ਜ਼ਿਲ੍ਹੇ ’ਚ ਕੁੱਲ 1563 ਪੋਲਿੰਗ ਬੂਥ, ਨਵੇਂ ਬੂਥ ਬਣਾਉਣ ਦਾ ਨਹੀਂ ਪ੍ਰਾਪਤ ਹੋਇਆ ਕੋਈ ਪ੍ਰਸਤਾਵ: ਕੋਮਲ ਮਿੱਤਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹੇ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਨਾਲ  ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਅਤੇ ਵੋਟਰ ਸੂਚੀ ਦੀ ਸੁਧਾਈ-2024 ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਵੀ ਮੌਜੂਦ ਸਨ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਚੋਣ ਹਲਕਿਆਂ ਵਿਚ ਕੁਲ 1563  ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਕ  ਪੋਲਿੰਗ ਸਟੇਸ਼ਨ ਵਿਚ ਵੋਟਰਾਂ ਦੀ ਗਿਣਤੀ ਵੱਧ ਤੋਂ ਵੱਧ 1500 ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕਿਸੇ ਵੀ  ਪੋਲਿੰਗ ਬੂਥ ਦੀ ਗਿਣਤੀ 1500 ਤੋਂ ਵੱਧ ਨਾ ਹੋਣ ਕਾਰਨ ਕੋਈ ਵੀ ਨਵਾਂ ਬੂਥ ਬਣਾਉਣ ਦਾ ਪ੍ਰਸਤਾਵ ਨਹੀਂ ਹੈ। ਜ਼ਿਲ੍ਹੇ ਦੇ ਸਮੂਹ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਸਬੰਧਤ ਚੋਣ ਵਿਧਾਨ ਸਭਾ ਹਲਕੇ ਦੇ ਰਾਜਨੀਤਿਕ ਦਲਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਉਪਰੰਤ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ  ਪੋਲਿੰਗ ਸਟੇਸ਼ਨਾਂ, ਇਮਾਰਤਾਂ ਦੇ ਬਦਲਾਅ, ਨਵਾਂ ਮੁਹੱਲਾ (ਸੈਕਸ਼ਨ) ਸਬੰਧੀ ਪ੍ਰਸਤਾਵ ਭੇਜੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 39-ਮੁਕੇਰੀਆਂ ਵਿਚ 251  ਪੋਲਿੰਗ ਬੂਥ, ਵਿਧਾਨ ਸਭਾ ਹਲਕਾ 40-ਦਸੂਹਾ ਵਿਚ 224  ਪੋਲਿੰਗ ਬੂਥ, ਅਤੇ ਵਿਧਾਨ ਹਲਕਾ 41-ਉੜਮੁੜ ਵਿਚ 221 ਪੋਲਿੰਗ ਬੂਥ ਹਨ ਅਤੇ ਉਕਤ ਤਿੰਨੇ ਵਿਧਾਨ ਸਭਾ ਹਲਕਿਆਂ ਵਿਚ  ਪੋਲਿੰਗ ਬੂਥਾਂ ਵਿਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ।

Advertisements

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 42- ਸ਼ਾਮਚੁਰਾਸੀ ਵਿਚ 220 ਬੂਥ ਹਨ ਅਤੇ ਬੂਥ ਨੰਬਰ 189 ਸਰਕਾਰੀ ਐਲੀਮੈਂਟਰੀ ਸਕੂਲ ਹੁਸੈਨਪੁਰ ਬੰਦ ਹੋਣ ਕਾਰਨ ਇਹ ਬੂਥ ਸਰਕਾਰੀ ਐਲੀਮੈਂਟਰੀ ਸਕੂਲ ਗਗਨੌਲੀ ਵਿਚ ਸਿਫ਼ਟ ਕਰਨ ਦਾ ਪ੍ਰਸਤਾਵ ਹੈ ਅਤੇ ਰੈਸ਼ਨੇਲਾਈਜੇਸ਼ਨ ਉਪਰੰਤ ਵੀ ਬੂਥਾਂ ਦੀ ਗਿਣਤੀ ਵਿਚ ਕੋਈ ਬਦਲਾਅ ਨਹੀਂ ਹੈ। ਵਿਧਾਨ ਸਭਾ ਹਲਕਾ 43 ਹੁਸ਼ਿਆਰਪੁਰ ਵਿਚ ਮੌਜੂਦਾ  ਪੋਲਿੰਗ  ਬੂਥਾਂ ਦੀ ਗਿਣਤੀ 214 ਹੈ ਅਤੇ ਬੂਥ ਨੰਬਰ 019- ਸਰਕਾਰੀ ਐਲੀਮੈਂਟਰੀ ਸਕੂਲ ਜਹਾਨਖੇਲਾਂ (ਪੱਛਮ ਵੱਲ) ਦੇ ਸੈਕਸ਼ਨ ਨੰਬਰ-2 ਪਿੰਡ ਬੱਸੀ ਬਾਹੀਆਂ ਦੇ ਵੋਟਰਾਂ ਦੀ ਸੁਵਿਧਾ ਨੂੰ ਦੇਖਦੇ ਹੋਏ, ਇਹ ਸੈਕਸ਼ਨ ਨਵੇਂ ਬਣੇ ਬੂਥ ਨੰਬਰ 202-ਸਰਕਾਰੀ ਐਲੀਮੈਂਟਰੀ ਸਕੂਲ, ਸਿੰਘਪੁਰ ਵਿਚ ਸ਼ਿਫਟ ਕੀਤਾ ਗਿਆ ਹੈ। ਬੂਥ ਨੰਬਰ 161 ਸਰਕਾਰੀ ਕਾਲਜ (ਉੱਤਰ ਵੱਲ) ਬੂਥ ਵਿਚ ਵੋਟਰਾਂ ਦੀ ਸੁਵਿਧਾ ਲਈ 4 ਨਵੇਂ ਸੈਕਸ਼ਨ ਬਣਾਉਣ ਦਾ ਪ੍ਰਸਤਾਵ ਭੇਜਿਆ ਗਿਆ ਹੈ, ਜਿਸ ਵਿਚ ਕਮਾਲਪੁਰ ਗਲੀ ਨੰਬਰ 11, ਕਮਾਲਪੁਰ ਗਲੀ ਨੰਬਰ 21 ਅਤੇ ਕਮਾਲਪੁਰ ਗਲੀ ਨੰਬਰ 22 ਹੈ। ਬੂਥ ਨੰਬਰ 167 ਸਰਕਾਰੀ ਐਲੀਮੈਂਟਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੀਆਂ ਕੁੱਲ ਵੋਟਾਂ 264 ਹਨ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਕ ਬੂਥ ਬਣਾਉਣ ਲਈ ਘੱਟ ਤੋਂ ਘੱਟ 300 ਵੋਟਾਂ ਜ਼ਰੂਰੀ ਹਨ।

ਇਸ ਲਈ ਇਸ ਬੂਥ ਦੇ ਚਾਰ ਸੈਕਸ਼ਨਾਂ ਦੀਆਂ ਵੋਟਾਂ ਨੂੰ ਬੂਥ ਨੰਬਰ 168 ਸਰਕਾਰੀ ਐਲੀਮੈਂਟਰੀ ਸਕੂਲ ਰੇਲਵੇ ਮੰਡੀ, ਹੁਸ਼ਿਆਰਪੁਰ (ਪੱਛਮ ਵੱਲ) ਵਿਚ ਸ਼ਿਫਟ ਕਰਕੇ ਇਕੱਠਾ ਇਕ ਬੂਥ ਬਣਾਇਆ ਗਿਆ ਹੈ। ਬੂਥ ਨੰਬਰ 183 ਸਰਦਾਰ ਬਹਾਦਰ ਅਮੀਂ ਚੰਦ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਬਜਵਾੜਾ ਦੀਆਂ ਕੁੱਲ 601 ਵੋਟਾਂ ਹਨ, ਇਸ ਵਿਚੋਂ ਪਿੰਡ ਅਲਾਹਾਬਾਦ ਦੀਆਂ 558 ਵੋਟਾਂ ਹਨ, ਪਿੰਡ ਬਜਵਾੜਾ ਦੀਆਂ 25 ਵੋਟਾਂ ਅਤੇ ਗੁਰੂ ਨਾਨਕ ਕਲੋਨੀ ਬਜਵਾੜਾ ਦੀਆਂ 18 ਵੋਟਾਂ ਹਨ। ਇਸ ਬੂਥ ਵਿਚ ਵੋਟਰਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਦੋ ਨਵੇਂ ਸੈਕਸ਼ਨ ਪਿੰਡ ਬਜਵਾੜਾ ਅਤੇ ਗੁਰੂ ਨਾਨਕ ਕਲੋਨੀ ਬਜਵਾੜਾ ਬਣਾਇਆ ਜਾ ਰਿਹਾ ਹੈ। ਬੂਥ ਨੰਬਰ 201 ਸਰਕਾਰੀ ਐਲੀਮੈਂਟਰੀ ਸਕੂਲ ਬਿਲਾਸਪੁਰ ਵਿਚ ਦੋ ਸੈਸ਼ਨ ਪਿੰਡ ਬਿਲਾਸਪੁਰ ਅਤੇ ਪਿੰਡ ਸਿੰਘਪੁਰ ਹਨ। ਪਿੰਡ ਸਿੰਘਪੁਰ ਦੀਆਂ ਕੁੱਲ 379 ਵੋਟਾਂ ਹਨ ਅਤੇ ਵੋਟਰਾਂ ਨੂੰ ਇਥੋਂ ਦੇ ਬੂਥ ਦੀ ਦੂਰੀ ਕਰੀਬ 2 ਕਿਲੋਮੀਟਰ ਤੋਂ ਵੱਧ ਹੈ। ਇਸ ਲਈ ਸਰਕਾਰੀ ਐਲੀਮੈਂਟਰੀ ਸਕੂਲ, ਪਿੰਡ ਸਿੰਘਪੁਰ ਵਿਚ ਨਵਾਂ ਬੂਥ ਬਣਾਇਆ ਜਾ ਰਿਹਾ ਹੈ। ਰੈਸ਼ਨੇਲਾਈਜੇਸ਼ਨ ਉਪਰੰਤ ਉਕਤ ਵਿਧਾਨ ਸਭਾ ਹਲਕਿਆਂ ਵਿਚ ਵੀ ਬੂਥਾਂ ਦੀ ਗਿਣਤੀ ਵਿਚ ਕੋਈ ਬਦਲਾਅ ਨਹੀਂ ਹੈ। ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 44-ਚੱਬੇਵਾਲ ਵਿਚ  ਪੋਲਿੰਗ ਬੂਥਾਂ ਦੀ ਗਿਣਤੀ 205 ਹੈ ਅਤੇ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਮੌਜੂਦ ਬੂਥ ਨੰਬਰ 13-ਸਰਕਾਰੀ ਐਲੀਮੈਂਟਰੀ ਸਕੂਲ ਮਰਨਾਈਆਂ ਕਲਾਂ ਵਿਚ ਸੀ, ਪਰੰਤੂ ਉਸ ਸਮੇਂ ਬੂਥ ਨੂੰ ਜਾਣ ਵਾਲਾ ਰਸਤਾ ਕੱਚਾ ਹੋਣ ਕਾਰਨ ਬੂਥ ਸਰਕਾਰੀ ਮਿਡਲ ਸਕੂਲ ਵਿਚ ਸ਼ਿਫਟ ਕੀਤਾ ਗਿਆ ਸੀ, ਪਰੰਤੂ ਹੁਣ ਇਹ ਸੜਕ ਪੱਕੀ ਬਣਾ ਦਿੱਤੀ ਗਈ ਹੈ ਅਤੇ ਪੋਲਿੰਗ ਪਾਰਟੀ ਦੀ ਬੱਸ ਆਰਾਮ ਨਾਲ ਬੂਥ ਦੇ ਨੇੜੇ ਜਾ ਸਕਦੀ ਹੈ। ਪਿੰਡ ਵਿਚ ਵੋਟਰਾਂ ਦੀ ਸੁਵਿਧਾ ਲਈ ਪੋਲਿੰਗ ਬੂਥ ਦੁਬਾਰਾ ਸਰਕਾਰੀ ਐਲੀਮੈਂਟਰੀ ਸਕੂਲ ਮਰਨਾਈਆਂ ਕਲਾਂ ਵਿਚ ਬਣਾਇਆ ਜਾਣਾ ਹੈ।

ਮੌਜੂਦਾ ਬੂਥ ਨੰਬਰ 41-42 ਸਰਕਾਰੀ ਐਲੀਮੈਂਟਰੀ ਸਕੂਲ ਮੇਹਟਿਆਣਾ ਦੇ ਕਮਰੇ ਛੋਟੇ ਅਤੇ ਤੰਗ ਹੋਣ ਕਾਰਨ ਚੋਣਾਂ ਸਮੇਂ ਵੋਟਰਾਂ ਦੀ ਭੀੜ ਜਮ੍ਹਾਂ ਹੋ ਜਾਂਦੀ ਹੈ। ਇਸ ਲਈ ਨਾਲ ਹੀ ਲੱਗਦੇ ਸਰਕਾਰੀ ਹਾਈ ਸਕੂਲ ਮੇਹਟਿਆਣਾ ਵਿਚ ਬੂਥ ਸ਼ਿਫਟ ਕੀਤਾ ਜਾ ਰਿਹਾ ਹੈ। ਮੌਜੂਦਾ ਬੂਥ ਨੰਬਰ 85 ਸਰਕਾਰੀ ਐਲੀਮੈਂਟਰੀ ਸਕੂਲ ਮਹਿਮਦੋਵਾਲ ਦਾ ਕਮਰਾ ਤੰਗ ਹੈ, ਜਿਸ ਕਾਰਨ ਪੋਲਿੰਗ ਪਾਰਟੀ ਅਤੇ ਵੋਟਰਾਂ ਨੂੰ ਚੋਣਾਂ ਸਮੇਂ ਮੁਸ਼ਕਿਲ ਆਉਂਦੀ ਹੈ। ਇਸ ਲਈ ਮੌਜੂਦਾ ਬੂਥ ਨਾਲ ਲੱਗਦੇ ਸਰਕਾਰੀ ਮਿਡਲ ਸਕੂਲ, ਮਹਿਮਦੋਵਾਲ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਮੌਜੂਦਾ ਬੂਥ ਨੰਬਰ 124 ਸਰਕਾਰੀ ਐਲੀਮੈਂਟਰੀ ਸਕੂਲ ਸੈਦਪੁਰ ਬੰਦ ਹੋਣ ਕਾਰਨ ਬੂਥ ਸਰਕਾਰੀ ਮਿਡਲ ਸਕੂਲ ਨੌਨੀਤਪੁਰ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਬੂਥ ਨੰਬਰ 190-191-192 ਸਰਕਾਰੀ ਐਲੀਮੈਂਟਰੀ ਸਕੂਲ ਪੰਜੌੜਾ ਵਿਚ 3 ਬੂਥ ਇਕ ਸਥਾਨ ’ਤੇ ਹੋਣ ਕਾਰਨ ਵੋਟਿੰਗ ਸਮੇਂ ਕਾਫ਼ੀ ਭੀੜ ਹੋ ਜਾਂਦੀ ਹੈ ਅਤੇ ਪੋਲਿੰਗ ਪਾਰਟੀਆਂ ਦੀ ਰਿਹਾਇਸ਼ ਲਈ ਵੀ ਦਿੱਕਤ ਹੈ। ਇਸ ਕਾਰਨ ਨਾਲ ਹੀ ਲੱਗਦੇ ਸਰਕਾਰੀ ਹਾਈ ਸਕੂਲ ਪੰਜੌੜਾ ਵਿਚ ਬੂਥ ਸ਼ਿਫਟ ਕੀਤਾ ਜਾ ਰਿਹਾ ਹੈ। ਰੈਸ਼ਨੇਲਾਈਜੇਸ਼ਨ ਤੋਂ ਬਾਅਦ ਵਿਧਾਨ ਸਭਾ ਹਲਕੇ ਵਿਚ ਥੂਥਾਂ ਦੀ ਗਿਣਤੀ ਵਿਚ ਕੋਈ ਬਦਲਾਅ ਨਹੀਂ ਹੈ। ਵਿਧਾਨ ਸਭਾ ਹਲਕਾ 45-ਗੜ੍ਹਸ਼ੰਕਰ ਵਿਚ ਮੌਜੂਦਾ ਪੋਲਿੰਗ ਬੂਥਾਂ ਦੀ ਗਿਣਤੀ 228 ਹੈ ਅਤੇ ਬੂਥ ਨੰਬਰ 39, 40 ਸਰਕਾਰੀ ਐਲੀਮੈਂਟਰੀ ਸਕੂਲ, ਟੂਟੋ ਮਜਾਰਾ ਦੇ ਪੋਲਿੰਗ ਬੂਥਾਂ ਨੂੰ ਸਰਕਾਰੀ ਹਾਈ ਸਕੂਲ ਟੂਟੋ ਮਜਾਰਾ ਵਿਚ ਬਦਲਿਆ ਜਾਣਾ ਹੈ।

ਬੂਥ ਨੰਬਰ 50, 51 ਸਰਕਾਰੀ ਮਿਡਲ ਸਕੂਲ, ਸੈਲਾਖੁਰਦ ਤੋਂ ਹਾਈ ਸਕੂਲ ਅਪਗ੍ਰੇਡ ਹੋਣ ਕਾਰਨ ਪੋਲਿੰਗ  ਬੂਥਾਂ ਦੇ ਨਾਮ ਬਦਲੇ ਜਾਣੇ ਹਨ। ਬੂਥ ਨੰਬਰ 204 ਸਰਕਾਰੀ ਐਲੀਮੈਂਟਰੀ ਸਕੂਲ ਪਨਾਮ ਪੋਲਿੰਗ ਬੂਥ ਦੇ ਕਮਰੇ ਨੂੰ ਇਸ ਸਕੂਲ ਦੀ ਇਮਾਰਤ ਵਿਚ ਹੀ ਦੂਜੇ ਕਮਰੇ ਵਿਚ ਪੋਲਿੰਗ ਬੂਥ ਤਬਦੀਲ ਕੀਤਾ ਜਾਣਾ ਹੈ। ਰੈਸ਼ਨੇਲਾਈਜੇਸ਼ਨ ਤੋਂ ਬਾਅਦ ਉਕਤ ਵਿਧਾਨ ਸਭਾ ਹਲਕੇ ਵਿਚ ਵੀ ਬੂਥਾਂ ਦੀ ਗਿਣਤੀ ਵਿਚ ਕੋਈ ਬਦਲਾਅ ਨਹੀਂ ਹੈ। ਕੋਮਲ ਮਿੱਤਲ ਨੇ ਇਸ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1-1-2024 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਪ੍ਰੋਗਰਾਮ ਅਨੁਸਾਰ 21 ਅਕਤੂਬਰ ਦਿਨ ਸ਼ਨੀਵਾਰ, 22 ਅਕਤੂਬਰ ਦਿਨ ਐਤਵਾਰ, 18 ਨਵੰਬਰ ਦਿਨ ਸ਼ਨੀਵਾਰ ਅਤੇ 19 ਨਵੰਬਰ ਦਿਨ ਐਤਵਾਰ ਨੂੰ ਕੁਲ ਚਾਰ ਦਿਨਾਂ ਲਈ ਬੂਥ ਲੈਵਲ ਅਫ਼ਸਰਾਂ ਵਲੋਂ ਜ਼ਿਲ੍ਹੇ ਦੇ ਸਾਰੇ  ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।

ਇਨ੍ਹਾਂ ਵਿਸ਼ੇਸ਼ ਕੈਂਪਾਂ ਦੌਰਾਨ ਕੋਈ ਵੀ ਯੋਗ ਵਿਅਕਤੀ ਨਵੀਂ ਵੋਟ ਬਣਾਉਣ, ਵੋਟ ਕਟਵਾਉਣ, ਵੋਟ ਵਿਚ ਸੁਧਾਈ ਕਰਵਾਉਣ ਅਤੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਲਈ  www.nvsp.in  ਅਤੇ Voter helpline App ਤੇ ਆਨਲਾਈਨ ਫਾਰਮ ਭਰੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪੀ.ਡਬਲਿਊ.ਡੀ, ਥਰਡ ਜੈਂਡਰ ਵਿਅਕਤੀਆਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਇਸ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ  ਪੋਲਿੰਗ    ਬੂਥਾਂ ’ਤੇ ਬੂਥ ਲੈਵਲ ਅਫ਼ਸਰਾਂ ਦੀ ਸਹਾਇਤਾ ਲਈ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਜ਼ਰੂਰ ਕਰਨ। ਇਸ ਮੌਕੇ ਤਹਿਸੀਲਦਾਰ ਚੋਣਾਂ ਹਰਮਿੰਦਰ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ, ਹਰਪ੍ਰੀਤ ਕੌਰ, ਲਖਬੀਰ ਸਿੰਘ, ਮੇਘਾ ਮਹਿਤਾ ਤੋਂ ਇਲਾਵਾ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਾਜੇਸ਼ ਗੁਪਤਾ, ਆਮ ਆਦਮੀ ਪਾਰਟੀ ਤੋਂ ਜਸਪਾਲ ਸਿੰਘ, ਬਹੁਤ ਸਮਾਜ ਪਾਰਟੀ ਤੋਂ ਮਦਨ ਸਿੰਘ ਬੈਂਸ, ਭਾਜਪਾ ਤੋਂ ਭੂਸ਼ਨ ਕੁਮਾਰ ਸ਼ਰਮਾ ਅਤੇ ਯੋਗੇਸ਼ ਕੁਮਾਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here