ਸਕੂਲ ਪ੍ਰਿੰਸੀਪਲਾਂ ਨਾਲ ਮੀਟਿੰਗ ਕਰ ਸਿੱਖਿਆ ਅਧਿਕਾਰਿਆਂ ਨੇ ਲਿਆ ਦਾਖਲਾ ਮੁਹਿੰਮ ਦਾ ਜਾਇਜਾ

ਪਠਾਨਕੋਟ (ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਪਠਾਨਕੋਟ ਦੇ ਮਿਹਨਤੀ ਅਧਿਆਪਕ ਜਿਥੇ ਜਿਲਾ ਪ੍ਰਸ਼ਾਸਨ ਦਾ ਕੋਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਸਾਥ ਦਿੰਦੇ ਹੋਏ ਵਿਦਿਆਰਥੀਆਂ, ਮਾਪਿਆਂ ਅਤੇ ਆਮ ਜਨਤਾ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਸੁਚੇਤ ਕਰ ਰਹੇ ਹਨ, ਉਥੇ ਹੀ ਬੱਚਿਆਂ ਦੀ ਪੜਾਈ ਨੂੰ ਮੱਦੇਨਜਰ ਰੱਖਦਿਆਂ ਆਨਲਾਈਨ ਪੜਾਈ ਕਰਵਾਉਣ ਦੇ ਨਾਲ-ਨਾਲ ਆਨਲਾਈਨ ਦਾਖਲਾ ਵੀ ਕਰ ਰਹੇ ਹਨ। ਇਹ ਜਾਣਕਾਰੀ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਅਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਸਮੂਹ ਸਕੂਲ ਪ੍ਰਿੰਸੀਪਲਾਂ ਨਾਲ ਆਨਲਾਈਨ ਮੀਟਿੰਗ ਵਿੱਚ ਦਾਖਲਾ ਮੁਹਿੰਮ ਦਾ ਜਾਇਜਾ ਲੈਂਦੇ ਹੋਏ ਦਿੱਤੀ। ਉਹਨਾਂ ਨੇ ਕਿਹਾ ਕਿ ਪੂਰਾ ਵਿਸਵ ਇਸ ਮੌਕੇ ਕਰੋਨਾ ਵਾਈਰਸ ਨਾਲ ਪੈਦਾ ਹੋਈ ਮਹਾਮਾਰੀ ਨਾਲ ਜੂਝ ਰਿਹਾ ਹੈ।

Advertisements

ਜਿਸ ਨਾਲ ਦੇਸ ਵਿੱਚ ਕਰਫਿਊ ਲਗਾ ਹੋਣ ਕਰਕੇ ਮਨੁੱਖ ਘਰਾਂ ਵਿੱਚ ਬੰਦ ਹੋ ਕੇ ਰਹਿ ਗਿਆ ਹੈ ਅਤੇ ਇਸ ਨਾਲ ਮਨੁੱਖੀ ਜੀਵਨ ਬਹੁਤ ਪ੍ਰਭਾਵਿਤ ਹੋਇਆ ਹੋ ਰਿਹਾ ਹੈ। ਅਜਿਹੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਪੜਾਈ ਕਰਵਾਉਣੀ ਸੌਖੀ ਨਹੀਂ ਪਰ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੇ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਵਿਦਿਆਰਥੀਆਂ ਤੱਕ ਆਨ-ਲਾਈਨ ਪਹੁੰਚ ਬਣਾਈ ਹੋਈ ਹੈ ਤਾਂ ਜੋ ਸਿੱਖਿਆ ਵਿਭਾਗ ਵੱਲੋ ਭੇਜੇ ਗਏ ਸਿਲੇਬਸ ਨਾਲ ਬੱਚੇ ਜੁੜ ਕੇ ਇਸ ਔਖੀ ਘੜੀ ਵਿੱਚ ਵੀ ਸਮੇਂ ਸਿਰ ਪੜਾਈ ਕਰ ਸਕਣ। ਅਧਿਆਪਕਾਂ ਦੇ ਇਸ ਸਲਾਘਾਯੋਗ ਕਾਰਜ ਵਿੱਚ ਸਕੂਲ ਮੁੱਖੀਆਂ ਵਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਵਿਭਾਗ ਵਲੋਂ ਚਲਾਈ ਜਾ ਰਹੀ ਆਨਲਾਈਨ ਦਾਖਲਾ ਮੁਹਿੰਮ ਨੂੰ ਮਾਪਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬੱਚੇ ਜਿਲੇ ਦੇ ਜਿਸ ਵੀ ਸਕੂਲ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਉਹ ਉਸ ਸਕੂਲ ਦੇ ਕਿਸੇ ਵੀ ਅਧਿਆਪਕ ਨਾਲ ਫੋਨ ਤੇ ਸੰਪਰਕ ਕਰਕੇ ਆਪਣਾ ਦਾਖਲਾ ਕਰਵਾ ਸਕਦੇ ਹਨ। ਉਮੀਦ ਹੈ ਕਿ ਬੱਚਿਆਂ ਦੀ ਗਿਣਤੀ ਪਹਿਲਾਂ ਨਾਲੋਂ ਵਧੇਗੀ। ਇਸਦੇ ਨਾਲ ਹੀ ਪਿਛਲੇ ਸਾਲ ਨਾਲੋਂ ਵੱਧ ਦਾਖਲਾ ਕਰਨ ਵਾਲੇ ਅਧਿਆਪਕਾਂ ਨੂੰ ਵਿਭਾਗ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ।

ਸਕੂਲ ਮੁੱਖੀਆਂ ਦੀ ਪ੍ਰੇਰਨਾ ਨਾਲ ਅਧਿਆਪਕਾਂ ਵੱਲੋਂ ਕੋਸਸਾਂ ਕਰਕੇ ਬੱਚਿਆ ਲਈ ਸਿਲੇਬਸ ਨਾਲ ਸੰਬੰਧਤ ਵੀਡੀਓ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਲਾਭਕਾਰੀ ਸਿੱਧ ਹੋ ਰਹੀਆਂ ਹਨ। ਇਸ ਦੇ ਇਲਾਵਾ ਅਧਿਆਪਕਾਂ  ਵੱਲੋਂ ਵੀਡੀਓ ਕਾਨਫਰੰਸ ਜਰੀਏ ਬੱਚਿਆਂ ਨਾਲ ਗੱਲ-ਬਾਤ ਕੀਤੀ ਜਾ ਰਹੀ ਹੈ। ਅਧਿਆਪਕਾਂ ਵੱਲੋਂ ਘਰ ਬੈਠੇ ਵਿਦਿਆਰਥੀਆਂ ਨੂੰ ਆਨ-ਲਾਈਨ  ਸਿੱਖਿਆ ਦੇਣਾ ਸਿੱਖਿਆ ਵਿਭਾਗ ਵੱਲੋ ਕੀਤਾ ਨਵੇਕਲਾ ਉਪਰਾਲਾ ਹੈ। ਉਹਨਾ ਕਿਹਾ ਕਿ ਸਰਕਾਰੀ ਸਕੂਲ ਹਾਈਟੈਕ ਹੋ ਗਏ ਹਨ ਤੇ ਅਧਿਆਪਕਾਂ ਵੱਲੋਂ ਵੱਖ ਵੱਖ ਆਨ-ਲਾਈਨ ਸਰੋਤਾਂ ਦੀ ਵਰਤੋਂ ਕਰਕੇ ਪੜਾਉਣਾ ਸਲਾਘਾਯੋਗ ਹੈ। ਮੀਟਿੰਗ ਵਿੱਚ ਜਿਲਾ ਐਮ.ਆਈ. ਐਸ ਮੁਨੀਸ ਗੁਪਤਾ, ਜਿਲਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਸਮੇਤ ਸਮੂਹ ਪ੍ਰਿੰਸੀਪਲ ਹਾਜਰ ਸਨ।

LEAVE A REPLY

Please enter your comment!
Please enter your name here