ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਤਿਉਹਾਰ: ਕੋਮਲ ਮਿੱਤਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ ਨੇ ਕਿਹਾ ਕਿ ਤਿਉਹਾਰ ਸਾਨੂੰ ਆਪਣੇ ਅਮੀਰ ਵਿਰਸੇ ਅਤੇ ਸਭਿਆਚਾਰ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਇਸ ਲਈ ਸਾਨੂੰ ਖੁਸ਼ੀ ਅਤੇ ਉਤਸ਼ਾਹ ਨਾਲ ਆਪਣੇ ਤਿਉਹਾਰ ਮਨਾਉਣੇ ਚਾਹੀਦੇ ਹਨ। ਉਹ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਆਯੋਜਿਤ ਤੀਆਂ ਸਬੰਧੀ ਕਰਵਾਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਦੌਰਾਨ ਸੰਬੋਧਨ ਕਰ ਰਹੇ ਸਨ।

Advertisements

ਇਸ ਦੌਰਾਨ ਉਨ੍ਹਾਂ ਨਾਲ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਧਰਮ ਪਤਨੀ ਵਿਭਾ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਤੋਂ ਇਲਾਵਾ ਹੋਰ ਮਹਿਲਾ ਕੌਂਸਲਰ ਅਤੇ ਨਗਰ ਨਿਗਮ ਦਾ ਮਹਿਲਾ ਸਟਾਫ਼ ਵੀ ਮੌਜੂਦ ਸੀ। ਇਸ ਮੌਕੇ ਸਾਰਿਆਂ ਨੇ ਚਰਖਾ ਕੱਤ ਕੇ ਅਤੇ ਗਿੱਧਾ ਪਾ ਕੇ ਇਸ ਤਿਉਹਾਰ ਦੀ ਪੁਰਾਤਨ ਪ੍ਰੰਪਰਾ ਦਾ ਆਨੰਦ ਮਾਣਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਸਾਡੇ ਅਮੀਰ ਵਿਰਸੇ ਦੀ ਪਹਿਚਾਣ ਹਨ ਅਤੇ ਸਾਨੂੰ ਹਮੇਸ਼ਾ ਇਸ ਨੂੰ ਯਾਦ ਰੱਖਦੇ ਹੋਏ ਆਪਣੀ ਨੌਜਵਾਨ ਪੀੜ੍ਹੀ ਨੂੰ ਇਸ ਨਾਲ ਜੋੜ ਕੇ ਰੱਖਣਾ ਹੈ।

ਉਨ੍ਹਾਂ ਕਿਹਾ ਕਿ ਸਾਉਣ ਮਹੀਨੇ ਵਿਚ ਤੀਆਂ ਦਾ ਤਿਉਹਾਰ ਬੇਸ਼ੱਕ ਆਧੁਨਿਕਤਾ ਦੇ ਚੱਲਦਿਆਂ ਅਲੋਪ ਹੁੰਦਾ ਜਾ ਰਿਹਾ ਹੈ, ਪਰੰਤੂ ਫਿਰ ਵੀ ਕਈ ਸੰਸਥਾਵਾਂ ਤੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਆਪਣੇ ਬੱਚਿਆਂ, ਵਿਸ਼ੇਸ਼ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਸੰਸਕ੍ਰਿਤੀ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਦੌਰਾਨ ਨਗਰ ਨਿਗਮ ਦੀਆਂ ਮਹਿਲਾ ਕੌਂਸਲਰਾਂ ਅਤੇ ਮਹਿਲਾ ਸਟਾਫ਼ ਵਲੋਂ ਪੁਰਾਤਨ ਰਵਾਇਤ ਅਨੁਸਾਰ ਲੋਕ ਗੀਤ ਗਾਏ ਗਏ ਅਤੇ ਬੋਲੀਆਂ ਪਾ ਕੇ ਗਿੱਧੇ ਵਿਚ ਧਮਾਲ ਮਚਾਈ ਗਈ।

LEAVE A REPLY

Please enter your comment!
Please enter your name here