ਰੰਧਾਵਾ ਵੱਲੋਂ ਅਮਨ-ਕਾਨੂੰਨ ਦੀ ਵਿਵਸਥਾ ਹੋਰ ਸੁਚਾਰੂ ਬਣਾਉਣ ਲਈ ਰਾਤ ਸਮੇਂ ਪੁਲਿਸ ਨੂੰ ਗਸ਼ਤ ਵਧਾਉਣ ਦੇ ਸਖ਼ਤ ਨਿਰਦੇਸ਼

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹੋਰ ਸੁਚਾਰੂ ਤਰੀਕੇ ਨਾਲ ਲਾਗੂ ਕਰਨ ਲਈ ਰਾਤ ਸਮੇਂ ਪੁਲਿਸ ਨੂੰ ਗਸ਼ਤ ਵਧਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਹਰ ਕਮਿਸ਼ਨਰੇਟ/ਜ਼ਿਲ੍ਹੇ ਅੰਦਰ ਘੱਟੋ-ਘੱਟ ਇੱਕ ਤਿਹਾਈ ਗਜ਼ਟਿਡ ਅਫਸਰ ਦੀ ਤੈਨਾਤੀ ਰੋਸਟਰ ਅਨੁਸਾਰ ਕਰਨ ਦੇ ਹੁਕਮ ਦਿੱਤੇ ਹਨ ਜਿਸ ਦੀ ਉਹ ਖ਼ਦ ਹਰ ਰੋਜ਼ ਵੀਡੀਓ ਕਾਲ ਰਾਹੀਂ ਸਮੀਖਿਆ ਕਰਨਗੇ।

Advertisements


ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਰਾਤ ਦੇ ਸਮੇਂ ਲੋੜੀਂਦੀ ਪੁਲਿਸ ਗਸ਼ਤ ਨਹੀਂ ਕੀਤੀ ਜਾਂਦੀ। ਉਨ੍ਹਾਂ ਸਮੂਹ ਕਮਿਸ਼ਨਰ ਅਤੇ ਐਸ.ਐਸ.ਪੀਜ਼ ਨੂੰ ਕਿਹਾ ਹੈ ਕਿ ਆਪੋ-ਆਪਣੇ ਕਮਿਸ਼ਨਰੇਟ/ਜ਼ਿਲ੍ਹੇ ਅੰਦਰ ਗਜ਼ਟਿਡ ਅਫਸਰਾਂ ਦੀ ਡਿਊਟੀ ਦਾ ਰੋਸਟਰ ਬਣਾਇਆ ਜਾਵੇ। ਹਰ ਰਾਤ ਘੱਟੋ-ਘੱਟ ਇਕ ਤਿਹਾਈ ਅਫਸਰ ਡਿਊਟੀ `ਤੇ ਤੈਨਾਤ ਰਹਿਣ। ਉਨ੍ਹਾਂ ਕਿਹਾ ਕਿ ਉਹ ਕਿਸੇ ਵੇਲੇ ਵੀ ਰੋਸਟਰ ਵਾਲੇ ਡਿਊਟੀ ਅਫਸਰ ਨੂੰ ਵੀਡੀਓ ਕਾਲ ਕਰਕੇ ਉਸ ਦੀ ਲੋਕੇਸ਼ਨ ਚੈਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਪ੍ਰਮੁੱਖ ਸਕੱਤਰ ਗ੍ਰਹਿ ਸ੍ਰੀ ਅਨੁਰਾਗ ਵਰਮਾ ਨੇ ਇਸ ਸਬੰਧੀ ਬਾਕਾਇਦਾ ਡੀ.ਜੀ.ਪੀ., ਏ.ਡੀ.ਜੀ.ਪੀ (ਕਾਨੂੰਨ ਤੇ ਵਿਵਸਥਾ), ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਪੱਤਰ ਜਾਰੀ ਕਰਕੇ ਉਪ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਹੂਬਹੂ ਪਾਲਣਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨਰ ਅਤੇ ਐਸ.ਐਸ.ਪੀਜ਼ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੋ ਰੋਸਟਰ ਬਣਾਇਆ ਜਾਵੇਗਾ, ਉਸ ਦੀ ਕਾਪੀ ਏ.ਡੀ.ਜੀ.ਪੀ (ਕਾਨੂੰਨ ਤੇ ਵਿਵਸਥਾ) ਨੂੰ ਭੇਜੀ ਜਾਵੇਗੀ, ਜੋ ਅੱਗੇ ਰੋਸਟਰ ਦੀਆਂ ਕਾਪੀਆਂ ਨੂੰ ਇਕੱਠਾ ਕਰਕੇ ਰੋਜ਼ਾਨਾ ਸ਼ਾਮ 5 ਵਜੇ ਉਪ ਮੁੱਖ ਮੰਤਰੀ, ਗ੍ਰਹਿ ਸਕੱਤਰ ਅਤੇ ਡੀ.ਜੀ.ਪੀ. ਨੂੰ ਭੇਜਣਗੇ।

LEAVE A REPLY

Please enter your comment!
Please enter your name here