ਮਿਲਕਫੈਡ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਵਿਸ਼ੇਸ਼ ਸੀਮਨ ਨਾਲ ਪੈਦਾ ਹੋਣਗੇ ਮਾਦਾ ਪਸ਼ੂ: ਸੁਖਜਿੰਦਰ ਰੰਧਾਵਾ

ਚੰਡੀਗੜ (ਦ ਸਟੈਲਰ ਨਿਊਜ਼)। ਡੇਅਰੀ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ, ਦੁਧਾਰੂ ਪਸ਼ੂਆਂ ਦੀ ਗਿਣਤੀ ਵਧਾਉਣ ਅਤੇ ਅਵਾਰਾ ਸਾਨਾਂ ਅਤੇ ਢੱਠਿਆਂ ਤੋਂ ਨਿਜਾਤ ਪਾਉਣ ਲਈ ਮਿਲਕਫੈਡ ਵੱਲੋਂ ਨਿਵੇਕਲਾ ਉਪਰਾਲਾ ਕਰਦੇ ਹੋਏ ਦੁੱਧ ਉਤਪਾਦਕਾਂ ਲਈ ਉੱਚ ਕੋਟੀ ਦੇ ਸਾਨਾਂ ਅਤੇ ਝੋਟਿਆਂ ਦਾ ਅਜਿਹਾ ਸੀਮਨ ਉਪਲੱਬਧ ਕਰਵਾਇਆ ਜਾਵੇਗਾ ਜਿਸ ਨਾਲ ਸਿਰਫ ਮਾਦਾ ਪਸ਼ੂ ਹੀ ਪੈਦਾ ਹੋਣਗੇ। ਇਸ ਤਰਾਂ ਨਰ ਪਸ਼ੂਆਂ ਦੀ ਪੈਦਾਇਸ਼ ਰੋਕ ਕੇ ਮਾਦਾ ਪਸ਼ੂਆਂ ਦੀ ਪੈਦਾਇਸ਼ ਵਧਾਈ ਜਾ ਸਕੇਗੀ। ਇਹ ਖੁਲਾਸਾ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਮਿਲਕਫੈਡ ਦਫਤਰ ਵਿਖੇ ਵੇਰਕਾ ਵੱਲੋਂ ਦੁੱਧ ਉਤਪਾਦਕ ਕਿਸਾਨਾਂ ਲਈ ਤਿਆਰ ਕੀਤੇ ਜਾਣਕਾਰੀ ਭਰਪੂਰ ਕਿਤਾਬਚੇ ਨੂੰ ਜਾਰੀ ਕਰਦਿਆਂ ਆਖੇ ਗਏ। ਇਸ ਮੌਕੇ ਉਨਾਂ ਦੇ ਨਾਲ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੁਰਜੀਤ ਧੀਮਾਨ, ਨੱਥੂ ਰਾਮ ਤੇ ਅਵਤਾਰ ਸਿੰਘ ਬਾਵਾ ਹੈਨਰੀ ਅਤੇ ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਤੇ ਐਕਸਟੈਂਸਨ ਮਾਹਿਰ ਇੰਦਰਜੀਤ ਸਿੰਘ ਵੀ ਹਾਜ਼ਰ ਸਨ।

Advertisements

ਸ. ਰੰਧਾਵਾ ਆਖਿਆ ਕਿ ਇੱਕ ਗਾਂ ਤੋਂ ਪੂਰੀ ਉਮਰ ਦੌਰਾਨ ਵੱਧ ਦੁੱਧ ਦੇਣ ਵਾਲੀਆਂ ਵੱਧ ਵੱਛੀਆਂ ਪੈਦਾ ਕਰਕੇ ਨਾ ਸਿਰਫ ਦੁੱਧ ਦੀ ਪੈਦਾਵਾਰ ਹੀ ਵਧੇਗੀ ਬਲਕਿ ਨਰ ਪਸ਼ੂ ਪਾਲਣ ਤੇ ਕੀਤਾ ਜਾ ਰਿਹਾ ਅਜਾਈਂ ਖਰਚਾ ਵੀ ਬਚ ਸਕੇਗਾ ਅਤੇ ਪਸ਼ੂ ਪਾਲਕ ਦੀ ਆਰਥਿਕ ਹਾਲਤ ਬਿਹਤਰ ਹੋਵੇਗੀ। ਅਵਾਰਾ ਨਰ ਪਸ਼ੂਆਂ ਤੋਂ ਹੋਣ ਵਾਲੇ ਫਸਲਾਂ ਦੇ ਉਜਾੜੇ ਅਤੇ ਸੜਕੀ ਦੁਰਘਟਨਾਵਾਂ ਨੂੰ ਘਟਾਇਆ ਜਾ ਸਕੇਗਾ। ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵੇਰਕਾ ਵਲੋਂ ਵਿਦੇਸ਼ੀ ਨਸਲ ਦੀਆਂ ਹੋਲਸਟੀਨ ਫਰੀਜ਼ੀਨ ਗਾਵਾਂ ਜਿਨਾਂ ਨੇ ਪੂਰੇ ਸੂਏ ਦੌਰਾਨ 15,000 ਲਿਟਰ ਤੋਂ ਵੱਧ ਦੁੱਧ ਦਿੱਤਾ ਹੋਵੇ ਅਤੇ ਜਰਸੀ ਗਾਵਾਂ ਜਿਨਾਂ ਨੇ ਪੂਰੇ ਸੂਏ ਦੌਰਾਨ 8300 ਤੋਂ ਵੱਧ ਲਿਟਰ ਦੁੱਧ ਦਿੱਤਾ ਹੋਵੇ ਤੋਂ ਪੈਦਾ ਕੀਤੇ ਗਏ ਸਾਨਾਂ ਦਾ ਸੈਕਸ ਸੋਰਟਿਡ ਸੀਮਨ ਸਾਰੀਆਂ ਬਣਾਉਟੀ ਗਰਭਦਾਨ ਦੀ ਸਹੂਲਤ ਦੇਣ ਵਾਲੀਆਂ ਸਭਾਵਾਂ ’ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ। 

ਸੰਘਾ ਨੇ ਦੱਸਿਆ ਕਿ ਵਲੈਤੀ ਗਾਂਵਾਂ ਲਈ ਇਹ ਸੀਮਨ ਅਮਰੀਕਾ, ਕੈਨੇਡਾ, ਜਰਮਨੀ ਅਤੇ ਡੈਨਮਾਰਕ ਦੇ ਉੱਚ ਕੋਟੀ ਦੇ ਸਾਨਾਂ ਤੋਂ ਹਾਸਲ ਕੀਤਾ ਗਿਆ ਹੈ। ਇਥੋਂ ਤੱਕ ਕਿ ਮੁੱਰਾ ਨਸਲ ਦੀ ਮੱਝ ਅਤੇ ਦੇਸੀ ਨਸਲ ਦੀ ਸਾਹੀਵਾਲ ਗਾਂ ਦੇ ਵਿਆਪਕ ਨਸਲ ਸੁਧਾਰ ਲਈ ਵੀ ਸਰਵੋਤਮ ਸੀਮਨ ਵੇਰਕਾ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਸਮੂਹ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੁੱਧ ਸਭਾ ਦੇ ਬਣਾਉਟੀ ਗਰਭਦਾਨ ਕਰਨ ਵਾਲੇ ਕਾਮੇ ਜਾਂ ਮਿਲਕਫੈਡ ਦੇ ਫੀਲਡ ਸਟਾਫ ਨਾਲ ਸੰਪਰਕ ਕਰਕੇ ਆਪਣੇ ਦੁਧਾਰੂ ਪਸ਼ੂਆਂ ਨੂੰ ਸਿਰਫ ਨਿਰੋਲ ਮਾਦਾ ਪਸ਼ੂ ਪੈਦਾ ਕਰਨ ਵਾਲੇ ਸੀਮਨ ਨਾਲ ਹੀ ਬਣਾਉਟੀ ਗਰਭਦਾਨ ਕਰਵਾਉਣ ਤਾਂ ਜੋ ਕਿ ਉਹਨਾਂ ਦਾ ਮੁਨਾਫਾ ਵੱਧ ਸਕੇ। 

LEAVE A REPLY

Please enter your comment!
Please enter your name here