ਦਫ਼ਤਰਾਂ ‘ਚ ਕੰਮਕਾਜ਼ ਅਤੇ ਪਿੰਡਾਂ ‘ਚ ਵਿਕਾਸ ਕਾਰਜ ਹੋਏ ਠੱਪ, ਪੰਚਾਇਤ ਯੂਨੀਅਨ ਮੁਲਾਜ਼ਮਾਂ ਦੇ ਹੱਕ ‘ਚ ਨਿੱਤਰੀ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਲੰਗੜੀ ਤਨਖਾਹ ਕਮਿਸ਼ਨ ਦੀ ਰਿਪੋਰਟ ਖ਼ਿਲਾਫ਼ ਸੰਘਰਸ਼ ਦੇ ਰਾਹ ਪਏ ਮੁਲਾਜ਼ਮਾਂ ਦਾ ਧਰਨਾ 8ਵੇਂ ਦਿਨ ਵੀ ਜ਼ਾਰੀ ਰਿਹਾ। ਦਫ਼ਤਰੀ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੀ ਕਲਮ ਛੋਡ਼ ਹਡ਼ਤਾਲ ਕਾਰਨ ਦਫ਼ਤਰਾਂ ‘ਚ ਕੰਮ ਕਾਜ ਪੂਰੀ ਤਰ੍ਹਾਂ ਠੱਪ ਹੈ। ਅੱਜ ਸਥਾਨਕ ਬੀਡੀਪੀਓ ਦਫ਼ਤਰ ਵਿਖੇ ਬੀਡੀਪੀਓ ਯੁਧਵੀਰ ਸਿੰਘ ਦੀ ਅਗਵਾਈ ਹੇਠ ਦਫ਼ਤਰੀ ਅਮਲੇ ਤੇ ਫੀਲਡ ਕਰਮਚਾਰੀ ਪੰਚਾਇਤ ਸਕੱਤਰਾਂ ਨੇ ਧਰਨਾ ਦਿੱਤਾ। ਹਡ਼ਤਾਲੀ ਮੁਲਾਜ਼ਮਾਂ ਨੇ ਸਰਕਾਰ ਵੱਲੋਂ ਪੇਸ਼ ਕੀਤੀ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਕੌਝਾ ਮਜ਼ਾਕ ਦੱਸਿਆ, ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਸੁਝਾਏ ਫਾਰਮੂਲੇ ਤਹਿਤ ਮੁਲਾਜ਼ਮਾਂ ਦੀ ਆਮਦਨ ਵਧਣ ਦੀ ਬਜਾਇ ਘੱਟਣੀ ਹੈ। ਜਦਕਿ ਸਰਕਾਰ ਨੇ ਕਮਿਸ਼ਨ ਵੱਲੋਂ ਸਿਫ਼ਾਰਸ਼ ਕੀਤੇ ਮੈਡੀਕਲ ਤੇ ਮੋਬਾਇਲ ਭੱਤੇ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਇਤਿਹਾਸ ‘ਚ ਪਹਿਲੀ ਵਾਰ ਹੈ ਕਿ ਸਰਕਾਰ ਮੁਲਾਜ਼ਮਾਂ ਨੂੰ ਤਨਖ਼ਾਹ ਕਮਿਸ਼ਨ ਰਾਹੀਂ ਕੁੱਝ ਰਾਹਤ ਦੇਣ ਦੀ ਬਜਾਇ ਖੋਹਣ ਜਾ ਰਹੀ ਹੈ। ਸਰਕਾਰ ਨੇ ਕੱਚੇ ਅਤੇ ਮਾਮੂਲੀ ਮਾਣ ਭੱਤੇ ’ਤੇ ਕੰਮ ਕਰਦੇ ਮੁਲਾਜ਼ਮਾਂ, ਪੈਨਸ਼ਨਰਾਂ ਆਦਿ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।

Advertisements

ਪੰਚਾਇਤ ਯੂਨੀਅਨ ਤਲਵਾਡ਼ਾ ਨੇ ਹਡ਼ਤਾਲੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਹੈ। ਪ੍ਰਧਾਨ ਨਵਲ ਕਿਸ਼ੋਰ ਸ਼ਰਮਾ ਬੇਡ਼ਿੰਗ ਨੇ ਕਿਹਾ ਕਿ ਦਫ਼ਤਰਾਂ ‘ਚ ਮੁਲਾਜ਼ਮਾਂ ਦੀ ਘਾਟ ਕਾਰਨ ਪਿੰਡਾਂ ‘ਚ ਵਿਕਾਸ ਕਾਰਜ ਸਮੇਂ ਸਿਰ ਕਰਵਾਉਣ ‘ਚ ਭਾਰੀ ਦਿੱਕਤਾਂ ਆ ਰਹੀਆਂ ਹਨ। ਸਰਕਾਰ ਤੋਂ ਪੰਚਾਇਤ ਸਕੱਤਰਾਂ, ਜੇਈਜ਼ ਅਤੇ ਹੋਰ ਦਫ਼ਤਰੀ ਅਮਲੇ ਦੀਆਂ ਖਾਲੀ ਪਈਆਂ ਪੋਸਟਾਂ ਪਹਿਲ ਦੇ ਆਧਾਰ ’ਤੇ ਭਰਨ, ਮੁਲਾਜ਼ਮਾਂ ਦੀ ਮੰਗਾਂ ਮੰਨਣ, ਸਰਪੰਚਾਂ, ਪੰਚਾਇਤ, ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਨੂੰ ਬਣਦਾ ਮਾਣ ਭੱਤਾ ਦੇਣ ਦੀ ਮੰਗ ਵੀ ਕੀਤੀ। ਪਿਛਲੇ ਇੱਕ ਹਫ਼ਤੇ ਤੋਂ ਦਫ਼ਤਰੀ ਅਮਲਾ ਹਡ਼ਤਾਲ ’ਤੇ ਹੋਣ ਕਾਰਨ ਪਿੰਡਾਂ ‘ਚ ਚੱਲਦੇ ਵਿਕਾਸ ਕਾਰਜ ਠੱਪ ਹੋ ਗਏ ਹਨ।

LEAVE A REPLY

Please enter your comment!
Please enter your name here