ਜੁਡੀਸ਼ੀਅਲ ਕੰਪਲੈਕਸ ਵਿਖੇ ਲਗਾਇਆ ਕੋਵਿਡ ਟੈਸਟਿੰਗ ਕੈਂਪ, ਸਿਹਤ ਵਿਭਾਗ ਦੀ ਟੀਮ ਨੇ 600 ਤੋਂ ਵੱਧ ਲਏ ਸੈਂਪਲ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਦਯਾ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਬੁੱਧਵਾਰ ਨੂੰ ਜ਼ਿਲਾ ਨਿਆਂਇਕ ਕੰਪਲੈਕਸ ਵਿਖੇ ਕੋਵਿਡ -19 ਟੈਸਟਿੰਗ ਕੈਂਪ ਲਗਾਇਆ ਗਿਆ। ਇਹ ਕੈਂਪ ਜ਼ਿਲਾ ਅਤੇ ਸੈਸ਼ਨ ਜੱਜ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐਲਐਸਏ), ਜਲੰਧਰ ਦੀ ਚੇਅਰਪਰਸਨ ਰੁਪਿੰਦਰਜੀਤ ਚਾਹਲ ਦੀ ਨਿਗਰਾਨੀ ਹੇਠ ਲਗਾਇਆ ਗਿਆ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਅਤੇ ਸੈਸ਼ਨ ਜੱਜ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ 6 ਟੀਮਾਂ ਵੱਲੋਂ ਟੈਸਟ ਕੀਤੇ ਗਏ ਹਨ ਅਤੇ ਉਹਨਾਂ ਵੱਲੋਂ 600 ਤੋਂ ਵੱਧ ਸੈਂਪਲ ਇਕੱਤਰ ਕੀਤੇ ਗਏ ਹਨ। ਉਨਾਂ ਕਿਹਾ ਕਿ ਮਾਣਯੋਗ ਜਸਟਿਸ ਦਯਾ ਚੌਧਰੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ, ਜੋ ਪ੍ਰਸ਼ਾਸਕੀ ਜੱਜ ਸੈਸ਼ਨ ਡਵੀਜ਼ਨ ਜਲੰਧਰ ਵੀ ਹਨ, ਦੀ ਯੋਗ ਅਗਵਾਈ ਹੇਠ ਇਹ ਕੈਂਪ ਕੋਰਟ ਕੰਪਲੈਕਸ ਦੇ ਵਿਹੜੇ ਵਿੱਚ ਲਗਾਇਆ ਗਿਆ, ਜਿਸ ਵਿੱਚ ਸਾਰੇ ਜੱਜਾਂ, ਅਦਾਲਤੀ ਅਮਲੇ, ਵਕੀਲਾਂ, ਉਨਾਂ ਦੇ ਕਲਰਕਾਂ ਅਤੇ ਅਦਾਲਤਾਂ ਵਿੱਚ ਆਏ ਲੋਕਾਂ ਦੇ ਸਿਹਤ ਟੀਮਾਂ ਵੱਲੋਂ ਕੋਵਿਡ ਟੈਸਟ ਕੀਤੇ ਗਏ। ਰੁਪਿੰਦਰਜੀਤ ਚਾਹਲ ਨੇ ਦੱਸਿਆ ਕਿ ਇਹ ਟੈਸਟਿੰਗ ਇਸ ਤੱਥ ਦੇ ਮੱਦੇਨਜ਼ਰ ਕੀਤੀ ਗਈ ਹੈ ਕਿ ਮਾਣਯੋਗ ਜਸਟਿਸ ਦਯਾ ਚੌਧਰੀ ਨਿਆਂਇਕ ਅਧਿਕਾਰੀਆਂ, ਅਦਾਲਤੀ ਅਮਲੇ, ਵਕੀਲਾਂ ਅਤੇ ਅਦਾਲਤਾਂ ਵਿੱਚ ਆਉਣ ਵਾਲੇ ਲੋਕਾਂ ਦੀ ਸਿਹਤ ਪ੍ਰਤੀ ਬਹੁਤ ਚਿੰਤਤ ਹਨ।

ਉਨਾਂ ਅਦਾਲਤ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਆਪਣਾ ਟੈਸਟ ਕਰਵਾਉਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਕਿ ਜ਼ਿਲੇ ਦੀਆਂ ਅਦਾਲਤਾਂ ਦੇ ਕੰਮਕਾਜ ਕਾਰਨ ਕੋਵਿਡ -19 ਦੀ ਲਾਗ ਨਾ ਫੈਲੇ। ਸੀਜੇਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਜਾਪਿੰਦਰ ਸਿੰਘ ਨੇ ਦੱਸਿਆ ਕਿ ਵਕੀਲਾਂ, ਕਲਰਕਾਂ ਅਤੇ ਅਦਾਲਤਾਂ ਵਿੱਚ ਆਉਣ ਵਾਲੇ ਲੋਕਾਂ ਦੇ ਫਾਇਦੇ ਲਈ ਟੈਸਟਿੰਗ ਕਾਊਂਟਰ ਜ਼ਿਲਾ ਅਦਾਲਤਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੀ ਕੰਮ ਕਰਨਾ ਜਾਰੀ ਰੱਖਣਗੇ।ਟੈਸਟਿੰਗ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਹੋਰਨਾਂ ਤੋਂ ਇਲਾਵਾ ਸਿਵਲ ਜੱਜ (ਸੀਨੀਅਰ ਡਵੀਜ਼ਨ) ਕਪਿਲ ਅਗਰਵਾਲ, ਸੀਜੇਐਮਜ਼ ਅਮਿਤਾ ਸਿੰਘ, ਸੁਸ਼ਮਾ ਦੇਵੀ ਨੇ ਵਿਸ਼ੇਸ਼ ਯੋਗਦਾਨ ਦਿੱਤਾ।

LEAVE A REPLY

Please enter your comment!
Please enter your name here