ਕਰੋਨਾ ਤੋਂ ਬਚਾਅ ਲਈ ਖਰੀਦ ਕੇਂਦਰਾਂ ਵਿੱਚ ਕੀਤੀ ਜਾ ਰਹੀ ਹੈ ਹਦਾਇਤਾਂ ਦੀ ਪਾਲਣਾ-ਸੇਤੀਆ

ਫਰੀਦਕੋਟ 20 ਅਪ੍ਰੈਲ: ਜਿਲ੍ਹੇ ਦੇ ਖਰੀਦ ਕੇਂਦਰਾਂ ਵਿੱਚ ਜਿੱਥੇ ਮੰਡੀ ਬੋਰਡ ਵੱਲੋਂ ਕਿਸਾਨਾਂ ਲਈ ਛਾਂ, ਪੀਣ ਵਾਲੇ ਪਾਣੀ, ਰੌਸ਼ਨੀ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਖਰੀਦ ਏਜੰਸੀਆਂ ਵੱਲੋਂ ਜਿਲ੍ਹੇ ਦੇ ਸਾਰੇ 68 ਖਰੀਦ ਕੇਂਦਰਾ ਵਿੱਚ ਕਣਕ ਦੀ ਨਿਰਵਿਘਨ ਖਰੀਦ ਜਾਰੀ ਹੈ। ਇਸ ਸਭ ਤੋਂ ਇਲਾਵਾ ਜਿਲ੍ਹੇ ਦੇ ਸਮੁੱਚੇ ਖਰੀਦ ਕੇਂਦਰਾਂ ਵਿੱਚ ਕਰੋਨਾ ਤੋਂ ਬਚਾਅ, ਕਰੋਨਾ ਤੋਂ ਸੁਰੱਖਿਆਂ ਸਬੰਧੀ ਸਾਵਧਾਨੀਆਂ ਵਰਤਣ ਦੀਆਂ ਵੀ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦਿੱਤੀ।

Advertisements

ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਸਮੇਂ ਸਮੇਂ ਆੜ੍ਹਤੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਉਨ੍ਹਾਂ ਦੀ ਆੜ੍ਹਤ ਤੇ ਆਉਣ ਵਾਲੇ ਕਿਸਾਨਾਂ/ਮਜ਼ਦੂਰਾਂ ਆਦਿ ਨੂੰ ਜਿੱਥੇ ਸੈਨੇਟਾਈਜ਼ਰ, ਹੱਥ ਧੋਣ ਲਈ ਸਾਬਣ ਆਦਿ ਮੁਹੱਈਆ ਕਰਵਾਉਣਗੇ ਉੱਥੇ ਹੀ ਕਰੋਨਾ ਤੋਂ ਬਚਾਅ ਲਈ ਕਿਸਾਨਾਂ, ਮਜ਼ਦੂਰਾਂ ਨੂੰ ਮਾਸਕ ਵੀ ਦੇਣਗੇ।ਉਨ੍ਹਾਂ ਕਿਹਾ ਕਿ ਕਰੋਨਾ ਨਿਯਮਾਂ ਨੂੰ ਸਾਰੇ ਖਰੀਦ ਕੇਂਦਰਾਂ ਵਿੱਚ ਲਗਾਤਾਰ ਲਾਗੂ ਕਰਨ ਲਈ ਮੰਡੀ ਬੋਰਡ ਨੂੰ ਨਿਰਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਮੁੱਚੇ ਜਿਲ੍ਹੇ ਵਿੱਚ ਮੰਡੀ ਬੋਰਡ ਵੱਲੋਂ ਮਾਰਕਿਟ ਕਮੇਟੀਆਂ ਰਾਹੀਂ ਸਮੂਹ ਖਰੀਦ ਕੇਂਦਰਾਂ ਵਿੱਚ ਵੀ ਮਾਸਕ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਇਸ ਮੁਹਿੰਮ ਤਹਿਤ ਮੰਡੀ ਬੋਰਡ ਵੱਲੋਂ ਜਿਲ੍ਹੇ ਦੇ 68 ਖਰੀਦ ਕੇਂਦਰਾਂ ਵਿੱਚ ਕਿਸਾਨਾਂ/ਮਜ਼ਦੂਰਾਂ ਨੂੰ 1200 ਤੋਂ ਵੱਧ ਮਾਸਕ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਕਰੋਨਾ ਮਹਾਮਾਰੀ ਦੀ ਲਾਗ ਨੂੰ ਅੱਗੇ ਤੋਰਣ ਤੋਂ ਰੋਕਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਕਣਕ ਦੀ ਪੂਰੀ ਤਰ੍ਹਾਂ ਖਰੀਦ ਲਈ ਵਚਨਬੱਧ ਹੈ ਤੇ ਇਸ ਦੇ ਨਾਲ ਹੀ ਸਰਕਾਰ ਦੀ ਜਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ ਮੰਡੀਆਂ ਵਿੱਚ ਵੀ ਕਰੋਨਾ ਵਰਗੀ ਮਹਾਂਮਾਰੀ ਤੋਂ ਬਚਾਵੇ ਅਤੇ ਸਾਵਧਾਨੀਆਂ ਵਰਤਨ ਲਈ ਪਾਬੰਦੀ ਕਰੇ।ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ 266560 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿਚੋਂ 236891 ਮੀਟਰਕ ਟਨ ਕਣਕ ਦੀ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਹੈ।ਜਿਸ ਵਿਚੋਂ 63840 ਮੀਟਰਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ।

ਮਾਰਕਿਟ ਕਮੇਟੀ ਫਰੀਦਕੋਟ ਦੇ ਚੇਅਰਮੈਨ ਸ੍ਰੀ ਗਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਮੂਹ ਮੰਡੀਆਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਕਿਸਾਨਾਂ, ਆੜ੍ਹਤੀਆਂ ਨੂੰ ਕਰੋਨਾ ਮਾਸਕ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਡੀ ਫਰੀਦਕੋਟ ਵਿਖੇ ਵੀ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਕੈਂਪ ਲਗਾਇਆ ਸੀ ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਖੁੱਦ ਟੀਕਾ ਲਗਵਾ ਕੇ ਕੀਤੀ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਵੱਲੋਂ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ/ਮਜ਼ਦੂਰਾਂ, ਆੜ੍ਹਤੀਆਂ ਨੂੰ ਸਮੇਂ ਸਮੇਂ ਤੇ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਮੇਂ ਸਮੇਂ ਤੇ ਆਪਣੇ ਹੱਥ ਧੌਂਦੇ ਰਹਿਣ, ਮਾਸਕ ਲਗਾ ਕੇ ਰੱਖਣ ਅਤੇ ਇਕ ਦੂਜੇ ਤੋਂ ਦੂਰੀ ਬਣਾ ਦੇ ਰੱਖੀ ਜਾਵੇ ਤਾਂ ਜੋਂ ਕਿਸੇ ਨੂੰ ਵੀ ਕਰੋਨਾ ਦੀ ਲਾਗ ਲੱਗਣ ਦਾ ਖਤਰਾ ਨਾ ਬਣੇ।

ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਜਿੰਨਾ ਵਿਅਕਤੀਆਂ ਨੂੰ ਬੁਖਾਰ, ਖੰਘ ਜਾਂ ਜੁਕਾਮ, ਸਿਰ ਦਰਦ,ਸਾਹ ਲੈਣ ਵਿੱਚ ਤਕਲੀਫ,ਦਿੱਕਤ ਹੋਵੇ ਤਾਂ ਉਹ ਮੰਡੀਆ ਵਿੱਚ ਆਉਣ ਤੋਂ ਗੁਰੇਜ਼ ਕਰਨ ਅਤੇ ਆਪਣਾ ਕਰੋਨਾ ਟੈਸਟ ਕਰਵਾਉਣ। ਸ੍ਰੀ ਸੇਖੋਂ ਨੇ ਕਿਹਾ ਕਿ ਕੁਝ ਖਰੀਦ ਕੇਂਦਰਾਂ ਵਿੱਚ ਪਿਛਲੇ ਦਿਨੀਂ ਬਾਰਦਾਨੇ ਦੀ ਕਿੱਲਤ ਸਾਹਮਣੇ ਆਈ ਸੀ ਪਰ ਮੁੱਖ ਮੰਤਰੀ ਵੱਲੋਂ ਆੜ੍ਹਤੀਆਂ ਨੂੰ ਆਪਣਾ ਬਾਰਦਾਨਾ ਵਰਤਣ ਦੀ ਖੁੱਲ੍ਹ ਦੇਣ ਨਾਲ ਹੁਣ ਇਹ ਸਮੱਸਿਆ ਹੱਲ ਹੋ ਰਹੀ ਹੈ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here