ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰਨ ਵਾਲਿਆਂ ਨੂੰ ਡਿਜੀਟਲ ਲਾਇਬ੍ਰੇਰੀ ਨੇ ਦਿੱਤਾ ਮੰਚ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਈ.ਏ.ਐਸ ਅਤੇ ਪੀ.ਸੀ.ਐਸ (ਸਿਵਲ ਸੇਵਾਵਾਂ ਪ੍ਰੀਖਿਆ) ਦੀ ਤਿਆਰੀ ਕਰ ਰਹੇ ਬੱਚਿਆਂ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਉਹ ਪ੍ਰੀਖਿਆ ਦੀ ਤਿਆਰੀ ਦੌਰਾਨ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣ। ਇਸ ਦੌਰਾਨ ਮੁੱਖ ਬੁਲਾਰੇ ਵਜੋਂ 2022 ਬੈਚ ਦੇ ਆਈ.ਏ.ਐਸ ਅਫ਼ਸਰ (ਅੰਡਰ ਟ੍ਰੇਨਿੰਗ) ਦਿਵਿਆ. ਪੀ ਅਤੇ ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਸਬੰਧੀ ਨੁਕਤੇ ਦੱਸੇ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਆਈ.ਏ.ਐਸ ਦਿਵਿਆ.ਪੀ ਨੇ ਦੱਸਿਆ ਕਿ ਸਿਵਲ ਸੇਵਾ ਪ੍ਰੀਖਿਆ ਦੌਰਾਨ ਸਭ ਤੋਂ ਜ਼ਰੂਰੀ ਗੱਲ ਪ੍ਰੀਖਿਆ ਦੇ ਪੈਟਰਨ ਨੂੰ ਸਮਝਣ ਦੀ ਹੈ।

Advertisements

ਇਸ ਤੋਂ ਬਾਅਦ ਸਿਲੇਬਸ ’ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ ਅਤੇ ਸਿਲੇਬਸ ਨੂੰ ਧਿਆਨ ਨਾਲ ਪੜ੍ਹਨ ਦੇ ਨਾਲ-ਨਾਲ ਸਾਰੇ ਵਿਸ਼ਿਆਂ ਦਾ ਅਧਿਐਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਸ਼ਿਆਂ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡਣ ਅਤੇ ਰੋਜ਼ਾਨਾ ਕੁਝ ਹੀ ਵਿਸ਼ਿਆਂ ’ਤੇ ਕੇਂਦਰਿਤ ਹੋ ਕੇ ਪੜ੍ਹਿਆ ਜਾਵੇ। ਇਸ ਤੋਂ ਇਲਾਵਾ ਰੋਜ਼ਾਨਾ ਸਮਾਂ ਕੱਢ ਕੇ ਅਤੇ ਸਿਲੇਬਸ ਅਨੁਸਾਰ ਸਵੈ- ਅਧਿਐਨ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਇਸ ਤਰ੍ਹਾਂ ਦੇ ਸੈਮੀਨਾਰਾਂ ਦਾ ਲਗਾਤਾਰ ਆਯੋਜਨ ਹੁੰਦਾ ਰਹੇਗਾ। ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ ਨੇ ਕਿਹਾ ਕਿ ਸਿਵਲ ਸੇਵਾਵਾਂ ਪ੍ਰੀਖਿਆ ਨੂੰ ਲੈ ਕੇ ਇਕ ਗੱਲ ਬਿਲਕੁਲ ਦਿਮਾਗ ’ਚੋਂ ਕੱਢ ਦਿਓ ਕਿ ਬਹੁਤ ਜ਼ਿਆਦਾ ਨੰਬਰ ਲਿਆਉਣ ਵਾਲੇ ਵਿਦਿਆਰਥੀ ਹੀ ਇਸ ਪ੍ਰੀਖਿਆ ਨੂੰ ਪਾਸ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਪ੍ਰੀਖਿਆ ਦੀ ਸਮੇਂ ਸਿਰ ਤਿਆਰੀ ਸ਼ੁਰੂ ਕੀਤੀ ਜਾਵੇ ਅਤੇ ਟਾਈਮ ਮੈਨੇਜਮੈਂਟ ਦੇ ਹਿਸਾਬ ਨਾਲ ਹਰ ਵਿਸ਼ੇ ਨੂੰ ਕਵਰ ਕੀਤਾ ਜਾਵੇ, ਤਾਂ ਕੋਈ ਵੀ ਵਿਦਿਆਰਥੀ ਸਿਵਲ ਸੇਵਾਵਾਂ ਪ੍ਰੀਖਿਆ ਨੂੰ ਪਾਸ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਚੰਗੇ ਨੋਟਸ ਬਣਾਉਣ ਨਾਲ ਵਿਦਿਆਰਥੀ ਨੂੰ ਸਿਲੇਬਸ ਕਵਰ ਕਰਨ ਵਿਚ ਕਾਫ਼ੀ ਸਹਾਇਤਾ ਮਿਲਦੀ ਹੈ, ਇਸ ਲਈ ਨੋਟਸ ਜ਼ਰੂਰ ਬਣਾਏ ਜਾਣ ਅਤੇ ਲਿਖ ਕੇ ਪੜ੍ਹਨ ਦੀ ਵੀ ਪ੍ਰੈਕਟਿਸ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪੜ੍ਹਾਈ ਨੂੰ ਬੋਝ ਲੈ ਕੇ ਨਹੀਂ ਬਲਕਿ ਮਨ ਲਗਾ ਕੇ ਪੜ੍ਹਿਆ ਜਾਵੇ ਅਤੇ ਧਿਆਨ, ਯੋਗ ਤੇ ਨਿਯਮਤ ਕਸਰਤ ਰਾਹੀਂ ਆਪਣੇ-ਆਪ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਸਿਹਤਮੰਦ ਰੱਖਿਆ ਜਾਵੇ। ਇਸ ਦੌਰਾਨ ਵਿਦਿਆਰਥੀਆਂ ਨੇ ਸਵਾਲਾਂ ਰਾਹੀਂ ਆਪਣੇ ਕਈ ਸ਼ੰਕਿਆਂ ਦਾ ਵੀ ਨਿਵਾਰਣ ਕੀਤਾ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਕਰੀਅਰ ਕਾਊਂਸਲਰ ਅਦਿਤਿਆ ਰਾਣਾ ਅਤੇ ਲਾਇਬ੍ਰੇਰੀਅਨ ਵਿਜੇ ਕੁਮਾਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here