ਸ਼ਾਮ 6 ਵਜੇ ਤੱਕ ਸਾਰੀਆਂ ਦੁਕਾਨਾਂ ਤੇ ਪ੍ਰਾਈਵੇਟ ਦਫਤਰਾਂ ਨੂੰ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੇ ਆਦੇਸ਼

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਵਿੱਚ 15 ਜੂਨ ਤੱਕ ਨਵੀਆਂ ਛੋਟਾਂ ਅਤੇ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿੱਚ ਸ਼ਾਮ 6 ਵਜੇ ਤੱਕ ਸਾਰੀਆਂ ਦੁਕਾਨਾਂ ਖੋਲ੍ਹਣ ਅਤੇ ਪ੍ਰਾਈਵੇਟ ਦਫ਼ਤਰ 50 ਫੀਸਦੀ ਸਮਰੱਥਾ ਨਾਲ ਖੋਲ੍ਹਣੇ ਸ਼ਾਮਲ ਹਨ। ਇਸ ਤੋਂ ਇਲਾਵਾ ਹੋਟਲ, ਰੈਸਟੋਰੈਂਟ ਅਤੇ ਢਾਬੇ ਰਾਤ 9 ਵਜੇ ਤੱਕ ਹੋਮ ਡਿਲੀਵਰੀ ਤੇ ਟੇਕਅਵੇ ਦੀਆਂ ਸੇਵਾਵਾਂ ਦੇ ਸਕਣਗੇ। ਉਨ੍ਹਾਂ ਕਿਹਾ ਕਿ ਰਾਤ ਦਾ ਕਰਫਿਊ ਹੁਣ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਜਦਕਿ ਸ਼ਨੀਵਾਰ ਸ਼ਾਮ 7 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹਫਤਾਵਰੀ ਕਰਫਿਊ ਰਹੇਗਾ। ਇਸ ਦੌਰਾਨ ਸਾਰੀਆਂ ਗੈਰ ਜ਼ਰੂਰੀ ਗਤੀਵਿਧੀਆਂ ’ਤੇ ਰੋਕ ਹੋਵੇਗੀ ਜਦਕਿ ਹਵਾਈ ਯਾਤਰਾ ਕਰਨ ਵਾਲਿਆਂ ਨੂੰ 72 ਘੰਟੇ ਪੁਰਾਣੀ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫਿਕੇਟ (ਜਿਸ ਨੂੰ 2 ਹਫ਼ਤੇ ਪਹਿਲੇ ਘੱਟ ਤੋਂ ਘੱਟ ਇਕ ਡੋਜ਼ ਲੱਗੀ ਹੋਵੇ) ਦਿਖਾਉਣ ’ਤੇ ਕਰਫਿਊ ਤੋਂ ਛੋਟ ਹੋਵੇਗੀ। ਉਨ੍ਹਾਂ ਕਿਹਾ ਕਿ ਜਨਤਕ ਟਰਾਂਸਪੋਰਟ ’ਤੇ ਕੁੱਲ ਸਮਰੱਥਾ ਦੇ 50 ਫੀਸਦੀ ਸਵਾਰੀਆਂ ਨੂੰ ਬੈਠਣ ਦੀ ਆਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਾਰੇ ਵਿਦਿਅਕ ਸੰਸਥਾਵਾਂ ਜਿਵੇਂ ਸਕੂਲ, ਕਾਲਜ ਬੰਦ ਰਹਿਣਗੇ ਜਦਕਿ ਸਟਾਫ਼ ਨੂੰ ਡਿਊਟੀ ਲਈ ਬੁਲਾਇਆ ਜਾ ਸਕਦਾ ਹੈ।

Advertisements


ਰਾਤ ਦਾ ਕਰਫਿਊ ਹੁਣ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ, ਸ਼ਨੀਵਾਰ ਸ਼ਾਮ 7 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ ਹਫਤਾਵਰੀ ਕਰਫਿਊ

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਨਰਸਿੰਗ ਤੇ ਮੈਡੀਕਲ ਕਾਲਜ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਦੇ ਨਾਲ ਭਰਤੀ ਪ੍ਰੀਖਿਆਵਾਂ ਦੀ ਮਨਜ਼ੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੁਕਾਬਲਿਆਂ ਲਈ ਖੇਡ ਸਿਖਲਾਈ ਦੀ ਵੀ ਆਗਿਆ ਦਿੱਤੀ ਗਈ ਹੈ ਅਤੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਦੁਆਰਾ ਇਸ ਸਬੰਧੀ ਜਾਰੀ ਜ਼ਰੂਰੀ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰ ਦਾ ਮੁੱਖੀ ਹਾਜ਼ਰੀ ਸਬੰਧੀ ਫੈਸਲਾ ਲੈ ਸਕਦਾ ਹੈ ਪਰੰਤੂ ਜੋਖਮ ਕਾਰਨ ਸਹਿ ਬੀਮਾਰੀ/ਦਿਵਆਂਗ ਕਰਮਚਾਰੀਆਂ ਨੂੰ ਛੋਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵਿਆਹ ਅਤੇ ਅੰਤਮ ਸਸਕਾਰ ਸਮੇਤ ਕਿਤੇ ਵੀ 20 ਤੋਂ ਵੱਧ ਲੋਕ ਇਕੱਤਰ ਹੋਣ ਦੀ ਆਗਿਆ ਨਹੀਂ ਹੈ ਜਦਕਿ ਅੰਤਮ ਸਸਕਾਰ ਨੂੰ ਛੱਡ ਕੇ ਸਾਰੇ ਸਮਾਗਮਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਹਿਲਾਂ ਆਗਿਆ ਲੈਣੀ ਜ਼ਰੂਰੀ ਹੈ ਅਤੇ ਇਹ ਆਗਿਆ ਸਬੰਧਤ ਐਸ.ਡੀ.ਐਮ. ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਵਿਅਕਤੀਗਤ ਤੌਰ ’ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਤੋਂ ਪ੍ਰਹੇਜ ਕਰਦੇ ਹੋਏ ਇਸ ਮਕਸਦ ਲਈ ਆਨਲਾਈਨ ਤੇ ਵਰਚੂਅਲ ਤਰੀਕੇ ਅਪਨਾਏ ਜਾਣ।

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਹਫ਼ਤੇ ਦੇ 7 ਦਿਨ ਅਤੇ 24 ਘੰਟੇ ਕੁਝ ਜ਼ਰੂਰੀ ਸੰਸਥਾਵਾਂ ਖੋਲ੍ਹਣ ਤੇ ਗਤੀਵਿਧੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ, ਦੁੱਧ ਵਾਲੇ ਅਤੇ ਦੁੱਧ ਵੇਚਣ ਵਾਲੀਆਂ ਦੁਕਾਨਾਂ, ਸਬਜ਼ੀ ਤੇ ਫ਼ਲਾਂ ਦੀਆਂ ਦੁਕਾਨਾਂ, ਬਰੈਡ, ਅੰਡੇ, ਪੋਲਟਰੀ, ਮੀਟ, ਮੱਛੀ ਦੀਆਂ ਦੁਕਾਨਾਂ, ਪਸ਼ੂਆਂ ਦੇ ਚਾਰੇ, ਕੈਮਿਸਟ, ਹਸਪਤਾਲ, ਕਲੀਨਿਕ, ਡਾਇਗਨਾਸਟਿਕ ਸੈਂਟਰ, ਮੈਡੀਕਲ ਲੈਬਾਰਟਰੀਆਂ, ਵੈਟਨਰੀ ਕਲੀਨਿਕ, ਮੈਡੀਕਲ ਨਾਲ ਜੁੜੀਆਂ ਸਾਰੀਆਂ ਸੇਵਾਵਾਂ, ਇੰਡਸਟਰੀਅਲ ਯੂਨਿਟਸ, ਐਲ.ਪੀ.ਜੀ., ਪੈਟਰੋਲ ਪੰਪ, ਇੰਡਸਟਰੀਅਲ ਮੈਟੀਰੀਅਲ ਵੇਚਣ ਵਾਲੀਆਂ ਦੁਕਾਨਾਂ, ਇੰਪੋਰਟ ਤੇ ਐਕਸਪੋਰਟਸ ਨਾਲ ਜੁੜੀਆਂ ਸੰਸਥਾਵਾਂ, ਈ-ਕਾਮਰਸ ਸਬੰਧੀ ਹੋਮ ਡਿਲੀਵਰੀ, ਬਾਗਬਾਨੀ, ਪਸ਼ੂ ਪਾਲਣ, ਪੋਲਟਰੀ ਉਤਪਾਦ, ਮੈਨੂਫੈਕਚਰਿੰਗ ਯੂਨਿਟਸ, ਅਨਾਜ ਖਰੀਦ ਨਾਲ ਜੁੜੀਆਂ ਗਤੀਵਿਧੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਰੇ ਬੈਂਕ, ਏ.ਟੀ.ਐਮ. ਤੇ ਵਿੱਤੀ ਸੰਸਥਾਵਾਂ ਖੁੱਲ੍ਹੀਆਂ ਰਹਿਣਗੀਆਂ, ਸ਼ਹਿਰਾਂ ਤੇ ਪਿੰਡਾਂ ਵਿੱਚ ਚੱਲਣ ਵਾਲੀਆਂ ਕੰਸਟਰੱਕਸ਼ਨ ਗਤੀਵਿਧੀਆਂ ਨੂੰ ਛੋਟ ਰਹੇਗੀ। ਵੈਕਸੀਨੇਸ਼ਨ ਆਊਟਰੀਚ ਕੈਂਪ, ਟੈਲੀਕਮਿਉਨੀਕੇਸ਼ਨ, ਇੰਟਰਨੈਟ, ਬ੍ਰਾਡਕਾਸਟਿੰਗ, ਕੇਬਲ ਸਰਵਿਸਜ਼, ਆਈ.ਟੀ. ਤੇ ਆਈ.ਟੀ. ਨਾਲ ਜੁੜੀਆਂ ਸੇਵਾਵਾਂ, ਪੈਟਰੋਲ ਪੰਪ, ਐਲ.ਪੀ.ਜੀ. ਤੇ ਹੋਰ ਬਾਲਣ ਨਾਲ ਜੁੜੀਆਂ ਦੁਕਾਨਾਂ, ਕੋਲਡ ਸਟੋਰ ਤੇ ਵੇਅਰ ਹਾਊਸਿੰਗ ਸਰਵਿਸਜ਼, ਖੇਤੀ ਅਤੇ ਖੇਤੀ ਨਾਲ ਜੁੜੀਆਂ ਸੇਵਾਵਾਂ, ਹਵਾਈ, ਰੇਲ ਤੇ ਬੱਸ ਸੇਵਾਵਾਂ (ਯਾਤਰਾ ਸਬੰਧੀ ਦਸਤਾਵੇਜ ਦਿਖਾਉਣ ’ਤੇ) ’ਤੇ ਛੋਟ ਰਹੇਗੀ।

ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਵੱਧਦੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਦੇ ਮੱਦੇਨਜ਼ਰ ਬਾਜ਼ਾਰ, ਜਨਤਕ ਟਰਾਂਸਪੋਰਟ ਆਦਿ ਸਮੇਤ ਸਾਰੀਆਂ ਗਤੀਵਿਧੀਆਂ ਵਿੱਚ ਜ਼ਰੂਰੀ ਸਾਵਧਾਨੀਆਂ ਅਪਨਾਈਆਂ ਜਾਣ, ਜਿਸ ਵਿੱਚ 6 ਫੁੱਟ ਦੀ ਸਮਾਜਿਕ ਦੂਰੀ ਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਭੀੜ ਵਾਲੀਆਂ ਜਗ੍ਹਾਂ ’ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੇਕਰ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਘਰ ਤੋਂ ਬਾਹਰ ਜਾਇਆ ਜਾਵੇ। ਇਸ ਤੋਂ ਇਲਾਵਾ ਜਨਤਕ ਕੰਮ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣ, ਜਨਤਕ ਥਾਵਾਂ ’ਤੇ ਨਾ ਥੁੱਕਣ ਅਤੇ ਸਮੇਂ-ਸਮੇਂ ’ਤੇ ਹੱਥ ਸਾਬੁਨ ਅਤੇ ਸੈਨੇਟਾਈਜ਼ਰ ਨਾਲ ਸਾਫ਼ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ, ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਪਦਾ ਪ੍ਰਬੰਧਨ ਮੈਨੇਜਮੈਂਟ ਐਕਟ 1860 ਦੀ ਧਾਰਾ 51 ਤੋਂ 60 ਤੱਕ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here