ਵਿਨੀ ਮਹਾਜਨ ਨੇ ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਤੇ ਐਸਏਐਸ ਨਗਰ ਵਿੱਚ ਚਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਚੰਡੀਗੜ/ ਰੂਪਨਗਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਕੋਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਪੂਰੀ ਤਿਆਰ ਹੈ। ਭਾਵੇਂ ਕੋਰੋਨਾ ਨੇ ਪੂਰੀ ਦੁਨੀਆਂ ਤੇ ਹਿੰਦੋਸਤਾਨ ਦੇ ਵੱਖ ਵੱਖ ਖੇਤਰਾਂ ਵਿੱਚ ਕਹਿਰ ਢਾਹਿਆ ਹੈ ਪਰ ਇਹ ਸਾਡੀ ਖੁਸ਼ਕਿਸਮਤੀ ਅਤੇ ਪੰਜਾਬ ਸਰਕਾਰ ਦੇ ਵਧੀਆ ਪ੍ਰਬੰਧ ਹਨ ਜਿਨਾਂ ਬਦੌਲਤ ਕੋਰੋਨਾ ਦੇ ਪ੍ਰਕੋਪ ਨੂੰ ਕਾਫੀ ਹੱਦ ਤੱਕ ਠੱਲਣ ਵਿੱਚ ਕਾਮਯਾਬ ਹੋਏ ਹਾਂ। ਭਾਵੇਂ ਮੌਜੂਦਾ ਸਮੇਂ ਕਰੋਨਾ ਦੀ ਰਫਤਾਰ ਕੁਝ ਮੱਠੀ ਹੋ ਗਈ ਹੈ ਪਰ ਸਿਹਤ ਮਾਹਿਰਾਂ ਅਨੁਸਾਰ ਦਸੰਬਰ ਜਾਂ ਜਨਵਰੀ ਦੇ ਮਹੀਨੇ ਕੋਰੋਨਾ ਕੇਸਾਂ ਵਿੱਚ ਮੁੜ ਤੇਜ਼ੀ ਆ ਸਕਦੀ ਹੈ। ਇਸੇ ਲਈ ਸਾਡੀਆ ਸਿਹਤ ਸੰਸਥਾਵਾਂ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕੋਰੋਨਾ ਕੇਸਾਂ ਦੀ ਪਛਾਣ, ਟੈਸਟਿੰਗ ਤੇ ਇਲਾਜ ਵਿੱਚ ਕੋਈ ਕੁਤਾਹੀ ਨਾ ਵਰਤੀ ਜਾਵੇ। ਬਲਕਿ ਸਿਹਤ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਜੇਕਰ ਕੋਰੋਨਾ ਦੇ ਕੇਸ ਵਧਦੇ ਹਨ ਤਾਂ ਸਾਡੀ ਤਿਆਰੀ ਪੂਰੀ ਹੋਵੇ। ਇਹ ਵਿਚਾਰ ਮੁੱਖ ਸਕੱਤਰ, ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪੈਲਕਸ, ਰੂਪਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟਾਏ।

Advertisements

ਮੁੱਖ ਸਕੱਤਰ ਵਿਨੀ ਮਹਾਜਨ ਅੱਜ ਰੂਪਨਗਰ ਡਿਵੀਜ਼ਨ ਦੇ ਦੌਰੇ ‘ਤੇ ਆਏ ਸਨ। ਉਨਾਂ ਨੇ ਸਵੇਰੇ ਸ੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਿਆ। ਇਸ ਬਾਅਦ ਉਨਾਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ, ਰੂਪਨਗਰ ਵਿਖੇ ਤਿੰਨ ਜ਼ਿਲਿਆਂ ਰੂਪਨਗਰ, ਐਸ.ਏ.ਐਸ. ਨਗਰ ਅਤੇ ਐਸ.ਬੀ.ਐਸ. ਨਗਰ ਦੇ ਡਿਪਟੀ ਕਮਿਸ਼ਨਰਾਂ ਨਾਲ ਕੋਰੋਨਾ ਦੀ ਮੌਜੂਦਾ ਸਥਿਤੀ ਤੋਂ ਇਲਾਵਾ ਇਨਾਂ ਜ਼ਿਲਿਆਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਇਕ ਉਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਜੰਗਲੀ ਜੀਵ ਸੁਰੱਖਿਆ ਵਿਭਾਗ ਸ੍ਰੀਮਤੀ ਰਵਨੀਤ ਕੌਰ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਜਸਪ੍ਰੀਤ ਤਲਵਾੜ, ਕਮਿਸ਼ਨਰ ਰੂਪਨਗਰ ਡਿਵੀਜ਼ਨ ਰਾਜ ਕਮਲ ਚੌਧਰੀ, ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਗਿਰੀਸ਼ ਦਿਆਲਨ, ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ਼ੇਨਾ ਅਗਰਵਾਲ ਅਤੇ ਐਸ. ਐਸ. ਪੀ. ਰੂਪਨਗਰ ਡਾ. ਅਖਿਲ ਚੌਧਰੀ ਵੀ ਹਾਜ਼ਰ ਸਨ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਮੀਟਿੰਗ ਦੌਰਾਨ ਇਨਾਂ ਤਿੰਨ ਜ਼ਿਲਿਆਂ ਵਿੱਚ ਕੋਰੋਨਾ ਦੀ ਬਿਮਾਰੀ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ। ਉਨਾਂ ਵਿਸ਼ੇਸ਼ ਤੌਰ ‘ਤੇ ਇਹ ਹਦਾਇਤਾਂ ਕੀਤੀਆਂ ਕਿ ਜ਼ਿਲਾ ਹਸਪਤਾਲਾਂ ਵਿਖੇ ਕਰੋਨਾ ਦੇ ਟੈਸਟ 24 ਘੰਟੇ ਕੀਤੇ ਜਾਣ ਦੀ ਵਿਵਸਥਾ ਕੀਤੀ ਜਾਵੇ। ਉਨਾਂ ਨੇ ਇਨਾਂ ਜ਼ਿਲਿਆਂ ਵਿੱਚ ਝੇਨੇ ਦੀ ਕਟਾਈ ਮਗਰੋਂ ਪਰਾਲੀ ਨੂੰ ਸਾੜੇ ਜਾਣ ਦੀ ਮੌਜੂਦਾ ਸਥਿਤੀ ਬਾਰੇ ਵੀ ਸਬੰਧਤ ਡਿਪਟੀ ਕਮਿਸ਼ਨਰਾਂ ਤੋਂ ਜਾਣਕਾਰੀ ਲਈ। ਪਰਾਲੀ ਸਾੜਨ ਦੇ ਘੱਟ ਰਹੇ ਰੁਝਾਨ ‘ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਨਾ ਵਰਤੀ ਜਾਵੇ ਅਤੇ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ।

ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀਆਂ ਸਕੀਮਾਂ ਦੀ ਸਮੀਖਿਆ ਕਰਨ ਤੋਂ ਇਲਾਵਾ ਮੁੱਖ ਸਕੱਤਰ ਨੇ ਡੈਪੋ ਪ੍ਰੋਗਰਾਮ, ਸਿਹਤ ਵਿਭਾਗ ਦੇ ਓਟ ਕਲੀਨਿਕ ਅਤੇ ਰੀ-ਹੈਬਲੀਟੇਸ਼ਨ ਸੈਂਟਰਾਂ ਦੀ ਸਥਿਤੀ ਤੋ ਇਲਾਵਾ ਨਸ਼ਾ ਛੁਡਾਊ ਕੇਂਦਰਾਂ ਦੇ ਕੰਮ-ਕਾਜ ਅਤੇ ਸਥਿਤੀ ਬਾਰੇ ਵੀ ਜਾਣਕਾਰੀ ਲਈ। ਇਸ ਤੋਂ ਇਲਾਵਾ ਉਨਾਂ ਨੇ ਇਨਾਂ ਜ਼ਿਲਿਆਂ ਵਿੱਚ ਆਬਕਾਰੀ ਤੇ ਕਰ ਦੀ ਉਗਰਾਹੀ, ਸਟੈਂਪ ਡਿਊਟੀ, ਵੈਟ ਤੇ ਜੀ.ਐਸ.ਟੀ. ਦੀ ਉਗਰਾਹੀ ਦੇ ਮੌਜੂਦਾ ਅੰਕੜਿਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਸਮੀਖਿਆ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੈਰ ਰਸਮੀ ਮੁਲਾਕਾਤ ਦੌਰਾਨ ਮੁੱਖ ਸਕੱਤਰ ਨੇ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਜਿਨਾਂ ਨਾਲ ਸਾਡੀਆਂ ਧਾਰਮਿਕ ਤੇ ਸੱਭਿਆਚਾਰਕ ਭਾਵਨਾਵਾਂ ਜੁੜੀਆਂ ਹੋਈਆਂ ਹਨ।

ਉਨਾਂ ਕਿਹਾ ਕਿ ਭਾਵੇਂ ਕੋਰੋਨਾ ਦੀ ਬਿਮਾਰੀ ਅਜੇ ਪੂਰੀ ਤਰਾਂ ਖਤਮ ਨਹੀਂ ਹੋਈ ਪਰ ਇਨਾਂ ਤਿਉਹਾਰਾਂ ਦੇ ਮਹੱਤਵ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਨੇ ਲੋਕਾਂ ਨੂੰ ਕੁੱਝ ਛੋਟ ਦਿੱਤੀ ਹੈ ਪਰ ਇਸ ਦੇ ਨਾਲ ਹੀ ਵੱਡੇ ਸਮਾਜਿਕ ਸਰੋਕਾਰ ਨੂੰ ਮੁੱਖ ਰੱਖਦਿਆਂ ਕੁਝ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ ਜਿਵੇਂ ਕਿ ਲੋਕਾਂ ਨੂੰ ਇਕ ਥਾਂ ‘ਤੇ ਵੱਧ ਭੀੜ ਕਰਨ ਤੋਂ ਵਰਜਿਆ ਗਿਆ ਹੈ ਅਤੇ ਜਨਤਕ ਥਾਵਾਂ ‘ਤੇ ਜਾਣ ਵੇਲੇ ਮਾਸਕ ਦੀ ਵਰਤੋਂ ਕਰਨ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਬਰਕਰਾਰ ਰੱਖਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਸਰਕਾਰ ਦੀਆਂ ਪਹਿਲ ਕਦਮੀਆਂ ਕਾਰਨ ਇਸ ਵਰੇ ਪਰਾਲੀ ਸਾੜਨ ਦਾ ਰੁਝਾਨ ਬਹੁਤ ਘੱਟ ਹੈ। ਉਨਾਂ ਕਿਹਾ ਕਿ ਵੱਖ ਵੱਖ ਪੰਚਾਇਤਾਂ ਆਪਣੇ ਪੱਧਰ ‘ਤੇ ਮਤੇ ਪਾ ਕੇ ਪਰਾਲੀ ਨਾ ਸਾੜਨ ਦਾ ਪ੍ਰਣ ਕਰ ਰਹੀਆਂ ਹਨ ਜਦੋਂਕਿ ਵੱਖ ਵੱਖ ਕਿਸਾਨ ਸੋਸ਼ਲ ਮੀਡੀਆ ਰਾਹੀਂ ਇਹ ਦੱਸ ਰਹੇ ਹਨ ਕਿ ਪਰਾਲੀ ਨੂੰ ਸਾੜੇ ਜਾਣ ਨਾਲ ਜਿਥੇ ਵਾਤਾਵਰਨ ਪਲੀਤ ਹੁੰਦਾ ਹੈ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਉਨਾਂ ਦੱਸਿਆ ਕਿ ਲੋਕਾਂ ਵਿੱਚ ਕਾਫੀ ਜਾਗਰੂਕਤਾ ਆਈ ਹੈ ਅਤੇ ਸਰਕਾਰ ਦਾ ਹਰ ਮਹਿਕਮਾ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ

LEAVE A REPLY

Please enter your comment!
Please enter your name here