਅੱਜ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ ਅਤੇ ਜ਼ਰੂਰੀ ਨਿਰਦੇਸ਼ ਦਿੰਦਿਆਂ ਕਿਹਾ ਕਿ ਹਰੇਕ ਵਿਭਾਗ ਹੜ੍ਹ ਰੋਕੂ ਪ੍ਰਬੰਧਾਂ ਲਈ ਨੋਡਲ ਅਫਸਰ ਨਿਯੁਕਤ ਕਰੇ ਤਾਂ ਜੋ ਕੰਮ ਨੂੰ ਹੋਰ ਸੁਚਾਰੂ ਤਰੀਕੇ ਨਾਲ ਕੀਤਾ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪੱਧਰ ‘ਤੇ ਜ਼ਿਲ੍ਹਾ ਮਾਲ ਅਫਸਰ ਸਾਰੇ ਪ੍ਰਬੰਧਾਂ ਲਈ ਨੋਡਲ ਅਫ਼ਸਰ ਹੋਣਗੇ ਅਤੇ ਜ਼ਿਲ੍ਹਾ ਪੱਧਰ ‘ਤੇ ਮਿੰਨੀ ਸਕੱਤਰੇਤ ਦੇ ਬਲਾਕ-ਏ ‘ਚ ਕੰਟਰੋਲ ਰੂਮ ਸਥਾਪਤ ਕੀਤਾ ਜਾਵੇਗਾ ਅਤੇ ਸਬ ਡਵੀਜ਼ਨ ਪੱਧਰ ‘ਤੇ ਵੀ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਡਿਜਾਸਟਰ ਮੈਨੇਜਮੈਂਟ ਪਲਾਨ ਨੂੰ ਤਿਆਰ ਕਰਨ ਦੀ ਹਦਾਇਤ ਵੀ ਕੀਤੀ।

Advertisements


ਵਧੀਕ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੀਵਰੇਜ ਦੀ ਸਫਾਈ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਬਿਜਲੀ ਦੀਆਂ ਢੀਲੀਆ ਤਾਰਾਂ ਨੂੰ ਕੱਸਣ ਦੀ ਹਦਾਇਤ ਕੀਤੀ। ਉਨ੍ਹਾਂ ਬਰਸਾਤ ਦੇ ਮੌਸਮ ਵਿੱਚ ਪਸ਼ੂਆਂ ਲਈ ਹਰੇ ਚਾਰੇ ਦੇ ਪ੍ਰਬੰਧ ਲਈ ਮੁੱਖ ਖੇਤੀਬਾੜੀ ਅਫ਼ਸਰ ਨੂੰ ਹਰੇ ਚਾਰੇ ਦੇ ਸਟਾਕ ਦੀ ਜਾਣਕਾਰੀ ਡੀ.ਆਰ.ਓ ਦਫ਼ਤਰ ਵਿਖੇ ਜਮਾਂ ਕਰਵਾਉਣ ਲਈ ਕਿਹਾ। ਵਧੀਕ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਦਫ਼ਤਰ ਨੂੰ ਬਰਸਾਤਾਂ ਦੇ ਮੌਸਮ ਦੌਰਾਨ ਮੈਡੀਕਲ ਟੀਮਾਂ ਨੂੰ ਤਿਆਰ ਰੱਖਣ ਦੀ ਹਦਾਇਤ ਕਰਦਿਆ ਦਵਾਈਆਂ ਦਾ ਪੂਰਾ ਸਟਾਕ ਰੱਖਣ ਲਈ ਕਿਹਾ। ਉਨ੍ਹਾਂ ਸੈਨਿਕ ਭਲਾਈ ਤੇ ਰੈਡ ਕਰਾਸ ਨੂੰ ਤੈਰਾਕਾਂ ਦੀਆਂ ਲਿਸਟਾਂ ਅਪਡੇਟ ਕਰਨ ਲਈ ਕਿਹਾ ਤਾਂ ਜੋ ਮੁਸ਼ਕਲ ਸਮੇਂ ਤੈਰਾਕਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਉਨ੍ਹਾਂ ਡੀ.ਆਰ.ਓ ਦਫ਼ਤਰ ਨੂੰ ਜ਼ਿਲ੍ਹੇ ਵਿੱਚ ਬਣੇ ਸ਼ੈਲਟਰ ਹੋਮ ਦੀ ਲਿਸਟ ਨੂੰ ਅਪਡੇਟ ਕਰਨ ਦੀ ਹਦਾਇਤ ਕੀਤੀ ਅਤੇ ਡੀ.ਐਫ.ਐਸ.ਸੀ ਨੂੰ ਹੜ੍ਹ ਦੀ ਸਥਿਤੀ ‘ਚ ਰਿਜਰਵ ਪਏ ਖਾਣ-ਪੀਣ ਦੇ ਸਮਾਨ ਦੀ ਲਿਸਟ ਜਮਾਂ ਕਰਵਾਉਣ ਲਈ ਕਿਹਾ। ਇਸ ਮੌਕੇ ਐਸ.ਡੀ.ਐਮ ਨਾਭਾ ਤਰਸੇਮ ਚੰਦ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਡੀ.ਡੀ.ਪੀ.ਓ. ਅਮਨਦੀਪ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁੱਖੀ ਮੌਜੂਦ ਸਨ।

LEAVE A REPLY

Please enter your comment!
Please enter your name here