ਜੌੜਾਮਾਜਰਾ ਵੱਲੋਂ ਆਜ਼ਾਦੀ ਘੁਲਾਟੀਏ ਭਾਈ ਵੀਰ ਸਿੰਘ ਵੀਰ ਦੀ ਪਤਨੀ ਸੁਰਜੀਤ ਕੌਰ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, (ਦ ਸਟੈਲਰ ਨਿਊਜ਼)। ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਜ਼ਾਦੀ ਘੁਲਾਟੀਏ ਭਾਈ ਵੀਰ ਸਿੰਘ ਵੀਰ ਦੀ ਪਤਨੀ ਸੁਰਜੀਤ ਕੌਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਸੁਰਜੀਤ ਕੌਰ ਦਾ 108 ਸਾਲ ਦੀ ਉਮਰ ਵਿੱਚ ਬੀਤੀ ਰਾਤ ਦੇਹਾਂਤ ਹੋ ਗਿਆ।

Advertisements

ਕੈਬਨਿਟ ਮੰਤਰੀ ਨੇ ਕਿਹਾ ਕਿ ਮਾਤਾ ਸੁਰਜੀਤ ਕੌਰ ਦਾ ਜੀਵਨ ਪੰਜਾਬੀਅਤ ਦੀ ਦ੍ਰਿੜ੍ਹ ਭਾਵਨਾ ਨਾਲ ਲਬਰੇਜ਼ ਸੀ। ਉਨ੍ਹਾਂ ਦੀ ਇੱਕ ਸਦੀ ਤੋਂ ਵੱਧ ਦੀ ਜੀਵਨ ਯਾਤਰਾ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਸ਼ਿੰਗਾਰੀ ਹੋਈ ਸੀ। ਉਨ੍ਹਾਂ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਏ ਭਾਈ ਵੀਰ ਸਿੰਘ ਵੀਰ ਦੀ ਸਾਥਣ ਬਣ ਕੇ ਮਾਤਾ ਸੁਰਜੀਤ ਕੌਰ ਦੀ ਜ਼ਿੰਦਗੀ ਵਿੱਚ ਹੋਰ ਜ਼ਿਆਦਾ ਨਿਖਾਰ ਆਇਆ। ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਅੰਮ੍ਰਿਤਸਰ ਦੇ ਵਸਨੀਕ ਭਾਈ ਵੀਰ ਸਿੰਘ ਵੀਰ ਨੇ ਸਾਲ 1942 ਵਿੱਚ ਮਹਾਤਮਾ ਗਾਂਧੀ ਨਾਲ ਚਾਰ ਸਾਲ ਦੀ ਜੇਲ੍ਹ ਕੱਟੀ। ਇਸ ਅਰਸੇ ਦੌਰਾਨ ਮਾਤਾ ਸੁਰਜੀਤ ਕੌਰ ਵੀ ਉਨ੍ਹਾਂ ਨਾਲ ਦ੍ਰਿੜ੍ਹਤਾ ਨਾਲ ਖੜ੍ਹੇ ਰਹੇ ਅਤੇ ਉਨ੍ਹਾਂ ਨੇ ਵੀ ਆਪਣੇ ਪਤੀ ਨਾਲ 10 ਮਹੀਨੇ ਕੈਦ ਵਿੱਚ ਬਿਤਾਏ।

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਦੁਖੀ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਅਜਿਹੀ ਸਤਿਕਾਰਯੋਗ ਸ਼ਖਸੀਅਤ ਦੇ ਵਿਛੋੜੇ ਨਾਲ ਵੱਡਾ ਖਲਾਅ ਪੈ ਗਿਆ ਹੈ ਪਰ ਮਾਤਾ ਸੁਰਜੀਤ ਕੌਰ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾਸਰੋਤ ਬਣੀ ਰਹੇਗੀ ਅਤੇ ਉਨ੍ਹਾਂ ਦੀ ਯਾਦ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦੀ ਰਹੇਗੀ। ਮਾਤਾ ਸੁਰਜੀਤ ਕੌਰ ਆਪਣੇ ਪਿੱਛੇ ਪੁੱਤਰ ਅਮਰਜੀਤ ਸਿੰਘ ਭਾਟੀਆ ਅਤੇ ਪੁੱਤਰੀ ਇੰਦਰਜੀਤ ਕੌਰ ਛੱਡ ਗਏ ਹਨ।

LEAVE A REPLY

Please enter your comment!
Please enter your name here