ਜਨਰਲ ਅਤੇ ਪੁਲਿਸ ਚੋਣ ਨਿਗਰਾਨ ਵਲੋਂ ਐਮ.ਸੀ.ਐਮ.ਸੀ., ਸੀ-ਵਿਜ਼ਲ, ਸ਼ਿਕਾਇਤ ਸੈਲ ਦਾ ਦੌਰਾ

ਜਲੰਧਰ (ਦ ਸਟੈਲਰ ਨਿਊਜ਼)। ਭਾਰਤੀ ਚੋਣ ਕਮਿਸ਼ਨ ਵਲੋਂ ਜਲੰਧਰ ਦੇ ਵੱਖ-ਵੱਖ ਹਲਕਿਆਂ ਲਈ ਤਾਇਨਾਤ ਜਨਰਲ ਆਬਜ਼ਰਵਰ ਅਤੇ ਪੁਲਿਸ ਨਿਗਰਾਨ ਨੇ ਅੱਜ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦਾ ਦੌਰਾ ਕਰਕੇ ਤਾਇਨਾਤ ਸਟਾਫ਼ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਨੂੰ ਪੂਰੀ ਗਹੁ ਨਾਲ ਵਾਚਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਦੇ ਨਾਲ-ਨਾਲ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਵਿੱਚ ਚੋਣ ਸਰਗਰਮੀਆਂ ’ਤੇ ਵੀ ਨਜ਼ਰ ਬਣਾਕੇ ਰੱਖੀ ਜਾਵੇ। 2007 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਮਹੇਸ਼ ਚੰਦਰਾ ਸ਼ਰਮਾ ਅਤੇ 2008 ਬੈਚ ਦੇ ਸੀਨੀਅਰ ਆਈ.ਪੀ.ਐਸ.ਅਧਿਕਾਰੀ ਡਾ.ਐਨ.ਕੋਲਾਂਚੀ, ਜਿਨ੍ਹਾਂ ਨੂੰ ਕ੍ਰਮਵਾਰ ਜਨਰਲ ਅਤੇ ਪੁਲਿਸ ਆਬਜ਼ਰਵਰ ਲਗਾਇਆ ਗਿਆ ਹੈ, ਨੇ ਐਮ.ਸੀ.ਐਮ.ਸੀ. ਤੋਂ ਬਾਅਦ ਸੀ-ਵਿਜ਼ਲ, ਸ਼ਿਕਾਇਤ ਸੈਲ ਅਤੇ ਕੰਟਰੋਲ ਰੂਮਾਂ ਆਦਿ ਦਾ ਦੌਰਾ ਕਰਕੇ ਤਿਆਰੀਆਂ ਅਤੇ ਪ੍ਰਬੰਧਾਂ ਦੀ ਵਿਸਥਾਰਿਤ ਜਾਣਕਾਰੀ ਹਾਸਿਲ ਕੀਤੀ। ਐਮ.ਸੀ.ਐਮ.ਸੀ. ਵਿਖੇ ਜਨਰਲ ਆਬਜ਼ਰਵਰ ਨੇ ਸਟਾਫ਼ ਨੂੰ ਚੋਣ ਪ੍ਰਚਾਰ ਸਮੱਗਰੀ ਦੀ ਪ੍ਰੀ-ਸਰਟੀਫਿਕੇਸ਼ਨ, ਇਸ਼ਤਿਹਾਰ ਅਤੇ ਖਾਸਕਰ ਨਿਊਜ ਵੈਬ ਸਾਈਟਾਂ, ਵੈਬ ਪੋਰਟਲਾਂ, ਭਾਵੇਂ ਇਹ ਇੰਪੈਨਲਡ ਹਨ ਜਾਂ ਨਹੀਂ, ਉਤੇ ਉਮੀਦਵਾਰਾਂ ਵਲੋਂ ਚਲਾਈਆਂ ਜਾ ਰਹੀਆਂ ਚੋਣ ਸਰਗਰਮੀਆਂ ’ਤੇ ਬਾਜ਼ ਅੱਖ ਰੱਖਣ ਦੇ ਨਿਰਦੇਸ਼ ਦਿੱਤੇ ਗਏ।
ਚੋਣ ਨਿਗਰਾਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਹਰ ਤਰ੍ਰਾਂ ਦੀ ਚੋਣ ਪ੍ਰਚਾਰ ਸਮੱਗਰੀ ਅਤੇ ਈ ਪੇਪਰਾਂ ਆਦਿ ਲਈ ਇਸ਼ਤਿਹਾਰ ਦੇਣ ਤੋਂ ਪਹਿਲਾਂ ਐਮ.ਸੀ.ਐਮ.ਸੀ. ਦੀ ਪ੍ਰਵਾਨਗੀ ਜਰੂਰੀ ਹੈ ਅਤੇ ਇਸ ਸਬੰਧੀ ਉਮੀਦਵਾਰਾਂ ਵਲੋਂ ਫਾਰਮ 26 ਦੇ ਪੈਰਾ 3 ਵਿੱਚ ਦਿੱਤੇ ਉਨ੍ਹਾਂ ਦੇ ਨਿੱਜੀ ਸੋਸ਼ਲ ਮੀਡੀਆ ਅਕਾਊਂਟਾਂ ’ਤੇ ਵੀ ਪੂਰੀ ਨਜ਼ਰ ਰੱਖੀ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਕਿਸੇ ਵੀ ਕਿਸਮ ਦੀ ਉਲੰਘਣਾ ’ਤੇ ਫੌਰੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਬੰਧਿਤ ਧਿਰ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਚਾਰ ਸਮੱਗਰੀ ਅਤੇ ਇਸ਼ਤਿਹਾਰਾਂ ’ਤੇ ਕੀਤੇ ਜਾਣ ਵਾਲਾ ਖ਼ਰਚਾ ਉਮੀਦਵਾਰ ਦੇ ਚੋਣ ਖ਼ਰਚੇ ਵਿੱਚ ਗਿਣਿਆ ਜਾਵੇਗਾ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਖੇਤਰੀ ਅਤੇ ਲੋਕਲ ਅਖ਼ਬਾਰਾਂ ਵਿੱਚ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨਾਲ ਸਬੰਧਿਤ ਖ਼ਬਰਾਂ ਦੀ ਵੀ ਪੂਰੀ ਤਰ੍ਹਾਂ ਘੋਖ ਰੱਖੀ ਜਾਵੇ ਤਾਂ ਜੋ ਜੇਕਰ ਸ਼ੱਕੀ ਪੇਡ ਨਿਊਜ਼ ਛਪਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾ ਸਕੇ। ਦੋਵਾਂ ਨਿਗਰਾਨਾਂ ਨੇ ਐਮ.ਸੀ.ਐਮ.ਸੀ. ਵਿੱਚ ਤਾਇਨਾਤ ਸਟਾਫ਼ ਨਾਲ ਗੱਲਬਾਤ ਕਰਕੇ ਪ੍ਰੀ-ਸਰਟੀਫਿਕੇਸ਼ਨ, ਇਸ਼ਤਿਹਾਰਾਂ,ਪੇਡ ਨਿਊਜ ਆਦਿ ਦੀ ਜਾਣਕਾਰੀ ਵੀ ਹਾਸਿਲ ਕੀਤੀ।

Advertisements

ਚੋਣ ਨਿਗਰਾਨਾਂ ਨੇ ਸੀ-ਵਿਜ਼ਲ, ਸ਼ਿਕਾਇਤ ਸੈਲ ਆਦਿ ਦਾ ਵੀ ਦੌਰਾ ਕੀਤਾ ਜਿਥੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ ਨੇ ਉਨ੍ਹਾਂ ਨੂੰ ਇਨ੍ਹਾਂ ਸੈਲਾਂ ਦੀ ਰੋਜ਼ਾਨਾ ਦੀ ਕਾਰਗੁਜਾਰੀ ਬਾਰੇ ਜਾਣਕਾਰੀ ਦਿੱਤੀ। ਮਹੇਸ਼ ਚੰਦਰਾ ਸ਼ਰਮਾ ਨੇ ਸੈਲਾਂ ਨੁੂੰ ਤਾਕੀਦ ਕੀਤੀ ਕਿ ਸਾਰੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਬੇੜਾ ਕਰਕੇ ਸਬੰਧਿਤ ਧਿਰਾਂ ਨੂੰ ਜਾਣਕਾਰੀ ਦਿੱਤੀ ਜਾਵੇ। ਇਸ ਉਪਰੰਤ ਦੋਵੇਂ ਨਿਗਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰਨਾਂ ਅਧਿਕਾਰੀਆਂ ਸਮੇਤ ਡਾਇਰੈਕਟਰ,ਲੈਂਡ ਰਿਕਾਰਡ ਸੋਸਾਇਟੀ ਵਿਖੇ ਵੀ ਗਏ ਜਿਥੇ ਉਨ੍ਹਾਂ ਨੇ ਸਟਰਾਂਗ ਰੂਮਾਂ ਦਾ ਨਿਰੀਖਣ ਕੀਤਾ ਅਤੇ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕੀਤੇ ਪ੍ਰਬੰਧਾਂ ਸਦਕਾ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਚੱਜੇ, ਨਿਰਪੱਖ ਅਤੇ ਆਜ਼ਾਦਾਨਾ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here