ਜਿਲ੍ਹਾ ਚੋਣ ਅਫ਼ਸਰ ਕਮ ਡੀਸੀ ਅਤੇ ਐਸਐਸਪੀ ਨੇ ਪੱਤਰਕਾਰਾਂ ਨਾਲ ਕੀਤੀ ਲੋਕ ਸਭਾ ਚੋਣਾਂ ਸੰਬਧੀ ਮਿਲਣੀ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਅਤੇ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਜਿੱਥੇ ਲੋਕ ਸਭਾ ਚੋਣਾਂ ਨਿਰਪੱਖ, ਅਮਨ ਸ਼ਾਤੀ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਦੀ ਵਚਨਬੱਧਤਾ ਦੁਹਰਾਈ, ਉਥੇ ਹੀ ਗ਼ਲਤ ਅਨਸਰਾਂ ‘ਤੇ ਸਿਕੰਜ਼ਾ ਕਸਣ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਚੋਣਾਂ ਜਮਹੂਰੀਅਤ ਦਾ ਜਸ਼ਨ ਹਨ ਜਿਸ ਕਰਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰੇਕ ਵੋਟਰ ਬੇਖੌਫ਼ ਹੋ ਕੇ ਇਨ੍ਹਾਂ ਚੋਣਾਂ ਵਿੱਚ ਹਿੱਸਾ ਲਵੇ।

Advertisements

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀ ‘ਇਸ ਵਾਰ 70 ਪਾਰ’ ਮੁਹਿੰਮ ਨੂੰ ਜਮੀਨੀ ਪੱਧਰ ‘ਤੇ ਲਿਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਜਾਣਗੀਆਂ, ਤਾਂ ਜੋ ਪਿਛਲੀਆਂ ਲੋਕ ਸਭਾ ਚੋਣਾਂ ‘ਚ 70.54 ਫੀਸਦੀ ਵੋਟਿੰਗ ਰਹੀ ਸੀ । ਜਿਸ ਨੂੰ ਬਰਕਾਰਰ ਰੱਖਣ ਦੇ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕੀਤੇ ਜਾਣਗੇ । ਉਨ੍ਹਾਂ ਪੱਤਰਕਾਰਾਂ ਭਾਈਚਾਰ ਦੇ ਮਾਧਿਅਮ ਨਾਲ ਜ਼ਿਲ੍ਹੇ ਦੀ ਅਵਾਮ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨ੍ਹਾਂ ਕਿਸੇ ਡਰ ਅਤੇ ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਇੱਕ ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣਨ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕ ਸਭਾ ਹਲਕਾ ਮਾਲੇਰਕੋਟਲਾ ਦੇ ਵੋਟਰਾਂ ਨੂੰ ਸ਼ਾਂਤੀਪੂਰਵਕ ਮਾਹੌਲ ਦਿੱਤਾ ਜਾਵੇਗਾ। ਉਨ੍ਹਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ 70 ਫ਼ੀਸਦੀ ਵੋਟਿੰਗ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਵੇ। ਡਾ ਪੱਲਵੀ ਨੇ ਦੱਸਿਆ ਕਿ ਜ਼ਿਲ੍ਹੇ ਮਾਲੇਰਕੋਟਲਾ ਅਧੀਨ ਲੋਕ ਸਭਾ ਹਲਕਾ 08 ਫਤਹਿਗੜ੍ਹ ਸਾਹਿਬ (ਅਸੈਂਬਲੀ ਸੈਗਮੈਂਟ 106 ਅਮਰਗੜ੍ਹ )ਅਤੇ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਵਿੱਚ ਕੁਲ 03 ਲੱਖ 23 ਹਜ਼ਾਰ 35 ਵੋਟਰ ਹਨ। ਇਨ੍ਹਾਂ ਵਿੱਚੋਂ 1 ਲੱਖ 70 ਹਜ਼ਾਰ 856 ਮਰਦ ਅਤੇ 1 ਲੱਖ 52 ਹਜ਼ਾਰ 168 ਮਹਿਲਾ ਵੋਟਰ ਹਨ, ਜਦਕਿ 11 ਥਰਡ ਜੈਂਡਰ ਵੋਟਰ ਹਨ। ਇਸੇ ਤਰ੍ਹਾਂ 2007 ਵੋਟਰ ਦਿਵਿਆਂਗਜਨ,ਸਰਵਿਸ ਵੋਟਰ 1095, 100 ਸਾਲ ਉਮਰ ਦੇ 73 ਵੋਟਰ ਹਨ। ਉਨ੍ਹਾਂ ਦੱਸਿਆ ਕਿ 1095 ਸਰਵਿਸ ਵੋਟਰ ਅਤੇ 6908 ਵੋਟਰ ਅਜਿਹੇ ਨੌਜਵਾਨ ਵੋਟਰ ਹਨ, ਜਿਨ੍ਹਾਂ ਦੀ ਉਮਰ 18-19 ਸਾਲ ਹੈ ਅਤੇ ਇਹ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕੇ ਵਿੱਚ 400 ਪੋਲਿੰਗ ਸਟੇਸ਼ਨ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ ਵੈਬਕਾਸਟਿੰਗ ਤੇ ਮਾਈਕਰੋ ਆਬਜ਼ਰਵਰਾਂ ਆਦਿ ਦਾ ਵਿਸ਼ੇਸ਼ ਬੰਦੋਬਸਤ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਅੰਦਰ ਲੋਕ ਸਭਾ ਹਲਕਿਆਂ ‘ਚ  18 ਫਲਾਇੰਗ ਸਕੁਐਡ ਤੇ ਸਟੈਟਿਕ ਸਰਵੇਲੈਂਸ ਟੀਮਾਂ ਨਿਰੰਤਰ 24 ਘੰਟੇ ਨਜ਼ਰ ਰੱਖ ਰਹੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ  ਸ਼ਿਕਾਇਤ ਸੈਲ ਸਥਾਪਤ ਕਰ ਦਿੱਤਾ ਗਿਆ ਹੈ , ਜਿਸ ਦਾ ਨੰਬਰ 01675-299493 ਹੇ। ਕੋਈ ਵੀ ਵਿਅਕਤੀ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਸੀ ਵਿਜੀਲ ਐਪ ‘ਤੇ ਵੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜੋ ਮੁੱਲ ਦੀਆਂ ਖ਼ਬਰਾਂ ਸਮੇਤ ਇਲੈਕਟ੍ਰੋਨਿਕ ਚੈਨਲਾਂ ਅਤੇ ਸੋਸ਼ਲ ਮੀਡੀਆ ਉਪਰ ਵੀ ਪੈਨੀ ਨਜ਼ਰ ਰੱਖੇਗੀ। ਉਨ੍ਹਾਂ ਦੱਸਿਆ ਕਿ ਇਸ਼ਤਿਹਾਰਬਾਜ਼ੀ ਲਈ ਐਮ.ਸੀ.ਐਮ.ਸੀ. ਕੋਲੋਂ ਪ੍ਰੀ ਸਰਟਫਿਕੇਸ਼ਨ ਜ਼ਰੂਰੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਇਸ ਵਾਰ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਖ਼ਰਚੇ ਦੀ ਹੱਦ 95 ਲੱਖ ਨਿਰਧਾਰਤ ਕੀਤੀ ਹੈ। ਇਸ ਲਈ ਸਬੰਧਤ ਪਾਰਟੀਆਂ ਤੇ ਸੰਭਾਵੀ ਉਮੀਦਵਾਰਾਂ ਨੂੰ ਇਸ ਸਬੰਧੀ ਜਾਣੂ ਕਰਵਾ ਦਿਤਾ ਗਿਆ ਹੈ ਤੇ ਇਨ੍ਹਾਂ ਦੇ ਖ਼ਰਚੇ ਉਪਰ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਇਸ ਮੌਕੇ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਅਮਨ-ਸ਼ਾਂਤੀ ਤੇ ਬਿਨ੍ਹਾਂ ਡਰ ਭੈਅ ਤੋਂ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਪ੍ਰਮਾਣੀਖਤਾ ਹੈ ਅਤੇ ਲੋਕਾਂ ਵਿੱਚ ਵਿਸ਼ਵਾਸ਼ ਬਹਾਲੀ ਲਈ ਜ਼ਿਲ੍ਹੇ ਵਿੱਚ ਪੁੱਜੀ ਕੇਂਦਰੀ ਫੋਰਸ ਦੀ ਇੱਕ ਕੰਪਨੀ ਨਾਲ ਫਲੈਗ ਮਾਰਚ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਸ਼ਿਆਂ, ਨਜਾਇਜ਼ ਸ਼ਰਾਬ ਤੇ ਅਸਲੇ ਤੇ ਨਾਜਾਇਜ਼ ਨਗ਼ਦੀ ‘ਤੇ ਵੀ ਤਿੱਖੀ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਵਿਖੇ ਲਾਇਵ ਮੋਨੀਟਰਿੰਗ ਲਈ 158 ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਸੰਵੇਦਨਸ਼ੀਲ ਬੂਥਾ ਦੀ ਪਛਾਣ ਕਰਕੇ ਪੁਖੱਤਾ ਸੁਰੱਖਿਆ ਦਾ ਪ੍ਰਬੰਧ ਕੀਤੇ ਗਏ ਹਨ । ਉਨ੍ਹਾਂ ਹੋਰ ਕਿਹਾ ਕਿ ਲਾਇਸੰਸੀ ਹਥਿਆਰਾ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣੀ ਲਈ ਜ਼ਿਲ੍ਹਾ ਮੈਜਿਸਟਰੇਟ ਵਲੋਂ ਹੁਕਮ ਪਹਿਲਾ ਹੀ ਜਾਰੀ ਕੀਤੇ ਜਾ ਚੁੱਕੇ ਹਨ । ਉਨ੍ਹਾਂ ਹੋਰ ਦੱਸਿਆ ਕਿ ਭਗੌੜੇ/ਇਸ਼ਤਿਹਾਰੀ ਮੁਰਰਿਮਾਂ ਉਪਰ ਸਿਕੰਜਾ ਕਸਦੇ ਹੋਏ 81 ਪੀ.ਓ. ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਬਾਕੀ ਨੂੰ ਜਲਦੀ ਗ੍ਰਿਫਤਾਰ ਕਰ ਲਿਆਂ ਜਾਵੇਗਾ । ਉਨ੍ਹਾਂ ਹੋਰ ਕਿਹਾ ਕਿ ਚੋਣਾਂ ਦੌਰਾਨ ਅਫਵਾਹਾਂ ਫੈਲਾਉਣ ਵਾਲਿਆਂ ਨਾਲ ਕਰੜੇ ਹੱਥੀਂ ਨਿਪਟਿਆ ਜਾਵੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਦੀ ਵਰਤੋਂ ਵੀ ਕੀਤੀ ਜਾਣੀ ਚਾਹੀਦੀ ਹੈ।

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਜਮਹੂਰੀਅਤ ਦੇ ਤਿਉਹਾਰ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਦੀ ਕੀਤੀ ਅਪੀਲ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ, ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਅਪਰਨਾ ਐਮ.ਬੀ. ਅਤੇ ਲੋਕ ਸਭਾ ਹਲਕਾ 08 ਫਤਹਿਗੜ੍ਹ ਸਾਹਿਬ (ਅਸੈਂਬਲੀ ਸੈਗਮੈਂਟ 106 ਅਮਰਗੜ੍ਹ ) ਗੁਰਮੀਤ ਕੁਮਾਰ ਬਾਂਸਲ, ਸਹਾਇਕ ਕਮਿਸ਼ਨਰ ਹਰਬੰਸ ਸਿੰਘ, ਤਹਿਸ਼ੀਲਦਾਰ ਚੋਣਾ ਬ੍ਰਿਜ ਮੋਹਨ ਤੋਂ ਇਲਾਵਾਂ ਹੋਰ ਅਧਿਕਾਰੀ ਮੌਜੂਦ ਸਨ ।

LEAVE A REPLY

Please enter your comment!
Please enter your name here