ਹਰਚੋਵਾਲ ਵਿਖੇ ਲੋਕਾਂ ਨੇ ਖੇਡ ਮੈਦਾਨ ਤਿਆਰ ਕਰ ਨੌਜਵਾਨਾਂ ਨੂੰ ਰਾਸ਼ਟਰੀ ਖੇਡ ਹਾਕੀ ਨਾਲ ਜੋੜਿਆ

ਗੁਰਦਾਸਪੁਰ, (ਦ ਸਟੈਲਰ ਨਿਊਜ਼)। ਜ਼ਿਲ੍ਹਾ ਗੁਰਦਾਸਪੁਰ ਦੇ ਰਿਆੜਕੀ ਇਲਾਕੇ ਦੇ ਲੋਕਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਹਿਣ ਵਿਚ ਰੁੜਨੋ ਬਚਾ ਕੇ ਉਨਾਂ ਨੂੰ ਖੇਡਾਂ ਨਾਲ ਜੋੜਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਇਸ ਕੋਸ਼ਿਸ਼ ਦਾ ਨਤੀਜਾ ਇਹ ਨਿਕਲਿਆ ਹੈ ਕਿ 100 ਤੋਂ ਵੱਧ ਨੌਜਵਾਨ ਲੜਕੇ-ਲੜਕੀਆਂ ਰੋਜ਼ਾਨਾਂ ਸਵੇਰੇ-ਸ਼ਾਮ ਰਾਸ਼ਟਰੀ ਖੇਡ ਹਾਕੀ ਦੀ ਪਰੈਕਟਿਸ ਕਰ ਰਹੇ ਹਨ।

Advertisements

ਗੱਲ ਕਰ ਰਹੇ ਹਾਂ ਰਿਆੜਕੀ ਦੇ ਕੇਂਦਰ ਪਿੰਡ ਹਰਚੋਵਾਲ ਦੀ ਜਿਥੇ ਇਲਾਕੇ ਦੇ ਲੋਕਾਂ ਨੇ 8 ਸਾਲ ਪਹਿਲਾਂ ਇੱਕ ਸਮਾਜ ਸੇਵੀ ਸੰਸਥਾ ‘ਸੰਕਲਪ’ ਦਾ ਗਠਨ ਕਰਕੇ ਇਹ ਸੰਕਲਪ ਲਿਆ ਸੀ ਕਿ ਉਹ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਨਹੀਂ ਪੈਣ ਦੇਣਗੇ ਸਗੋਂ ਉਨਾਂ ਨੂੰ ਖੇਡ ਸੱਭਿਆਚਾਰ ਨਾਲ ਜੋੜਨਗੇ। ਇਸ ਸੰਸਥਾ ਵਲੋਂ ਲੋਕਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰਚੋਵਾਲ ਦੇ ਖੇਡ ਮੈਦਾਨ ਉਪਰ ਕਰੀਬ 15 ਲੱਖ ਰੁਪਏ ਦੀ ਰਾਸ਼ੀ ਆਪਣੇ ਕੋਲੋਂ ਖਰਚ ਕੇ ਇਸ ਮੈਦਾਨ ਨੂੰ ਖੇਡਣਯੋਗ ਬਣਾ ਕੇ ਨੌਜਵਾਨਾਂ ਨੂੰ ਹਾਕੀ ਦੀ ਖੇਡ ਖੇਡਣ ਲਈ ਪ੍ਰੇਰਿਤ ਕੀਤਾ ਗਿਆ। ਬਾਅਦ ਵਿੱਚ ਇਸ ਖੇਡ ਮੈਦਾਨ ਨੂੰ ਹਾਕੀ ਸਟੇਡੀਅਮ ਦਾ ਰੂਪ ਦਿੱਤਾ ਜਾ ਰਿਹਾ ਹੈ ਅਤੇ ਇਸ ਸਟੇਡੀਅਮ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ ਰੱਖਿਆ ਗਿਆ ਹੈ।

ਸਾਲ 2016 ਵਿੱਚ ‘ਸੰਕਲਪ’ ਸੰਸਥਾ ਨੇ ਬਾਬਾ ਫਤਿਹ ਸਿੰਘ ਹਾਕੀ ਅਕੈਡਮੀ ਦਾ ਗਠਨ ਕਰਕੇ 15 ਨੌਜਵਾਨਾਂ ਨੂੰ ਹਰਚੋਵਾਲ ਦੇ ਖੇਡ ਮੈਦਾਨ ਵਿੱਚ ਹਾਕੀ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ ਅਤੇ ਸੰਸਥਾ ਦੇ ਯਤਨਾ ਸਦਕਾ ਅੱਜ ਇਲਾਕੇ ਦੇ 7-8 ਪਿੰਡਾਂ ਦੇ 100 ਤੋਂ ਵੱਧ ਨੌਜਵਾਨ ਸਵੇਰੇ ਸ਼ਾਮ ਹਾਕੀ ਦੀ ਪਰੈਕਟਿਸ ਕਰ ਰਹੇ ਹਨ। ਲੋਕਾਂ ਦੇ ਜਜ਼ਬੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਕੁਝ ਸਾਲ ਪਹਿਲਾਂ ਹਰਚੋਵਾਲ ਦੇ ਇਸ ਸਟੇਡੀਅਮ ਨੂੰ ਹੋਰ ਅਧੁਨਿਕ ਰੂਪ ਦੇਣ ਲਈ 18 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ, ਜਿਸ ਨਾਲ ਇਸ ਸਟੇਡੀਅਮ ਵਿੱਚ ਪਵੇਲੀਅਨ, ਦਰਸ਼ਕਾਂ ਦੇ ਬੈਠਣ ਲਈ ਪੌੜੀਆਂ ਅਤੇ ਖੇਡ ਮੈਦਾਨ ਦੀ ਹੋਰ ਜਰੂਰਤਾਂ ਪੂਰੀਆਂ ਕਰਨ ਦਾ ਕੰਮ ਪ੍ਰਗਤੀ ਅਧੀਨ ਹੈ।

‘ਸੰਕਲਪ’ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਹਰਚੋਵਾਲ ਦੇ ਖੇਡ ਮੈਦਾਨ ਵਿੱਚ 8 ਸਾਲ ਦੇ ਬੱਚਿਆਂ ਤੋਂ ਲੈ ਕੇ 22 ਸਾਲ ਤੱਕ ਦੇ ਨੌਜਵਾਨ ਹਾਕੀ ਦੀ ਸਿਖਲਾਈ ਲੈ ਰਹੇ ਹਨ। ਉਨਾਂ ਦੱਸਿਆ ਕਿ ਨੌਜਵਾਨਾਂ ਨੂੰ ਹਾਕੀ ਦੀ ਸਿਖਲਾਈ ਪੰਜਾਬ ਪੁਲਿਸ ਦੇ ਰਿਟਾਇਡ ਸਬ-ਇੰਸਪੈਕਟਰ ਰਣਯੋਧ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਰਹੇ ਹਨ ਅਤੇ ਇਨਾਂ ਵਲੋਂ ਰੋਜ਼ਾਨਾਂ ਸਵੇਰੇ-ਸ਼ਾਮ 2-2 ਘੰਟੇ ਦੀ ਪਰੈਕਟਿਸ ਕਰਵਾਈ ਜਾਂਦੀ ਹੈ।

ਸੰਸਥਾ ਦੇ ਯਤਨਾ ਸਦਕਾ ਬੱਚਿਆਂ ਵਿੱਚ ਹਾਕੀ ਦੀ ਖੇਡ ਪ੍ਰਤੀ ਇਨਾਂ ਉਤਸ਼ਾਹ ਹੈ ਕਿ ਇਥੋਂ ਸਿਖਲਾਈ ਹਾਸਲ ਕਰਕੇ ਕਈ ਬੱਚੇ ਦੇਸ਼ ਦੀਆਂ ਨਾਮੀਂ ਹਾਕੀ ਅਕੈਡਮੀ ਵਿੱਚ ਖੇਡਣ ਲੱਗ ਪਏ ਹਨ। ਹਰਚੋਵਾਲ ਇਲਾਕੇ ਦੇ ਨੌਜਵਾਨ ਹੁਣ ਹਾਕੀ ਖੇਡ ਦੀਆਂ ਹੀ ਗੱਲਾਂ ਕਰਦੇ ਹਨ ਅਤੇ ਆਪਣੇ ਆਪ ਨੂੰ ਵਧੀਆ ਹਾਕੀ ਖਿਡਾਰੀ ਵਜੋਂ ਤਿਆਰ ਕਰ ਰਹੇ ਹਨ। ਲੋਕਾਂ ਦੇ ਖੁਦ ਦੇ ਯਤਨਾਂ ਸਦਕਾ ਰਿਆੜਕੀ ਇਲਾਕੇ ਵਿੱਚ ਹਾਕੀ ਦੀ ਪਨੀਰੀ ਤਿਆਰ ਹੋ ਰਹੀ ਹੈ ਅਤੇ ਭਵਿੱਖ ਵਿੱਚ ਇਸ ਇਲਾਕੇ ਦੀ ਭਾਰਤੀ ਹਾਕੀ ਨੂੰ ਵੱਡੀ ਦੇਣ ਹੋਵੇਗੀ। ਇਸਦੇ ਨਾਲ ਹੀ ਸੰਕਲਪ ਸੰਸਥਾ ਵੱਲੋਂ ਹਰ ਸਾਲ ਹਰਚੋਵਾਲ ਵਿਖੇ `ਖੇਡਾਂ ਹਰਚੋਵਾਲ ਦੀਆਂ` ਦੇ ਨਾਮ ਹੇਠ ਸੂਬਾ ਪੱਧਰੀ ਹਾਕੀ ਅਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਨਾਲ ਨੌਜਵਾਨਾਂ ਵੱਡੀ ਗਿਣਤੀ ਵਿੱਚ ਹਾਕੀ ਦੀ ਖੇਡ ਨਾਲ ਜੁੜ ਰਹੇ ਹਨ।

ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਲੋਕਾਂ ਦਾ ਇਸ ਕਾਰਜ ਵਿੱਚ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਲੋਕ ਸਵੇਰੇ ਸ਼ਾਮ ਆਪਣੇ ਬੱਚਿਆਂ ਨੂੰ ਖੇਡਦੇ ਦੇਖਣ ਲਈ ਸਟੇਡੀਅਮ ਵਿੱਚ ਆਉਂਦੇ ਹਨ।  ਪ੍ਰਧਾਨ ਗੁਰਿੰਦਰਪਾਲ ਸਿੰਘ ਅਤੇ ਸਾਬਕਾ ਸਬ-ਇੰਸਪੈਕਟਰ ਸ. ਰਣਜੋਧ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਡਾਂ ਨਾਲ ਜੁੜਨ ਅਤੇ ਸਖਤ ਮਿਹਨਤ ਕਰਦੇ ਹੋਏ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।    

LEAVE A REPLY

Please enter your comment!
Please enter your name here