ਪਾਣੀ ਦੇ ਪੱਧਰ ਵਿੱਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਤਕਨੀਕ ਅਪਨਾਉਣ ਦੀ ਜ਼ਰੂਰਤ: ਡਿਪਟੀ ਕਮਿਸ਼ਨਰ

ਪਠਾਨਕੋਟ: (ਦ ਸਟੈਲਰ ਨਿਊਜ਼), ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਲਗਾਤਾਰ ਗਿਰਾਵਟ ਕਾਰਨ ਕਿਸਾਨਾਂ ਨੂੰ ਝੋਨੇ ਦੀਆ ਅਜਿਹੀਆਂ ਤਕਨੀਕਾਂ ਅਪਣਾਂਉਣ ਦੀ ਜ਼ਰੂਰਤ ਹੈ ,ਜਿਸ ਨਾਲ ਪਾਣੀ ਦੀ ਘੱਟ ਖਪਤ ਹੋਵੇ।ਇਹ ਵਿਚਾਰ ਡਿਪਟੀ ਕਮਿਸ਼ਨਰ ਹਰਬੀਰ ਸਿੰਘ (ਆਈ.ਏ.ਐਸ.) ਨੇ ਜ਼ਿਲਾ ਪਠਾਨਕੋਟ ਵਿੱਚ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ  ਚਲਾਈ ਜਾ ਰਹੀ ਮੁਹਿੰਮ ਤਹਿਤ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸਰਪੰਚ ਸਹਿਬਾਨ ਸੰਬੋਧਨ ਕਰਦਿਆਂ ਕਹੇ। ਇਹ ਕੈਂਪ ਸਰਪੰਚ ਸਹਿਬਾਨ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਲਗਾਇਆ ਗਿਆ, ਜਿਸ ਵਿੱਚ ਜ਼ਿਲੇ ਭਰ ਤੋਂ ਵੱਡੀ ਗਿਣਤੀ ਵਿੱਚ ਸਰਪੰਚ ਸ਼ਾਮਿਲ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ,ਡਾ.ਪਿ੍ਰਤਪਾਲ ਸਿੰਘ ,ਡਾ.ਅਰਜੁਨ ਸਿੰਘ ਖੇਤੀਬਾੜੀ ਵਿਕਾਸ ਅਫਸਰ, ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਸਮੂਹ ਸਟਾਫ, ਰਵਿੰਦਰ ਸਿੰਘ ਸਰਪੰਚ ਚੱਕ ਮਨਹਾਸਾਂ, ਕਿ੍ਰਪਾਲ ਸਿੰਘ ਛਤਵਾਲ,ਗੁਰਵਿੰਦਰ ਸਿੰਘ ਜਮਾਲਪੁਰ,ਸਰਬਜੀਤ ਸਿੰਘ ਮਾਹੀਚੱਕ ਸਮੇਤ ਵੱਡੀ ਗਿਣਤੀ ਵਿੱਚ ਸਰਪੰਚ ਹਾਜ਼ਰ ਸਨ।

Advertisements

ਸਰਪੰਚਾਂ ਨੂੰ ਸੰਬੋਧਨ ਕਰਦਿਆ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਦਿਨ ਬ ਦਿਨ ਹੇਠਾਂ ਜਾ ਰਿਹਾ ਹੈ ਜਿਸ ਕਾਰਨ ਭਵਿੱਖ ਦੀ ਖੇਤੀ ਖਤਰੇ ਵਿੱਚ ਪੈ ਗਈ ਹੈ।ਉਨਾਂ ਕਿਹਾ ਕਿ ਜੇਕਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਜ਼ਰੂਰੀ ਹੈ ਕਿ  ਕਿ ਝੋਨੇ ਦੀ ਰਵਾਇਤੀ ਕੱਦੂ ਕਰਨ ਦੀ ਤਕਨੀਕ ਦੀ ਬਜਾਏ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ।ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 20-25 ਫੀਸਦੀ ਮਜ਼ਦੂਰੀ ਦੀ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੂੰ 1500/- ਰੁਪਏ ਪ੍ਰਤੀ ਏਕੜ ਪ੍ਰੋਤਸ਼ਾਹਨ ਰਕਮ ਵੱਜੋਂ ਦਿੱਤੇ ਜਾਣਗੇ ਜੋ ਤਸਦੀਕ ਕਰਨ ਉਪਰੰਤ ਲਾਭਪਾਤਰੀ ਕਿਸਾਨਾਂ ਦੇ  ਬੈਂਕ ਖਾਤਿਆਂ ਵਿੱਚ ਪਾਏ ਜਾਣਗੇ।

ਉਨ੍ਹਾਂ ਕਿਹਾ ਕਿ ਜ਼ਿਲੇ ਅੰਦਰ ਸਮੂਹ ਪੰਚਾਇਤੀ ਜ਼ਮੀਨਾਂ ਤੇ ਝੋਨੇ ਦੀ ਕਾਸ਼ਤ ,ਸਿੱਧੀ ਬਿਜਾਈ ਤਕਨੀਕ ਨਾਲ ਕਰਾਈ ਜਾਵੇਗੀ।ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਅਜਿਹੀ ਤਕਨੀਕ ਹੈ ਜਿਸ ਨਾਲ ਪਾਣੀ ਦੀ ਘੱਟ ਖਪਤ ਕਰਕੇ ਮਿਆਰੀ ਝੋਨੇ ਦੀ ਪੈਦਾਵਾਰ ਲਈ ਜਾ ਸਕਦੀ ਹੈ ।ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਭੂਮੀ ਰੱਖਿਆ ਵਿਭਾਗ ਅਤੇ ਬਾਗਬਾਨੀ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ੋਸ਼ਲ ਮੀਡੀਆਂ ਰਾਹੀ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਤੱਕ ਸਿੱਧੀ ਬਿਜਾਈ ਤਕਨੀਕ ਪਹੁੰਚਾਉਣ ਲਈ ਜ਼ਿਲ੍ਹਾ ਪਠਾਨਕੋਟ ਦਾ ਯੂ ਟਿਊਬ ਚੈਨਲ “ਮੇਰੀ ਖੇਤੀ ਮੇਰਾ ਮਾਣ” ਸ਼ੁਰੂ ਕੀਤਾ ਗਿਆ ਹੈ ।ਉਨ੍ਹਾਂ ਸਮੂਹ ਸਰਪੰਚ ਸਹਿਬਾਨ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਪਿੰਡ ਵਿੱਚ ਕੋਈ ਕਿਸਾਨ ਬੇਹਤਰ ਕੰਮ ਕਰ ਰਿਹਾ ਹੈ ,ਉਸ ਬਾਰੇ ਸੰਬੰਧਤ ਖੇਤੀਬਾੜੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸੂਚਿਤ ਕਰਨ ਤਾਂ ਜੋ ਉਸ ਕਿਸਾਨ ਦੀ ਸਫਲ ਕਹਾਣੀ ਵੀਡੀਓ ਦੇ ਰੂਪ ਵਿੱਚ ਯੂ ਟਿਊਬ ਚੈਨਲ ਤੇ ਪ੍ਰਸਾਰਤ ਕੀਤੀ ਜਾ ਸਕੇ।

ਡਾ.ਅਮਰੀਕ ਸਿੰਘ ਨੇ ਕਿਹਾ ਕਿ ਤਕਨੀਕ ਨਵੀਂ ਹੋਣ ਕਾਰਨ,ਪਹਿਲੀ ਵਾਰ ਇਸ ਤਕਨੀਕ ਨੂੰ ਅਪਣਾ ਰਹੇ ਕਿਸਾਨਾਂ ਨੂੰ ਆਪਣੀ ਕੁੱਲ ਮਾਲਕੀ ਦਾ 20 ਫੀਸਦੀ ਰਕਬਾ ਹੀ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼. ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤੀਆਂ ਵਿਸ਼ੇਸ਼ ਹਦਾਇਤਾਂ ਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਪੱਧਰ ਤੇ ਜਾਗਰੁਕਤਾ ਕੈਂਪ ਜਾਗਰੁਕਤਾ ਲਗਾਏ ਜਾ ਰਹੇ ਹਨ।

ਮਾਸਟਰ ਟ੍ਰੇਨਰ ਡਾ.ਪਿ੍ਰਤਪਾਲ ਸਿੰਘ ਨੇ ਕੰਪਿਊਟਰ ਦੀ ਮਦਦ ਨਾਲ  ਝੋਨੇ ਦੀ ਸਿੱਧੀ ਬਿਜਾਈ ਤਕਨੀਕ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਕਿ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਦੀ ਕਾਮਯਾਬੀ ਲਈ ਜ਼ਰੂਰੀ ਹੈ ਕਿ ਬਿਜਾਈ ਤੋਂ ਪਹਿਲਾਂ ਘੱਟੋ ਘੱਟ ਦੋ ਰੌਣੀਆਂ ਜ਼ਰੂਰ ਕਰ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਪਿਛਲੇ ਸਾਲ ਦੇ ਝੋਨੇ ਦੇ ਬੀਜ,ਨਦੀਨਾਂ ਦੇ ਬੀਜ ਅਤੇ ਜੰਗਲੀ ਝੋਨੇ ਦੇ ਬੀਜ ਖਤਮ ਕੀਤੇ ਜਾ ਸਕਣ।ਉਨਾਂ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ੁਸ਼ਦਾ ਨਦੀਨਨਾਸ਼ਕਾਂ ਦੀ ਸਹੀ ਅਵਸਥਾ ਤੇ ਸਹੀ ਤਕਨੀਕ ਨਾਲ ਛਿੜਕਾਅ ਕਰਨਾ ਚਾਹੀਦਾ ਹੈ।ਸ਼੍ਰੀ ਗੁਰਦਿੱਤ ਸਿੰਘ ਨੇ ਕਿਹਾ ਕਿਹਾ ਕਿ ਪੀ ਐਮ ਕਿਸਾਨ ਸਕੀਮ ਤਹਿਤ ਜਿੰਨਾ ਕਿਸਾਨਾਂ ਨੇ ਆਨਲਾਈਨ ਅਪਲਾਈ ਕੀਤਾ ਸੀ, ਉਹ ਸਵੈ ਘੋਸ਼ਣਾ ਪੱਤਰ, ਅਧਾਰ ਕਾਰਡ ਦੀ ਕਾਪੀ,ਬੈਂਕ ਪਾਸਬੁੱਕ ਦੀ ਕਾਪੀ  ਅਤੇ ਜਮਾਂਬੰਦੀ ਦੀ ਪੂਰੀ ਬਣਾ ਕੇ ਸਰਪੰਚ ਕੋਲੋਂ ਤਸਦੀਕ ਕਰਨ ਉਪਰੰਤ ਸੰਬੰਧਤ ਖੇਤੀਬਾੜੀ ਦਫਤਰ ਵਿੱਚ ਜਮਾਂ ਕਰਵਾਉਣ। ਟੈਕਨੀਸ਼ਨ ਪਵਨ ਕੁਮਾਰ ਥਾਪਾ ਨੇ ਖੇਤੀ ਮਸ਼ੀਨਰੀ ਬਾਰੇ ਚਲਾਈਆ ਜਾ ਰਹੀਆ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here