ਪੰਜਾਬ ਦੇ ਸਾਰੇ ਡਿਪੂਆਂ ਤੋਂ ਹਿਮਾਚਲ ਰੂਟ ਲਈ ਚੱਲ ਰਹੀਆਂ ਸਰਕਾਰੀ ਬਸਾਂ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਸ਼ਿਮਲਾ, ਕੁਫਰੀ ਅਤੇ ਪਤਨੀਟਾਪ ਸਮੇਤ ਹੋਰ ਹਿੱਲ ਸਟੇਸ਼ਨਾਂ ਵਿਚ ਸੈਲਾਨੀ ਬਰਫਬਾਰੀ ਦਾ ਆਨੰਦ ਮਾਣ ਰਹੇ ਹਨ, ਜਿਸ ਕਾਰਨ ਨਵੇਂ ਸਾਲ ਦੀ ਹੱਡ-ਚੀਰਵੀਂ ਠੰਡ ਵਿਚ ਹਿਮਾਚਲ ਦਾ ਰੂਟ ਪੰਜਾਬ ਦੀਆਂ ਸਰਕਾਰੀ ਬੱਸਾਂ ਲਈ ‘ਹਾਟ’ ਬਣਿਆ ਹੋਇਆ ਹੈ। ਪੰਜਾਬ ਦੇ ਸਾਰੇ ਡਿਪੂਆਂ ਵੱਲੋਂ ਹਿਮਾਚਲ ਲਈ ਬੰਦ ਕੀਤੇ ਗਏ ਟਾਈਮ ਟੇਬਲ ਚਲਾ ਦਿੱਤੇ ਗਏ ਹਨ, ਇਸ ਕਾਰਨ ਪੰਜਾਬ ਤੋਂ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਬੱਸਾਂ ਹਿਮਾਚਲ ਲਈ ਰਵਾਨਾ ਹੋ ਰਹੀਆਂ ਹਨ।

Advertisements

ਇਨ੍ਹਾਂ ਬੱਸਾਂ ਵਿਚ ਹਿਮਾਚਲ ਟਰਾਂਸਪੋਰਟ ਵਿਭਾਗ ਦੀਆਂ ਬੱਸਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਹਰਿਆਣਾ ਅਤੇ ਦਿੱਲੀ ਤੋਂ ਆਉਣ ਵਾਲੀਆਂ ਬੱਸਾਂ ਵਿਚ ਵੀ ਹਿਮਾਚਲ ਲਈ ਜਾਣ ਵਾਲੇ ਯਾਤਰੀਆਂ ਦੀ ਵੱਡੀ ਗਿਣਤੀ ਵੇਖਣ ਨੂੰ ਮਿਲ ਰਹੀ ਹੈ। ਹਿਮਾਚਲ ਟਰਾਂਸਪੋਰਟ ਵੱਲੋਂ ਪੰਜਾਬ ਦੇ ਯਾਤਰੀਆਂ ਦੀ ਸਹੂਲਤ ਨੂੰ ਵੇਖਦਿਆਂ ਆਪਣੀਆਂ ਬੱਸਾਂ ਦੀ ਆਵਾਜਾਈ ਵਿਚ ਪਿਛਲੇ ਦਿਨਾਂ ਦੇ ਮੁਕਾਬਲੇ ਵਾਧਾ ਕੀਤਾ ਗਿਆ ਹੈ ਤਾਂ ਕਿ ਉੱਥੇ ਵੱਧ ਤੋਂ ਵੱਧ ਸੈਲਾਨੀ ਪਹੁੰਚ ਸਕਣ ਅਤੇ ਸੂਬੇ ਨੂੰ ਆਰਥਿਕ ਰੂਪ ਨਾਲ ਲਾਭ ਹੋਵੇ।

ਵੇਖਣ ਵਿਚ ਆ ਰਿਹਾ ਹੈ ਕਿ ਲਗਜਰੀ ਬੱਸਾਂ ਲਈ ਸੈਲਾਨੀ ਚੰਡੀਗੜ੍ਹ ਤੋਂ ਬੱਸਾਂ ਬਦਲ ਕੇ ਹਿਮਾਚਲ ਦੇ ਹਿੱਲ ਸਟੇਸ਼ਨਾਂ ਨੂੰ ਰਵਾਨਾ ਹੋ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੇਨਾਂ ਬੰਦ ਰਹਿਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਦੂਜੇ ਲੰਮੇ ਰੂਟ ਵੀ ਮਹਿਕਮੇ ਲਈ ਬਹੁਤ ਫਾਇਦੇਮੰਦ ਸਾਬਿਤ ਹੋਏ ਹਨ ਪਰ ਹੁਣ ਟਰੇਨਾਂ ਚੱਲ ਪੈਣ ਕਾਰਨ ਦਿੱਲੀ, ਜੰਮੂ, ਹਰਿਆਣਾ ਤੇ ਰਾਜਸਥਾਨ ਲਈ ਬੱਸਾਂ ਜਰੀਏ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਗਿਰਾਵਟ ਦਰਜ ਹੋਵੇਗੀ। ਇਸ ਲਈ ਵਿਭਾਗ ਦੂਜੇ ਰੂਟਾਂ ਦੇ ਮੁਕਾਬਲੇ ਹੁਣ ਹਿਮਾਚਲ ਜਾਣ ਵਾਲੀਆਂ ਬੱਸਾਂ ’ਤੇ ਧਿਆਨ ਕੇਂਦਰਿਤ ਰੱਖੇਗਾ। ਪੰਜਾਬ ਰੋਡਵੇਜ ਦੇ ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਦੇ ਨਾਲ-ਨਾਲ ਮਹਿਕਮੇ ਨੂੰ ਆਮਦਨੀ ਲਈ ਵੱਧ ਤੋਂ ਵੱਧ ਟਾਈਮ ਚਲਾਏ ਜਾ ਰਹੇ ਹਨ। ਪਿਛਲੇ ਸਮੇਂ ਦੌਰਾਨ ਹਿਮਾਚਲ ਵਿਚ ਬੱਸਾਂ ਭੇਜਣ ਨਾਲ ਨੁਕਸਾਨ ਹੋ ਰਿਹਾ ਸੀ ਪਰ ਨਵਾਂ ਸਾਲ ਮਨਾਉਣ ਵਾਲੇ ਲੋਕਾਂ ਦੇ ਹਿਮਾਚਲ ਵੱਲ ਜਾਣ ਨਾਲ ਘਾਟਾ ਲਾਭ ਵਿਚ ਤਬਦੀਲ ਹੋ ਚੁੱਕਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਉਹ ਸ਼ਿਮਲਾ ਬਾਰੇ ਜਾਣਕਾਰੀ ਲੈ ਕੇ ਹੀ ਰਵਾਨਾ ਹੋ ਰਹੇ ਹਨ। ਸ਼ਿਮਲਾ ਵਿਚ ਹਜਾਰਾਂ ਦੀ ਗਿਣਤੀ ਵਿਚ ਵਾਹਨ ਜਾਣ ਕਾਰਨ ਰਸਤਿਆਂ ਵਿਚ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ। ਰੋਡਵੇਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਹਿਮਾਚਲ ਲਈ ਬੱਸ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ, ਉਥੇ ਹੀ, ਜਗ੍ਹਾ-ਜਗ੍ਹਾ ਰਸਤੇ ਤੋਂ ਬਰਫ ਹਟਾਉਣ ਵਾਲੀਆਂ ਗੱਡੀਆਂ ਦੇਖਣ ਨੂੰ ਮਿਲ ਰਹੀਆਂ ਹਨ। ਰਾਹਗੀਰ ਦੱਸਦੇ ਹਨ ਕਿ ਕਈ ਥਾਵਾਂ ’ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਆਇੰਟ ਬਣਾਏ ਗਏ ਹਨ।

LEAVE A REPLY

Please enter your comment!
Please enter your name here