ਸੂਚਨਾ ਤਕਨੀਕ ਅਤੇ ਜਾਣਕਾਰੀ ਬਣਾਏਗੀ ਅਧਿਆਪਕਾਂ ਨੂੰ ਸਮੇਂ ਦਾ ਹਾਣੀ: ਇੰਜੀ. ਸੰਜੀਵ ਗੌਤਮ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਸਕੱਤਰ ਸਕੂਲ ਸਿੱਖਿਆ ਵਿਭਾਗ,ਅਜੋਏ ਸ਼ਰਮਾ ਦੀ ਅਗਵਾਈ ਅਤੇ ਡਾਇਰੈਕਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਕੁਮਾਰ ਅਗਰਵਾਲ ਦੀ ਦੇਖ ਰੇਖ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਨਿਪੁੰਨ ਭਾਰਤ ਮਿਸ਼ਨ ਤਹਿਤ ਕਰਵਾਈ ਜਾਣ ਵਾਲੀ ਸਿਖਲਾਈ ਸਬੰਧੀ ਅੱਜ ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਕਲੱਸਟਰ ਰਿਸੋਰਸ ਸੈਂਟਰ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ ਟੀਮ ਦੀ ਇੱਕ ਦਿਨਾ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਜਿਲ੍ਹੇ 21 ਵਿੱਦਿਅਕ ਬਲਾਕਾਂ ਤੋਂ 44 ਬਲਾਕ ਮਾਸਟਰ ਟਰੇਨਰਜ਼ ਨੇ ਭਾਗ ਲਿਆ।

Advertisements

ਵਰਕਸ਼ਾਪ ਵਿੱਚ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਇੰਜੀ. ਸੰਜੀਵ ਗੌਤਮ ਨੇ ਕਿਹਾ ਕਿ ਨਿਪੁੰਨ ਭਾਰਤ ਮਿਸ਼ਨ ਤਹਿਤ ਫਾਉਂਡੇਸ਼ਨ ਲਿਟਰੇਸੀ ਅਤੇ ਨਿਉਮਰੇਸੀ (ਐਫ਼. ਐਲ. ਐਨ) ਅਨੁਸਾਰ ਉਲੀਕੇ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਦੇਸ਼ ਦੇ ਹਰ ਬੱਚੇ ਨੂੰ ਬੁਨਿਆਦੀ ਸਾਖ਼ਰਤਾ ਅਤੇ ਸੰਖਿਆ ਗਿਆਨ ਸਬੰਧੀ ਸੂਝ-ਬੂਝ ਵਿਕਸਿਤ ਕਰਨ ਲਈ ਸਿੱਖਿਆ ਪ੍ਰਣਾਲੀ ਨੂੰ ਵਧੇਰੇ ਰੌਚਕ ਬਣਾਇਆ ਜਾਵੇਗਾ ਜਿਸ ਲਈ ਨਾਟਕ, ਸੰਗੀਤ, ਚਿੱਤਰਕਾਰੀ ਅਤੇ ਹੋਰ ਕੋਮਲ ਕਲਾਵਾਂ ਰਾਹੀਂ ਬੌਧਿਕ ਵਿਕਾਸ ਨੂੰ ਮਜਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਵਿੱਚ ਦਾਖ਼ਲਾ ਮੁਹਿੰਮ ਚਲ ਰਹੀ ਹੈ ਜਿਸ ਨੂੰ ਵੱਡੇ ਪੱਧਰ ਤੇ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਹਰ ਅਧਿਆਪਕ ਨੂੰ ਆਪਣੀ ਪ੍ਰਤਿਭਾ ਨਾਲ ਬਿਹਤਰੀਨ ਕਲਾ-ਕੌਸ਼ਲ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕੋਵਿਡ ਕਾਰਨ ਪੈਦਾ ਹੋਏ ਨਵੇਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਅਧਿਆਪਕਾਂ ਲਈ ਸੂਚਨਾ ਤਕਨੀਕ ਦੀ ਜਾਣਕਾਰੀ ਬੇਹੱਦ ਸਹਾਈ ਹੋਵੇਗੀ।

ਇੰਜੀ. ਗੌਤਮ ਨੇ ਦੱਸਿਆ ਕਿ ਅਧਿਆਪਕਾਂ ਨੂੰ ਦੀਕਸ਼ਾ ਪਲੇਟਫ਼ਾਰਮ ਰਾਹੀਂ ਨਿਸ਼ਠਾ 3.0 ਲੜੀ ਤਹਿਤ ਬਕਾਇਦਾ ਲਗਾਤਾਰ ਸਿਖਲਾਈ ਦਿੱਤੀ ਜਾਵੇਗੀ ਜਿਸ ਵਿੱਚ ਅਧਿਆਪਕ ਦੀਕਸ਼ਾ ਐਪ ਤੇ ਰਜਿਸਟਰ ਹੋ ਕੇ ਵਿਭਾਗ ਵੱਲੋਂ ਮਾਹਿਰਾਂ ਦੀ ਟੀਮ ਵੱਲੋਂ ਤਿਆਰ ਸਿਖਲਾਈ ਸਮੱਗਰੀ ਆਨਲਾਈਨ ਕੋਰਸ ਮੁਕੰਮਲ ਕਰਨਗੇ ਅਤੇ ਹਰੇਕ ਕੋਰਸ ਦੇ ਪੂਰਾ ਹੋਣ ਤੇ ਉਹ ਆਪਣੇ ਸਰਟੀਫ਼ਿਕੇਟ ਡਾਉਨਲੋਡ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਆਪਣੀ ਕਾਰਗੁਜ਼ਾਰੀ ਨੂੰ ਨਿਖਾਰਨ ਤੇ ਤਰਾਸ਼ਣ ਲਈ ਇਹ ਕੋਰਸ ਬੇਹੱਦ ਲਾਹੇਵੰਦ ਹਨ। ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਹੁਸ਼ਿਆਰਪੁਰ ਨੇ ਦੱਸਿਆ ਕਿ ਜਿਲ੍ਹਾ ਭਰ ਵਿੱਚ ਨਿਪੁਨ ਭਾਰਤ ਮਿਸ਼ਨ, ਦਾਖ਼ਲਾ ਮੁਹਿੰਮ ਅਤੇ ਦੀਕਸ਼ਾ ਸਬੰਧੀ ਸਿਖਲਾਈ ਪ੍ਰਦਾਨ ਕਰਨ ਲਈ ਵਿਭਾਗ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਸ. ਹਰਮਿੰਦਰ ਸਿੰਘ ਜਿਲ੍ਹਾ ਕੁਆਡੀਨੇਟਰ ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ ਨੇ ਦੱਸਿਆ ਕਿ ਜਿਲ੍ਹੇ ਦੀ ਟੀਮ ਨੂੰ ਅੱਜ ਇਸ ਮਿਸ਼ਨ ਸਬੰਧੀ ਸਿਖਲਾਈ ਦੇਣ ਉਪਰੰਤ ਹੁਣ ਬਲਾਕ ਪੱਧਰ ਤੇ ਬਕਾਇਦਾ ਅਧਿਆਪਕਾਂ ਨੂੰ ਮਿਸ਼ਨ ਲਈ ਲੁੜੀਂਦੀ ਸਿਖਲਾਈ ਦਿੱਤੇ ਜਾਵੇਗੀ ਅਤੇ ਇਸ ਮੰਤਵ ਲਈ ਜਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸਮਾਂ-ਸਾਰਨੀ ਜਾਰੀ ਕਰ ਦਿੱਤੀ ਗਈ ਹੈ। ਇਸ ਮੌਕੇ ਸਹਾਇਕ ਕੁਆਡੀਨੇਟਰ ਅਮਰਜੀਤ ਸਿੰਘ ਥਾਂਦੀ, ਅਮਨ ਕੁਮਾਰ, ਬੀ. ਐਮ. ਟੀ. ਸੰਗੀਤਾ ਵਾਸੂਦੇਵਾ, ਮਨੋਜ ਕੁਮਾਰ, ਬਲਵਿੰਦਰ ਕੁਮਾਰ, ਅਸ਼ੋਕ ਕੁਮਾਰ, ਦੀਪਕ ਕੁਮਾਰ, ਜਿਲ੍ਹਾ ਮੀਡੀਆ ਕੁਆਡੀਨੇਟਰ ਸਮਰਜੀਤ ਸਿੰਘ, ਸ਼ੋਸ਼ਲ ਮੀਡੀਆ ਕੁਆਡੀਨੇਟਰ ਯੋਗੇਸ਼ਵਰ ਸਲਾਰੀਆ ਅਤੇ ਹੋਰ ਟੀਮ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here