ਪੰਜਾਬ ਅੰਦਰ ਬਿਨਾਂ ਕਿਸੇ ਡਰ ਤੋਂ ਪਸਰ ਰਹੇ ਨਸ਼ੇ ਦੇ ਪੈਰ ਇਕ ਗੰਭੀਰ ਚਿੰਤਾ ਦਾ ਵਿਸ਼ਾ:ਸੁਰਿੰਦਰ ਜਾਜਾ

ਬੁੱਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਮੌਜੂਦਾ ਸਮੇਂ ਪੰਜਾਬ ਅੰਦਰ ਬਿਨਾਂ ਕਿਸੇ ਡਰ ਤੋਂ ਪਸਰ ਰਹੇ ਨਸ਼ੇ ਦੇ ਪੈਰ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਹਨਾਂ ਪਸਰ ਰਹੇ ਪੈਰਾਂ ਵਿਚ ਸੁੱਕ ਕੇ ਪਿੰਜਰ ਬਣੀਆਂ ਜ਼ਿਆਦਾਤਰ ਨਰੋਈਆਂ ਲੱਤਾਂ ਤਾਂ ਨੌਜਵਾਨ ਵਰਗ ਦੀਆਂ ਹਨ। ਜਿੱਥੇ ਇਹ ਨਸ਼ਈ ਨਸ਼ੇ ਵਿਚ ਗਲਤਾਨ ਹੋ ਕੇ ਆਪਣੇ ਮਾਂ-ਬਾਪ ਅਤੇ ਰਿਸ਼ਤੇਦਾਰਾਂ ਨੂੰ ਆਰਥਿਕ ਅਤੇ ਮਾਨਸਿਕ ਸੰਕਟ ਵਿਚ ਪਾ ਰਹੇ ਹਨ ਉੱਥੇ ਹੀ ਰੋਜਾਨਾਂ ਚੁਣੇ ਹੋਏ ਅੱਡਿਆਂ ਤੇ ਬੈਠ ਕਿਸੇ ਨਵੇਂ ਜੁਰਮ ਨੂੰ ਅੰਜ਼ਾਮ ਦੇਣ ਲਈ ਕੀਤੀਆਂ ਜਾਂਦੀਆਂ ਆਪਣੀਆਂ ਬੇਅਰਥ ਮੀਟਿੰਗਾਂ ਦੇ ਜਰੀਏ ਸਮਾਜ ਵੱਲੋਂ ਸੌਖਾਲੇ ਹੀ ਕੀਤੇ ਜਾਣ ਵਾਲੇ ਨਿੱਜੀ ਕੰਮਾਂ ਨੂੰ ਕਰਨ ਵਿਚ ਰੁਕਾਵਟ ਵੀ ਬਣ ਰਹੇ ਹਨ।

Advertisements

 ਬੇਸ਼ੱਕ ਨਸ਼ਈ ਦਿਸ਼ਾ ਹੀਣ ਹੁੰਦੇ ਹਨ ਪਰੰਤੂ ਰੋਜ਼ਾਨਾਂ ਨਸ਼ੇ ਦੀ ਲੋਰ ਵਿਚ ਰਹਿੰਦੇ ਹੋਏ ਦਿਨ ਰਾਤ ਸਾਥ ਦੇਣ ਵਾਲੀ ਮਾੜੀ ਸੰਗਤ ਕਾਰਨ ਉਹ ਜੁਰਮ ਦੀ ਅਜਿਹੀ ਦਿਸ਼ਾ ਇਖਤਿਆਰ ਕਰਦੇ ਹਨ ਜਿੱਥੋਂ ਮਾਂ-ਬਾਪ ਲਈ ਔਲਾਦ ਨੂੰ ਵਾਪਿਸ ਮੋੜ ਲਿਆਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਉਕਤ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸੁਰਿੰਦਰ ਜਾਜਾ ਭਾਰਤੀ ਵਾਲਮੀਕਿ ਧਰਮ ਸਮਾਜ,ਭਾਵਦਾਸ ਪੰਜਾਬ ਪ੍ਰਧਾਨ ਨੇ ਕਿਹਾ ਕਿ ਨਸ਼ਈ ਵਿਅਕਤੀ ਜਨਮਜਾਤ ਤੋਂ ਨਸ਼ਈ ਨਹੀਂ ਹੁੰਦੇ ਇਹ ਇਕ ਸਮਾਜਿਕ ਤਾਣੇ-ਬਾਣੇ ਦੀ ਦੁਰਬਲਤਾ ਹੈ ਕਿ ਇਹਨਾਂ ਸ਼ੂਕਦੇ ਦਰਿਆਵਾਂ ਵਰਗੇ ਨੌਜਵਾਨਾਂ ਦਾ ਸਾਹ ਇਹਨਾਂ ਪੱਥਰ ਵਰਗੇ ਨਸ਼ਿਆਂ ਨਾਲ ਟਕਰਾ ਕੇ ਸੱਤਹੀਣ ਹੋ ਰਿਹਾ ਹੈ।ਹਰ ਇੱਕ ਨਸ਼ਈ ਵਿਅਕਤੀ ਤੇ ਇੱਕ ਦਿਨ ਅਜਿਹਾ ਜ਼ਰੂਰ ਆਉਂਦਾ ਹੈ ਜਦੋਂ ਉਹ ਸਮਾਜਿਕ ਵਰਤਾਰੇ ਅੰਦਰ ਤੇ ਘਰ ਪਰਿਵਾਰ ਅੰਦਰ ਆਪਣੀ ਵਾਪਸੀ ਚਾਹੁੰਦਾ ਹੈ ਪਰ ਨਸ਼ੇ ਦੇ ਆਦਿ ਵਿਅਕਤੀ ਲਈ ਸਮਾਜ ਦੀ ਮੁੱਖ ਧਾਰਾ ਅੰਦਰ ਵਾਪਸ ਆਉਣਾ ਹੀ ਮੁੱਖ ਸਮੱਸਿਆ ਹੈ ਜਿਸ ਨੂੰ ਸਮਾਜਿਕ ਅਖੌਤੀ ਕਾਰਕੁੰਨ ਜਾਂ ਵਿਰੋਧੀਆਂ ਦੁਆਰਾ ਵੀ ਬੇਹੱਦ ਮੁਸ਼ਕਿਲ ਜਾਂ ਨਾਮੁਮਕਿਨ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਹਨਾਂ ਨਸ਼ਈਆਂ ਵੱਲੋਂ ਕੀਤੇ ਜਾਣ ਵਾਲੇ ਜ਼ਿਆਦਾਤਰ ਜ਼ੁਰਮ ਵੀ ਵਾਸਤਵਿਕ ਤੌਰ ਤੇ ਨਸ਼ੇ ਵਿਚ ਝੂਮਣ ਲਈ ਹੀ ਹੋਂਦ ਵਿਚ ਆਉਂਦੇ ਹਨ ਅਤੇ ਇਹਨਾਂ ਜ਼ੁਰਮਾਂ ਦੀ ਪੁਜ ਲਈ ਨਸ਼ੇ ਤੇ ਨਸ਼ਈ ਨੌਜਵਾਨਾਂ ਦੇ ਨਾਲ ਨਾਲ ਸਮਾਜਿਕ ਅਡੰਬਰ ਵੀ ਕਿਸੇ ਹੱਦ ਤੱਕ ਜਿੰਮੇਵਾਰ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਤੇਜੀ ਨਾਲ ਵਧ ਰਹੀ ਬੇਰੁਜਗਾਰੀ ਤੇ ਹੋਰ ਸਮਾਜਿਕ ਖਲਜਗਣ ਨੌਜਵਾਨਾਂ ਅੰਦਰ ਪੁੰਗਰਣ ਵਾਲੀਆਂ ਨੈਤਿਕ ਕਰੂੰਬਲਾਂ ਨੂੰ ਪਹਿਲਾਂ ਹੀ ਨਿਗਲ ਜਾਂਦੇ ਹਨ।

ਇਹ ਨਸ਼ਈ ਆਰਥਿਕ ਪੱਖੋਂ ਚੰਗੇ ਘਰਾਣੇ ਨਾਲ ਸਬੰਧ ਰੱਖਦੇ ਨਵੇਂ ਨੌਜਵਾਨਾਂ ਨੂੰ ਆਪਣੀ ਜੁੰਡਲੀ ਵਿਚ ਸ਼ਾਮਲ ਕਰਨ ਨੂੰ ਪਹਿਲ ਦਿੰਦੇ ਹਨ ਅਤੇ ਅਜਿਹੇ ਨੌਜਵਾਨਾਂ ਨੂੰ ਲੱਭ ਕੇ ਇਹ ਦਿਨਾਂ ਚ ਹੀ ਆਪਣਾ ਵਰਗਾ ਨਸ਼ੇ ਦਾ ਪ੍ਰਪੱਕ ਬਣਾ ਦਿੰਦੇ ਹਨ ਇਸ ਤੋਂ ਬਾਅਦ ਤਾਂ ਨਵੇਂ ਸ਼ਾਮਿਲ ਹੋਏ ਮੈਂਬਰ ਵੱਲੋਂ ਮੀਟਿੰਗਾਂ ਵਿਚ ਆਪਣਾ ਫਰਜ਼ ਸਮਝਦੇ ਹੋਏ ਸਭ ਨੂੰ ਨਸ਼ਿਆਂ ਦਾ ਸੇਵਨ ਕਰਵਾਉਣ ਲਈ ਖੂਬ ਪੈਸਾ ਉਡਾਇਆ ਜਾਂਦਾ ਹੈ ਅਤੇ ਬਹੁਤ ਦੇਰ ਬਾਅਦ ਜਦੋਂ ਮਾਂ-ਬਾਪ ਨੂੰ ਲੱਗ ਰਹੇ ਆਰਥਿਕ ਖੋਰੇ ਕਾਰਨ ਬੱਚੇ ਦੀਆਂ ਇਹਨਾਂ ਕਰਤੂਤਾਂ ਦਾ ਪਤਾ ਲੱਗਦਾ ਹੈ ਤਾਂ ਉਦੋ ਤੱਕ ਬੱਚਾ ਨਸ਼ੇ ਦਾ ਆਦੀ ਹੋ ਚੁੱਕਿਆ ਹੁੰਦਾ ਹੈ ਅਤੇ ਰੋਜਾਨਾਂ ਨਸ਼ੇ ਦੀ ਪੂਰਤੀ ਲਈ ਖਰਚ ਹੋਣ ਵਾਲੇ ਪੈਸੇ ਘਰੋਂ ਵਸੂਲਣ ਲਈ ਉਹ ਮਾਂ-ਬਾਪ ਦੇ ਗਲ ਗੂਠਾ ਦੇਣ ਨੂੰ ਵੀ ਆਪਣਾ ਹੱਕ ਸਮਝਣ ਲੱਗ ਪੈਂਦਾ ਹੈ। ਇਹ ਨਸ਼ਈ ਨਸ਼ਿਆਂ ਦੀ ਸ਼ੁਰੂਆਤ ਤੋਂ ਲੈਕੇ ਜਿੰਦਗੀ ਦੇ ਅੰਤਿਮ ਪਲਾਂ ਦੇ ਕਰੀਬ ਪਹੁੰਚਦੇ ਹੋਏ ਕਈ ਤਰਾਂ ਦੀਆਂ ਸਥਿੱਤੀਆਂ ‘ਚੋਂ ਲੰਘਦੇ ਹਨ। ਇਹ ਨਸ਼ਈ ਸ਼ਕਲ ਸੂਰਤ ਤੋਂ ਕੁਝ ਸਮੇਂ ਲਈ ਚੰਗੇ ਦਿਸਦੇ ਹਨ ਜਿਸ ਕਾਰਨ ਕਿਸੇ ਵੀ ਵਿਅਕਤੀ ਨੂੰ ਪਹਿਲੀ ਮੁਲਾਕਾਤ ਦੌਰਾਨ ਇਹਨਾਂ ਦੇ ਨਸ਼ਈ ਹੋਣ ਦਾ ਸਹਿਜੇ ਅੰਦਾਜਾ ਲਗਾਉਣਾ ਥੌੜਾ ਮੁਸ਼ਕਿਲ ਹੋ ਜਾਂਦਾ ਹੈ ਪਰੰਤੂ ਨਸ਼ੇ ਦੀ ਨਿਰੰਤਰ ਖੁਰਾਕ ਕਾਰਨ ਬਦਲੀ ਇਹਨਾਂ ਦੀ ਸਰੀਰਕ ਭਾਸ਼ਾਂ ਇੱਕ ਦਿਨ ਇਹਨਾਂ ਦੀ ਅਸਲ ਸੱਚਾਈ ਸਮਾਜ ਅੱਗੇ ਲਿਆਉਣ ਵਿੱਚ ਕਾਮਯਾਬ ਹੋ ਹੀ ਜਾਂਦੀ ਹੈ ।

ਮੌਜੂਦਾ ਸਮੇਂ ਨਸ਼ਈਆਂ ਦੀਆਂ ਇਹਨਾਂ  ਸਥਿੱਤੀਆਂ ਕਾਰਨ ਪੈਦਾ ਹੋ ਰਹੇ ਗੰਭੀਰ ਹਾਲਾਤਾਂ ਨਾਲ ਨਜਿੱਠਣ ਲਈ ਜਿੱਥੇ ਪੁਲਿਸ ਪ੍ਰਸ਼ਾਸ਼ਨ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਉੱਥੇ ਹੀ ਮਾਂ-ਬਾਪ ਨੂੰ ਵੀ ਔਲਾਦ ਦੇ ਇਹਨਾਂ ਸਥਿੱਤੀਆਂ ਦਾ ਵੀ ਹਿੱਸਾ ਬਣਨ ਤੋਂ ਬਚਾਉਣ ਲਈ ਅਤੇ ਨਸ਼ਿਆਂ ਦਾ ਘਰ ਪ੍ਰਵੇਸ਼ ਰੋਕਣ ਲਈ ਔਲਾਦ ਦੀ ਹਰ ਗਤੀਵਿਧੀ ਤੇ ਤਿੱਖੀ ਨਜਰ ਰੱਖਣੀ ਬਹੁਤ ਜਰੂਰੀ ਹੈ ਤਾਂ ਜੋ ਔਲਾਦ ਦੇ ਇਹਨਾਂ ਮਾੜੀਆਂ ਅਲਾਮਤਾਂ ਵੱਲ ਵਧ ਰਹੇ ਚੁਪੀਤੇ ਕਦਮਾਂ ਦਾ ਸਹਿਜੇ ਹੀ ਪਤਾ ਲਗਾਇਆ ਜਾਵੇ ਅਤੇ ਸਮਾਂ ਰਹਿੰਦੇ ਇਹਨਾਂ ਕਦਮਾਂ ਨੂੰ ਸਹੀ ਦਿਸ਼ਾ ਵੱਲ ਮੋੜਿਆ ਜਾ ਸਕੇ। ਇਸ ਦੇ ਨਾਲ ਹੀ ਮਾਂ-ਬਾਪ ਵੱਲੋਂ ਔਲਾਦ ਨੂੰ ਨਾਜੁਕ ਉਮਰੇ ਦਿੱਤੀਆਂ ਅਸੀਮਤ ਸਹੂਲਤਾਂ ਤੇ ਪਾਬੰਦੀ ਲਾਉਂਦੇ ਹੋਏ ਇਹਨਾਂ ਸਹੂਲਤਾਂ ਦੀ ਹੋਣ ਵਾਲੀ ਵਰਤੋਂ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਔਲਾਦ ਸੌਖਾਲੇ ਹੀ ਮਿਲੀਆਂ ਇਹਨਾਂ ਸਹੂਲਤਾਂ ਦੀ ਅਸਲ ਕੀਮਤ ਸਮਝ ਸਕੇ ਅਤੇ ਇਹ ਸਹੂਲਤਾਂ ਪ੍ਰਦਾਨ ਕਰਨ ਦੇ ਯੋਗ ਬਣੇ ਮਾਂ-ਬਾਪ ਵੱਲੋਂ ਕੀਤੀ ਗਈ ਸਖਤ ਮਿਹਨਤ ਦੀ ਕਦਰ ਪਾਉਂਦੇ ਹੋਏ ਔਲਾਦ ਵੀ ਭਵਿੱਖ ਵਿਚ ਸਿਰਫ ਸੀਮਤ ਸਹੂਲਤਾਂ ਨਾਲ ਜਿੰਦਗੀ ਬਸਰ ਕਰਨ ਦਾ ਫੈਸਲਾ ਲੈ ਸਕੇ।

ਸਮਾਜ ਵੱਲੋਂ ਵੀ ਇਹਨਾਂ ਕੁਰਾਹੇ ਪਏ ਨੌਜਵਾਨਾਂ ਨਾਲ ਘ੍ਰਿਣਾ ਕਰਨ ਦੀ ਬਜਾਏ ਇਹਨਾਂ ਦੀ ਦਿਸ਼ਾਹੀਣਤਾ ਨੂੰ ਦੇਖਦੇ ਹੋਏ ਇਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਲੋੜੀਂਦੇ ਯਤਨ ਕੀਤੇ ਜਾਣੇ ਚਾਹੀਦੇ ਹਨ ਬੇਸ਼ੱਕ ਜਿੰਦਗੀ ਦੇ ਅਸਲੀ ਮਕਸਦ ਤੋਂ ਭਟਕੇ ਨੌਜਵਾਨਾਂ ਨੂੰ ਇਹਨਾਂ ਹਾਲਾਤਾਂ ਨਾਲ ਨਜਿੱਠਣ ਲਈ ਕਿਸੇ ਅੰਕੁਸ਼ ਜਾ ਬੰਦਿਸ਼ ਦੀ ਥਾਂ ਨੇਕ ਤੇ ਚੰਗੀ ਸਲਾਹ ਦੀ ਜਰੂਰਤ ਹੁੰਦੀ ਹੈ ਪਰ ਜਿੰਨਾ ਚਿਰ ਖੁਦ ਮਾਂ-ਬਾਪ ਵੱਲੋਂ ਔਲਾਦ ਨੂੰ ਸਹੀ ਦਿਸ਼ਾ ਵੱਲ ਮੋੜਨ ਦੇ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾਂਦੇ ਉਦੋਂ ਤੱਕ ਔਲਾਦ ਤੋਂ ਚੰਗੇ ਆਚਰਣ ਦੀ ਉਮੀਦ ਰੱਖਣਾ ਵੀ ਬੇਮਾਇਨੇ ਹੈ।

LEAVE A REPLY

Please enter your comment!
Please enter your name here