ਜਲੰਧਰ: ਮੈੜੀ ਮੇਲੇ ਦੌਰਾਨ ਸ਼ਰਧਾਲੂ ਕੋਵਿਡ-19 ਸਬੰਧੀ ਹਦਾਇਤਾਂ ਨੂੰ ਯਕੀਨੀ ਬਣਾਉਣ: ਡਿਪਟੀ ਕਮਿਸ਼ਨਰ

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ, ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੈੜੀ ਸਬ ਡਵੀਜ਼ਨ ਅੰਬ, ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵਿਖੇ ਮੈੜੀ ਮੇਲਾ 21 ਤੋਂ 31 ਮਾਰਚ, 2021 ਤੱਕ ਮਨਾਇਆ ਜਾ ਰਿਹਾ ਹੈ,  ਜਿਸ ਵਿੱਚ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਜਾਂਦੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤੇ ਜੱਥੇ/ਸੰਗਤਾਂ ਪੇਂਡੂ ਖੇਤਰਾਂ ਵਿੱਚੋਂ ਬੱਸਾਂ, ਟਰੱਕਾਂ ਅਤੇ ਟਰੈਕਟਰ ਟਰਾਲੀ ਵਿੱਚ ਜਾਂਦੇ ਹਨ।

Advertisements

ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਮੇਲੇ ਦੌਰਾਨ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਅਤੇ ਸੁਰੱਖਿਆ ਦੇ ਮੱਦੇਨਜ਼ਰ ਭਾਰ ਢੋਹਣ ਵਾਲੇ ਵਾਹਨਾਂ ਵਿੱਚ ਓਵਰ ਲੋਡਿੰਗ ਕਰਕੇ ਨਹੀਂ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਖਾਸ ਕਰਕੇ ਪਿੰਡਾਂ ਵਿੱਚੋਂ ਡੇਰਾ ਬਾਬਾ ਵਡਭਾਗ ਸਿੰਘ/ਮੰਜੀ ਸਾਹਿਬ/ਅਜੀਤ ਬਾਬਾ ਵਡਭਾਗ ਮੈੜੀ ਜਾਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਦੱਸਿਆ ਕਿ ਊਨਾ ਪ੍ਰਸ਼ਾਸਨ ਵੱਲੋਂ ਓਵਰਲੋਡ ਵਾਹਨਾਂ ਵਿਸ਼ੇਸ਼ ਕਰਕੇ ਮਾਲ ਢੋਣ ਵਾਲੇ ਵਾਹਨਾਂ ਵਿੱਚ ਯਾਤਰੀਆਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਊਨਾ ਵੱਲ ਅਜਿਹੀ ਗੈਰ-ਕਾਨੂੰਨੀ ਆਵਾਜਾਈ ਦੀ ਜਾਂਚ ਲਈ ਮਾਰਚ, 2021 ਮਹੀਨੇ ਦੌਰਾਨ ਨਾਕੇ ਵੀ ਸਥਾਪਤ ਕੀਤੇ ਗਏ ਹਨ। ਉਨ੍ਹਾਂ ਸ਼ਰਧਾਲੂਆਂ ਨੂੰ ਕਿਹਾ ਕਿ ਅਵਾਜਾਈ ਨਿਯਮਾਂ ਦੀ ਪੂਰੀ ਮੁਸਤੈਦੀ ਨਾਲ ਪਾਲਣਾ ਕੀਤੀ ਜਾਵੇ।

ਉਨ੍ਹਾਂ ਅੱਗੇ ਦੱਸਿਆ ਕਿ ਦੱਸਿਆ ਕਿ ਮੈੜੀ ਮੇਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਨਾਲ ਸਬੰਧਤ ਐਸ.ਓ.ਪੀ. ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਊਨਾ ਪ੍ਰਸ਼ਾਸਨ ਵੱਲੋਂ ਮੇਲੇ ਦੌਰਾਨ ਮੇਲਾ ਖੇਤਰ ਵਿੱਚ ਇਕ ਦਿਨ ਤੋਂ ਜ਼ਿਆਦਾ ਦਿਨਾਂ ਤੱਕ ਠਹਿਰਣ ਵਾਲੇ ਯਾਤਰੀਆਂ ਦੀ ਸਿਹਤ ਵਿਭਾਗ ਵੱਲੋਂ ਸਕਰੀਨਿੰਗ ਕੀਤੀ ਜਾਵੇਗੀ ਅਤੇ ਕੋਵਿਡ-19 ਦੇ ਲੱਛਣ ਪਾਏ ਜਾਣ ‘ਤੇ ਉਨ੍ਹਾਂ ਦਾ ਟੈਸਟ ਕਰ ਕੇ ਉਨ੍ਹਾਂ ਨੂੰ ਆਈਸੋਲੇਟ ਕੀਤਾ ਜਾਵੇਗਾ। ਇਸੇ ਤਰ੍ਹਾਂ ਊਨਾ ਪ੍ਰਸ਼ਾਸਨ ਵੱਲੋਂ ਕਾਊਂਟਰ ਲਗਾ ਕੇ ਯਾਤਰੀਆਂ ਦੀ ਸੁਵਿਧਾ ਲਈ ਮਾਸਕ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਹੋਵੇਗੀ। ਮੇਲਾ ਖੇਤਰ ਵਿੱਚ ਸ਼ਰਧਾਲੂਆਂ ਵੱਲੋਂ ਮਾਸਕ ਨਾ ਪਹਿਨਣ ‘ਤੇ ਉਥੋਂ ਦੀ ਪੁਲਿਸ 5000 ਰੁਪਏ ਤੱਕ ਦਾ ਚਲਾਨ ਕਰਨ ਦੇ ਸਮਰੱਥ ਹੋਵੇਗੀ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਜਾਰੀ ਕੋਵਿਡ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ ਤਾਂ ਜੋ ਕੋਵਿਡ ਮਹਾਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਊਨਾ ਪ੍ਰਸ਼ਾਸਨ ਵੱਲੋਂ ਆਸ਼ਰਮ ਅਤੇ ਧਰਮਸ਼ਲਾਵਾਂ ਲਈ ਵੀ ਸੁਰੱਖਿਆ ਮਾਪਦੰਡ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਦੂਜੇ ਰਾਜ ਤੋਂ ਆਉਣ ਵਾਲੇ ਯਾਤਰੀਆਂ ਤੋਂ ਆਪਣੇ ਮੂਲ ਰਾਜ, ਜ਼ਿਲ੍ਹਾ/ਤਹਿਸੀਲ ਅਤੇ ਸਿਹਤ ਕੇਂਦਰ ਵੱਲੋਂ ਜਾਰੀ ਕੋਰੋਨਾ ਫਿਟਨੈੱਸ ਪ੍ਰਮਾਣ ਪੱਤਰ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਜ਼ਿਲ੍ਹੇ ਵਿੱਚੋਂ ਮੈੜੀ ਮੇਲੇ ਵਿੱਚ ਜਾਣ ਵਾਲੇ ਸ਼ਰਧਾਲੂਆਂ ਨੂੰ ਮੇਲੇ ਦੌਰਾਨ ਸ਼ਰਧਾਲੂ ਕੋਵਿਡ-19 ਸਬੰਧੀ ਹਦਾਇਤਾਂ ਅਤੇ ਅਵਾਜਾਈ ਨਿਯਮਾਂ ਦੀ ਪੂਰੀ ਮੁਸਤੈਦੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਮੇਲੇ ਦੌਰਾਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।

LEAVE A REPLY

Please enter your comment!
Please enter your name here