ਭਗਵੰਤ ਮਾਨ ਵੱਲੋਂ ਪੀਏਯੂ ਨੂੰ ਸੈਂਟਰ ਆਫ਼ ਐਕਸੀਲੈਂਸ ਪ੍ਰਾਜੈਕਟ ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ

ਚੰਡੀਗੜ੍ਹ (ਦ ਸਟੈਲਰ ਨਿਊਜ਼): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੇਸ਼ ਦੀ ਪ੍ਰਮੁੱਖ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਨੂੰ ਸੈਂਟਰ ਆਫ਼ ਐਕਸੀਲੈਂਸ (ਸੀ.ਓ.ਈ) ਪ੍ਰਾਜੈਕਟ `ਡਿਵੈਲਪਮੈਂਟ ਐਂਡ ਇੰਟੀਗ੍ਰੇਸ਼ਨ ਆਫ਼ ਐਡਵਾਂਸਡ ਜੀਨੋਮਿਕ ਤਕਨਾਲੋਜੀਜ਼ ਫਾਰ ਟਾਰਗੇਟਿਡ ਬਰੀਡਿੰਗ` ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ (ਡੀ.ਬੀ.ਟੀ) ਵੱਲੋਂ ਪੀਏਯੂ ਲਈ ਮਨਜ਼ੂਰ ਕੀਤੇ ਗਏ ਸੀ.ਓ.ਈ. ਪ੍ਰਾਜੈਕਟ ਨੂੰ ਫਸਲੀ ਵਿਭਿੰਨਤਾ ਲਈ ਅਹਿਮ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਅਤਿ-ਆਧੁਨਿਕ ਖੋਜ ਸੰਸਥਾ ਕਰਾਪ ਬਰੀਡਿੰਗ ਪ੍ਰੋਗਰਾਮਾਂ ਵਿੱਚ ਐਡਵਾਂਸਡ ਜੀਨੋਮਿਕ ਤਕਨਾਲੋਜੀਜ਼ ਦੇ ਵਿਕਾਸ ਅਤੇ ਏਕੀਕਰਣ ਨੂੰ ਯਕੀਨੀ ਬਣਾਉਣ ਵਿੱਚ ਵੀ ਸਹਾਈ ਸਿੱਧ ਹੋਵੇਗੀ, ਜਿਸ ਨਾਲ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਟੀਚੇ ਵਾਲੀਆਂ ਫਸਲਾਂ ਦੀ ਉਤਪਾਦਕਤਾ ਵਧਾਉਣ ਅਤੇ ਰਾਜ ਭਰ ਵਿੱਚ ਕਿਸਾਨਾਂ ਦਾ ਮੁਨਾਫਾ ਵਧਾਉਣ ਵਿੱਚ ਮਦਦ ਮਿਲੇਗੀ।

Advertisements

ਗ਼ੌਰਤਲਬ ਹੈ ਕਿ ਡੀਬੀਟੀ ਨੂੰ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਖੇਤੀ ਬਾਇਓਟੈਕਨਾਲੋਜੀ ਵਿੱਚ ਅਤਿ ਆਧੁਨਿਕ ਖੋਜ ਲਈ ਖੋਜ ਗਤੀਵਿਧੀਆਂ, ਮਨੁੱਖੀ ਸਰੋਤ, ਯਾਤਰਾ, ਸਮਰੱਥਾ ਨਿਰਮਾਣ ਲਈ ਉੱਨਤ ਸਿਖਲਾਈਆਂ ਅਤੇ ਵਰਕਸ਼ਾਪਾਂ ਲਗਾਉਣ ਵਾਸਤੇ ਪੰਜ ਸਾਲਾਂ ਦੀ ਮਿਆਦ ਲਈ 27.91 ਕਰੋੜ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ ਹੈ।  ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਖੋਜ ਪ੍ਰੋਜੈਕਟ ਵਧੀਆ ਝਾੜ ਦੀ ਸਮਰੱਥਾ ਵਾਲੀਆਂ ਫਸਲਾਂ ਦੀਆਂ ਕਿਸਮਾਂ ਦੇ ਵਿਕਾਸ, ਪੈਦਾ ਹੋ ਰਹੀਆਂ ਬਿਮਾਰੀਆਂ ਪ੍ਰਤੀ ਸਹਿਣਸ਼ੀਲਤਾ, ਖੁਰਾਕ ਅਤੇ ਪੋਸ਼ਣ ਸੁਰੱਖਿਆ ਪ੍ਰਾਪਤ ਕਰਨ ਲਈ ਪੌਸ਼ਟਿਕ ਗੁਣਵੱਤਾ ਵਿੱਚ ਸੁਧਾਰ ਲਈ ਵੀ ਅਹਿਮ ਸਾਬਤ ਹੋਵੇਗਾ।ਜ਼ਿਕਰਯੋਗ ਹੈ ਕਿ ਕਣਕ ਅਤੇ ਚੌਲਾਂ ਨੇ ਫਸਲੀ ਪ੍ਰਣਾਲੀ ਵਿੱਚ ਇੱਕ ਵੱਡੀ ਤਬਦੀਲੀ ਲਿਆਂਦੀ ਹੈ ਅਤੇ ਨਤੀਜੇ ਵਜੋਂ ਹੋਰ ਫਸਲਾਂ ਹੇਠ ਰਕਬਾ ਖਾਸ ਤੌਰ `ਤੇ ਪੰਜਾਬ ਵਿੱਚ ਬਹੁਤ ਘੱਟ ਗਿਆ ਹੈ। ਇਸ ਫ਼ਸਲੀ ਚੱਕਰ ਦੇ ਨਤੀਜੇ ਵਜੋਂ ਪਾਣੀ ਦੀ ਦੁਰਵਰਤੋਂ ਅਤੇ ਖਾਦਾਂ ਦੀ ਵਰਤੋਂ ਵਧਣ ਦੇ ਨਾਲ ਨਾਲ ਮਿੱਟੀ ਦੀ ਸਿਹਤ ਵਿੱਚ ਗਿਰਾਵਟ ਆਈ ਹੈ। ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫਲਾਂ ਦੀਆਂ ਫ਼ਸਲਾਂ `ਤੇ ਖੋਜ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਆਰਥਿਕ ਤੌਰ `ਤੇ ਵਿਵਹਾਰਕ ਬਦਲ ਪ੍ਰਦਾਨ ਕਰਨ ਲਈ ਆਪਣੀਆਂ ਤਰਜੀਹਾਂ `ਤੇ ਮੁੜ ਵਿਚਾਰ ਕਰਨ ਦੀ ਸਖ਼ਤ ਲੋੜ ਹੈ।

ਇਸ ਦੌਰਾਨ ਵਧੀਕ ਮੁੱਖ ਸਕੱਤਰ ਅਤੇ ਵਾਈਸ ਚਾਂਸਲਰ, ਪੀਏਯੂ ਡੀ. ਕੇ. ਤਿਵਾੜੀ ਨੇ ਇਸ ਵੱਡੀ ਪ੍ਰਾਪਤੀ ਲਈ ਸੀਓਈ ਦੀ ਟੀਮ ਨੂੰ ਵਧਾਈ ਦਿੱਤੀ ਹੈ। ਉਨਾਂ ਅੱਗੇ ਕਿਹਾ ਕਿ ਪੀਏਯੂ ਦੇ ਵਿਗਿਆਨੀਆਂ ਅੱਗੇ ਵੱਡੀਆਂ ਚੁਣੌਤੀਆਂ ਹਨ, ਫਿਰ ਵੀ ਉਨਾਂ ਦੀ ਲਗਨ ਅਤੇ ਵਚਨਬੱਧਤਾ ਸਫਲ ਸਿੱਟੇ ਲਿਆਵੇਗੀ ਜਿਸ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ।  

LEAVE A REPLY

Please enter your comment!
Please enter your name here