ਜਲੰਧਰ: ਪਰਾਲੀ ਨੂੰ ਪਸ਼ੂ ਚਾਰੇ ਵਜੋਂ ਵਰਤ ਰਹੇ ਪਿੰਡਾਂ ਦੇ ਕਿਸਾਨ

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਜ਼ਿਲੇ ਦੇ ਪਿੰਡਾਂ ਦੇ ਵੱਡੀ ਗਿਣਤੀ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਨਾ ਸਾੜ ਕੇ ਇਸ ਨੂੰ ਦੁਧਾਰੂ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾ ਰਿਹਾ ਹੈ, ਜਿਸ ਸਦਕਾ ਪਰਾਲੀ ਵੇਚ ਕੇ ਜਿਥੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਰਹੇ ਹਨ ਉਥੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਵੀ ਯੋਗਦਾਨ ਪਾ ਰਹੇ ਹਨ। ਅਜਿਹਾ ਹੀ ਇਕ ਕਿਸਾਨ ਹੈ ਪਿੰਡ ਸਲੇਮਪੁਰ ਮਸੰਦਾ ਦਾ ਜਸਕਰਨ ਸਿੰਘ, ਜੋ ਪਿੰਡ ਦੇ 4 ਡੇਅਰੀ ਧੰਦਾ ਕਰਨ ਵਾਲੇ ਕਿਸਾਨਾਂ ਅਤੇ ਗੁੱਜਰ ਭਾਈਚਾਰੇ ਨੂੰ ਪਰਾਲੀ ਵੇਚ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਰਿਹਾ ਹੈ ਅਤੇ ਪਰਾਲੀ ਨਾ ਸਾੜ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਯੋਗਦਾਨ ਪਾ ਰਿਹਾ ਹੈ।

Advertisements

ਉਨਾਂ ਨੇ ਕਿਹਾ ਕਿ ਜ਼ਿਲਾ ਜਲੰਧਰ ਵਿਖੇ ਕਈ ਗਊਸ਼ਾਲਾਵਾਂ ਚੱਲ ਰਹੀਆਂ ਹਨ, ਜਿਥੇ ਫ਼ਸਲ ਦੀ ਰਹਿੰਦ-ਖੂਹੰਦ ਦੀ ਵਰਤੋਂ ਪਸ਼ੂ ਚਾਰੇ ਵਜੋਂ ਕੀਤੀ ਜਾ ਸਕਦੀ ਹੈ। ਕਣਕ ਦੀ ਤੂੜੀ ਜਾਂ ਚਾਰੇ ਵਿੱਚ ਹੌਲੀ-ਹੌਲੀ ਪਰਾਲੀ ਦੀ ਮਾਤਰਾ ਵਧਾਉਣ ਨਾਲ ਇਹ ਭਵਿੱਖ ਵਿਚ ਕਿਸਾਨਾਂ ਅਤੇ ਡੇਅਰੀ ਫਾਰਮਰਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਇਸੇ ਤਰਾਂ ਪਿੰਡ ਬਹਿਰਾਮ ਸ੍ਰਿਸ਼ਟਾ ਦਾ ਕਿਸਾਨ ਪ੍ਰਿਤਪਾਲ ਸਿੰਘ ਵੀ ਡੇਅਰੀ ਧੰਦਾ ਕਰਨ ਵਾਲੇ ਕਿਸਾਨਾਂ ਨੂੰ ਪਰਾਲੀ ਵੇਚ ਕੇ ਆਪਣੀ ਸਥਾਈ ਆਮਦਨ ਵਿੱਚ ਵਾਧਾ ਕਰ ਰਿਹਾ ਹੈ।ਉਸ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਇਸ ਨੂੰ ਵਰਤੋਂ ਵਿੱਚ ਲਿਆ ਕੇ ਇਸ ਦਾ ਸੁਚੱਜਾ ਪ੍ਰਬੰਧਨ ਕਰਨਾ ਚਾਹੀਦਾ ਹੈ।ਪਿੰਡ ਸਲੇਮਪੁਰ ਮਸੰਦਾ ਦੇ ਕਿਸਾਨਾਂ ਵਾਂਗ ਦੂਸਰੇ ਪਿੰਡਾਂ ਦੇ ਕਿਸਾਨ ਵੀ ਪਰਾਲੀ ਸਾੜਨ ਤੋਂ ਕਿਨਾਰਾ ਕਰਦਿਆਂ ਇਸ ਨੂੰ ਪਸ਼ੂ ਚਾਰੇ ਵਜੋਂ ਵਰਤ ਰਹੇ ਹਨ। ਪਿੰਡ ਕੋਟਲਾ ਦਾ ਜਤਿੰਦਰ ਸਿੰਘ, ਪਿੰਡ ਤਲਵੰਡੀ ਦਾ ਸ਼ਰਨਜੀਤ ਸਿੰਘ, ਪਿੰਡ ਬੂਲੇ ਦਾ ਸ਼ਰਨਜੀਤ ਸਿੰਘ ਅਤੇ ਪਿੰਡ ਬੁੱਲੋਵਾਲ ਦਾ ਬੂਟਾ ਰਾਮ ਪਰਾਲੀ ਨੂੰ ਅੱਗ ਦੇ ਹਵਾਲੇ ਕਰਨ ਦੀ ਬਜਾਏ ਇਸ ਵਰਤੋਂ ਆਪਣੇ ਪਸ਼ੂਆਂ ਦੇ ਚਾਰੇ ਵਜੋਂ ਕਰ ਰਹੇ ਹਨ। ਡੇਅਰੀ ਮਾਹਰਾਂ ਅਨੁਸਾਰ ਛੋਟੇ ਟੁਕੜਿਆਂ ਵਾਲੀ 4 ਕੁਇੰਟਲ ਪਰਾਲੀ ਜੇ 14 ਕਿਲੋ ਯੂਰੀਆ ਅਤੇ 200 ਲੀਟਰ ਪਾਣੀ ਨਾਲ ਸੋਧੀ ਜਾਵੇ ਤਾਂ ਇਹ ਦੁਧਾਰੂ ਪਸ਼ੂਆਂ ਲਈ ਵਧੀਆ ਖੁਰਾਕ ਬਣ ਜਾਂਦੀ ਹੈ ।

ਯੂਰੀਆ ਨਾਲ ਸੋਧੀ ਗਈ ਪਰਾਲੀ ਪਰਾਲੀ ਵਧੇਰੇ ਪੌਸ਼ਟਿਕ ਹੁੰਦੀ ਹੈ ਅਤੇ ਸੋਧਣ ਤੋਂ ਬਾਅਦ ਇਸ ਨੂੰ ਦੋ ਹਫ਼ਤਿਆਂ ਲਈ ਰੱਖਿਆ ਜਾਂਦਾ ਹੈ ਅਤੇ ਫਿਰ ਇਸ ਦੀ ਵਰਤੋਂ ਪਸ਼ੂ ਚਾਰੇ ਵਜੋਂ ਕੀਤੀ ਜਾ ਸਕਦੀ ਹੈ ਪਰ ਵੱਛੇ ਨੂੰ ਪਰਾਲੀ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਹ ਭਾਰੀ ਹੁੰਦੀ ਹੈ ਅਤੇ ਇਸ ਨੂੰ ਹਜ਼ਮ ਕਰਨ ਵਿਚ ਵਧੇਰੇ ਸਮਾਂ ਲੱਗਦਾ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਉੱਠਣ ਵਾਲੇ ਧੂੰਏਂ ਕਾਰਨ ਸਾਹ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ ਅਤੇ ਕੋਵਿਡ ਪ੍ਰਭਾਵਿਤ ਮਰੀਜ਼ਾਂ ਦੀ ਹਾਲਤ ਖਰਾਬ ਹੋ ਸਕਦੀ ਹੈ। ਉਨਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ  70,000 ਐਮ.ਜੀ. ਪ੍ਰਦੂਸ਼ਣ ਕਣ ਪੈਦਾ ਹੁੰਦੇ ਹਨ, ਜੋ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹਨ ਅਤੇ ਮਿੱਟੀ ਦੇ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ। ਇਸ ਲਈ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਇਸ ਦਾ ਸੁਚੱਜਾ ਪ੍ਰਬੰਧਨ ਕਰਨਾ ਚਾਹੀਦਾ ਹੈ।

ਉਨਾਂ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਵਰਤੋਂ ਵਿੱਚ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਦੀ ਵਰਤੋਂ ਪਸ਼ੂ ਚਾਰੇ ਵੱਜੋਂ ਕੀਤੀ ਜਾਵੇ ਤਾਂ ਇਸ ਨਾਲ ਜਿੱਥੇ ਝੋਨੇ ਦੀ ਪਰਾਲੀ ਦਾ ਨਿਪਟਾਰਾ ਅਸਾਨੀ ਨਾਲ ਹੋ ਸਕੇਗਾ ਉਥੇ ਹੀ ਪਸ਼ੂ ਪਾਲਣ ਲਈ ਸਸਤਾ ਚਾਰਾ ਉਪਲੱਬਧ ਹੋ ਸਕਦਾ ਹੈ। ਉਨ•ਾਂ ਕਿਹਾ ਕਿ ਪਸ਼ੂ ਪਾਲਣ ਦਾ ਕਿੱਤਾ ਕਰਨ ਵਾਲੇ ਕਿਸਾਨਾਂ ਲਈ ਪਸ਼ੂਆਂ ਦੇ ਚਾਰੇ ਵਜੋਂ ਪਰਾਲੀ ਸਸਤਾ ਤੇ ਸੰਤੁਲਤ ਚਾਰਾ ਹੈ ਅਤੇ ਗਊਸ਼ਾਲਾਵਾਂ ਲਈ ਵੀ ਪਰਾਲੀ ਬਹੁਤ ਹੀ ਵਧੀਆ ਚਾਰੇ ਦਾ ਬਦਲ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਖਿਲਾਫ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਸਦਕਾ ਜਿਥੇ ਪੰਚਾਇਤਾਂ ਵੱਲੋਂ ਪਰਾਲੀ ਸਾੜਨ ਖਿਲਾਫ ਮਤੇ ਪਾਏ ਜਾ ਰਹੇ ਹਨ ਉਥੇ ਵੱਡੀ ਗਿਣਤੀ ਕਿਸਾਨ ਹੋਰਨਾਂ ਕਿਸਾਨਾਂ ਨੂੰ ਜਾਗਰੂਕ ਕਰਨ ਵਿੱਚ ਯੋਗਦਾਨ ਪਾ ਰਹੇ ਹਨ।

LEAVE A REPLY

Please enter your comment!
Please enter your name here