ਨਵੇਂ ਯੁਵਾ ਵੋਟਰਾਂ ਦੀ ਰਜਿਸਟਰੇਸ਼ਨ ਲਈ 5 ਜੂਨ ਤੋਂ 4 ਜੁਲਾਈ ਤੱਕ ਚਲਾਈ ਜਾਵੇਗੀ ਮੁਹਿੰਮ:ਡਿਪਟੀ ਕਮਿਸ਼ਨਰ

ਜਲੰਧਰ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਅਤੇ ਵੋਟਿੰਗ ਪ੍ਰਤੀਸ਼ਤਤਾ ਨੂੰ ਵਧਾਉਣ ਵਿੱਚ ਯੁਵਾ ਵੋਟਰਾਂ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ, ਇਸ ਲਈ ਚੋਣ ਕਮਿਸ਼ਨ,ਪੰਜਾਬ ਵੱਲੋਂ ਨਵੇਂ ਯੁਵਾ ਵੋਟਰਾਂ ਦੀ ਰਜਿਸਟਰੇਸ਼ਨ ਲਈ 5 ਜੂਨ ਤੋਂ 4 ਜੁਲਾਈ 2021 ਤੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ/ਯੂਨੀਵਰਸਿਟੀਆਂ/ਵਿਦਿਅਕ ਸੰਸਥਾਵਾਂ ਵਿੱਚ ਨਿਯੁਕਤ ਕੀਤੇ ਗਏ ਕੈਂਪਸ ਅੰਬੈਸਡਰਾਂ ਨੂੰ ਚੋਣ ਕਮਿਸ਼ਨ ਵੱਲੋਂ ਇਲੈਕਸ਼ਨ ਸਟਾਰ ਬਣਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 18+ ਉਮਰ ਦੇ ਯੋਗ ਵਿਦਿਆਰਥੀਆਂ ਦੀ ਸਭ ਤੋਂ ਵੱਧ ਵੋਟ ਰਜਿਸਟਰੇਸ਼ਨ ਕਰਵਾਉਣ ਦੇ ਬਦਲੇ ਕੈਂਪਸ ਅੰਬੈਸਡਰਾਂ ਦਾ ਇਲੈਕਸ਼ਨ ਸਟਾਰ ਵਜੋਂ ਪ੍ਰਮਾਣ ਪੱਤਰ ਅਤੇ ਤੋਹਫ਼ਾ ਦੇ ਕੇ ਸਨਮਾਨ ਕੀਤਾ ਜਾਵੇ।

Advertisements

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਭਾਗ ਲੈਣ ਲਈ ਕੈਂਪਸ ਅੰਬੈਸਡਰ ਹਰ ਮਹੀਨੇ ਵੋਟਰ ਹੈਲਪ ਲਾਈਨ ਮੋਬਾਇਲ ਐਪ ਜਾਂ ਵੈਬ ਪੋਰਟਲ www.nvsp.inwww.voterportal.eci.gov.in ਰਾਹੀਂ ਆਨਲਾਈਨ ਫਾਰਮ 6 ਭਰਵਾ ਕੇ ਬਿਨੈਕਾਰਾਂ ਦੀ ਸੂਚੀ ਸਬੰਧਿਤ ਨੋਡਲ ਅਫ਼ਸਰ ਰਾਹੀਂ ਜ਼ਿਲ੍ਹਾ ਚੋਣ ਦਫ਼ਤਰ ਨੂੰ ਵਿਸ਼ੇਸ਼ ਹਰਕਾਰੇ ਜਾਂ ਈਮੇਲ ਰਾਹੀਂ ਭੇਜਣਗੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਭਾਗ ਲੈਣ ਵਾਲੇ ਕੈਂਪਸ ਅੰਬੈਸਡਰਾਂ ਵਲੋਂ ਸਭ ਤੋਂ ਵੱਧ ਵੋਟਰਾਂ ਦੀ ਰਜਿਸਟਰੇਸ਼ਨ ਦੀ ਗਿਣਤੀ ਦੇ ਅਧਾਰ ’ਤੇ ਪਹਿਲੇ,ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਜੇਤੂਆਂ ਦੀ ਚੋਣ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਦਸੰਬਰ 2021 ਦੇ ਅੰਤ ਤੱਕ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਨਵੇਂ ਯੁਵਾ ਵੋਟਰਾਂ ਦੀ ਰਜਿਸਟਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰਾਂ ਨੂੰ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2022 ਮੌਕੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸਮੂਹ ਕੈਂਪਸ ਅੰਬੈਸਡਰਾਂ ਨੂੰ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਅਤੇ ਵੋਟ ਪ੍ਰਤੀਸ਼ਸਤਾ ਵਿੱਚ ਵਾਧੇ ਲਈ ਵੱਧ ਤੋਂ ਵੱਧ ਯੁਵਾ ਵੋਟਰਾਂ ਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਤਾਂ ਜੋ ਕੋਈ ਵੀ ਯੋਗ ਯੁਵਾ ਵੋਟਰ ਵੋਟ ਦੇ ਅਧਿਕਾਰ ਤੋਂ ਵਾਂਝਾਂ ਨਾ ਰਹਿ ਜਾਵੇ।

LEAVE A REPLY

Please enter your comment!
Please enter your name here