1 ਅਕਤੂਬਰ ਨੂੰ ਹੋਣਗੇ ਜ਼ਿਲ੍ਹਾ ਪਧਰੀ ਪੰਜਾਬੀ ਸਾਹਿਤ ਸਿਰਜਨ ਅਤੇ ਪੰਜਾਬੀ ਕਵਿਤਾ ਗਾਇਨ ਮੁਕਾਬਲੇ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਲ੍ਹਾ ਪੱਧਰ ਤੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਜਾਣੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਸ਼ਾ ਦਫਤਰ ਦੇ ਕਰਮਚਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਜ਼ਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਵੱਲੋਂ  01 ਅਕਤੂਬਰ 2021 ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਵਿੱਚ ਕੇਵਲ ਮੈਟ੍ਰਿਕ (ਦਸਵੀਂ) ਜਮਾਤ ਤੱਕ ਦੇ ਵਿਦਿਆਰਥੀ ਹੀ ਭਾਗ ਲੈ ਸਕਦੇ ਹਨ। ਪੰਜਾਬੀ ਸਾਹਿਤ ਸਿਰਜਨ ਮੁਕਾਬਲੇ ਲਈ ਮੌਕੇ ਤੇ ਹੀ ਦਿੱਤੇ ਵਿਸ਼ੇ/ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ 300 ਸ਼ਬਦਾਂ ਤੱਕ ਦੀ ਕਵਿਤਾ, 600 ਸ਼ਬਦਾਂ ਦਾ ਲੇਖ ਅਤੇ 600 ਸ਼ਬਦਾਂ ਤੱਕ ਦੀ ਕਹਾਣੀ ਲਿਖਣ ਲਈ ਕਿਹਾ ਜਾਵੇਗਾ। ਪੰਜਾਬੀ ਸਾਹਿਤ ਸਿਰਜਨ ਵਿੱਚੋਂ ਜਿਲ੍ਹਾ ਪੱਧਰ ਤੇ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਹੀ ਰਾਜ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ।

Advertisements

ਪੰਜਾਬੀ ਕਵਿਤਾ ਗਾਇਨ ਮੁਕਾਬਲੇ ਵਿੱਚ ਪਰਵਾਨਿਤ ਕਵੀ ਨੰਦ ਲਾਲ ਨੂਰਪੁਰੀ, ਧਨੀ ਰਾਮ ਚਾਤ੍ਰਿਕ, ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ, ਕਰਤਾਰ ਸਿੰਘ ਬਲੱਗਣ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਗੁਰਭਜਨ ਗਿੱਲ, ਸੁਲੱਖਣ ਸਰਹੱਦੀ, ਗੁਰਤੇਜ ਕੋਹਾਰਵਾਲਾ, ਮਨਜੀਤ ਇੰਦਰਾ ਦੀਆਂ ਕਵਿਤਾਵਾਂ ਗਾਉਣ ਦੀ ਹੀ ਆਗਿਆ ਦਿੱਤੀ ਜਾਵੇਗੀ। ਕਵਿਤਾ ਗਾ ਕੇ ਹੀ ਪੇਸ਼ ਕੀਤੀ ਜਾਵੇਗੀ। ਮੁਕਾਬਲੇ ਕੇਵਲ ਵਿਅਕਤੀਗਤ ਹੋਣਗੇ। ਸਮੂਹਿਕ ਗਾਇਨ ਵਰਜਿਤ ਹੈ। ਮੁਕਾਬਲੇ ਵਿੱਚ ਭਾਗ ਲੈਣ ਲਈ ਹਰ ਪ੍ਰਤਿਯੋਗੀ ਨੂੰ ਆਪਣੀ ਕਵਿਤਾ ਗਾਇਨ ਕਰਨ ਲਈ ਘੱਟ ਤੋਂ ਘੱਟ ਤਿੰਨ ਮਿੰਟ ਅਤੇ ਵੱਧ ਤੋਂ ਵੱਧ ਪੰਜ ਮਿੰਟ ਦਾ ਸਮਾਂ ਦਿੱਤਾ ਜਾਵੇਗਾ।

ਜਿਲ੍ਹਾ ਪੱਧਰ ਦੇ ਮੁਕਾਬਲੇ ਹੋਣ ਉਪਰੰਤ ਇਹ ਮੁਕਾਬਲੇ ਰਾਜ ਪੱਧਰ ਉੱਤੇ ਕਰਵਾਏ ਜਾਣਗੇ। ਇਸ ਵਿੱਚ ਕੇਵਲ ਉਹੀ ਵਿਦਿਆਰਥੀ ਹੀ ਭਾਗ ਲੈ ਸਕਣਗੇ, ਜਿਨ੍ਹਾਂ ਨੇ ਆਪਣੇ ਜਿਲ੍ਹੇ ਦੇ ਪੰਜਾਬੀ ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੋਵੇਗਾ। ਇਸ ਸਬੰਧੀ ਐਂਟਰੀ ਫਾਰਮ ਅਤੇ ਨਿਯਮ/ਹਦਾਇਤਾਂ ਜਿਲ੍ਹਾ ਭਾਸ਼ਾ ਦਫ਼ਤਰ, ਬੀ-ਬਲਾਕ, ਕਮਰਾ ਨੰਬਰ ਬੀ-209, ਦੂਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜ਼ਪੁਰ ਛਾਉਣੀ ਤੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ। ਐਂਟਰੀ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 27 ਸਤੰਬਰ, 2021 ਜਿਲ੍ਹਾ ਭਾਸ਼ਾ ਦਫ਼ਤਰ, ਫਿਰੋਜ਼ਪੁਰ ਵਿਖੇ ਪਹੁੰਚਦੇ ਕੀਤੇ ਜਾਣ। ਬਾਅਦ ਵਿੱਚ ਪ੍ਰਾਪਤ ਹੋਈਆਂ ਐਂਟੀਰੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।

LEAVE A REPLY

Please enter your comment!
Please enter your name here