ਯੂ.ਪੀ.ਐਸ.ਸੀ. ਦਾ ਇਮਤਿਹਾਨ ਪਾਸ ਕਰਨ ਵਾਲੇ ਨਮਨ ਸਿੰਗਲਾ ਵੱਲੋਂ ਰੋਜ਼ਗਾਰ ਬਿਊਰੋ ‘ਚ ਨੌਜਵਾਨਾਂ ਨੂੰ ਸੰਬੋਧਨ

ਪਟਿਆਲਾ (ਦ ਸਟੈਲਰ ਨਿਊਜ਼)। ਹਾਲ ਹੀ ਦੌਰਾਨ ਯੂ.ਪੀ.ਐਸ.ਸੀ. ਦੇ ਵਕਾਰੀ ਇਮਤਿਹਾਨ ਨੂੰ ਪਾਸ ਕਰਕੇ ਭਾਰਤ ਭਰ ‘ਚ 47ਵਾਂ ਰੈਂਕ ਪ੍ਰਾਪਤ ਕਰਨ ਵਾਲੇ ਪਟਿਆਲਾ ਦੇ ਨੌਜਵਾਨ ਨਮਨ ਸਿੰਗਲਾ ਨੇ ਇੱਥੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਵੱਖ-ਵੱਖ ਮੁਕਾਬਲਿਆਂ ਦੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਸੰਬੋਧਨ ਕੀਤਾ।
ਨਮਨ ਸਿੰਗਲਾ ਨੇ ਇਨ੍ਹਾਂ ਨੌਜਵਾਨਾਂ ਨੂੰ ਯੂ.ਪੀ.ਐਸ.ਸੀ ਅਤੇ ਪੀ.ਸੀ.ਐਸ ਦੀ ਪ੍ਰੀਖਿਆ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਨੌਜਵਾਨਾਂ ਦੇ ਵੱਖ-ਵੱਖ ਪ੍ਰਸ਼ਨਾਂ ਦੇ ਠਰ੍ਹੰਮੇ ਨਾਲ ਉੱਤਰ ਦਿੰਦਿਆਂ ਨਮਨ ਸਿੰਗਲਾ ਨੇ ਕਿਹਾ ਕਿ ਦਿਲ ਲਗਾ ਕੇ ਅਤੇ ਆਪਣਾ ਨਿਸ਼ਾਨਾ ਮਿਥੇ ਕੇ ਕੀਤੀ ਗਈ ਤਿਆਰੀ ਜਰੂਰ ਹੀ ਚੰਗਾ ਨਤੀਜਾ ਲਿਆਉਂਦੀ ਹੈ।
ਨਮਨ ਸਿੰਗਲਾ ਨੇ ਪੰਜਾਬ ਸਰਕਾਰ ਵਲੋਂ ਘਰ-ਘਰ ਰੋਜਗਾਰ ਮਿਸ਼ਨ ਅਧੀਨ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ, ਹੁਨਰ ਸਿਖਲਾਈ ਅਤੇ ਸਵੈਂ ਰੋਜਗਾਰ ਮੁਹੱਈਆ ਕਰਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਘਾ ਕਰਦਿਆਂ ਨੌਜਵਾਨਾਂ ਨੂੰ ਇਸ ਤੋਂ ਲਾਭ ਉਠਾਉਣ ਦਾ ਵੀ ਸੱਦਾ ਦਿੱਤਾ।
ਇਸ ਕੈਰੀਅਰ ਟਾਕ ਵਿਚ ਵੱਖ ਵੱਖ ਕੋਚਿੰਗ ਇੰਸਟੀਚਿਊਟਸ ਸਮੇਤ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ‘ਚ ਪੁੱਜੇ ਕੇ ਇਸ ਦਾ ਲਾਭ ਲਿਆ। ਵਿਦਿਆਰਥੀਆਂ ਨੇ ਯੂ.ਪੀ.ਐਸ.ਸੀ ਦੀ  ਪ੍ਰੀਖਿਆ ਦੀ ਤਿਆਰੀ ਲਈ ਕਿੰਨੇ ਘੰਟੇ ਇੱਕ ਦਿਨ ਵਿਚ ਪੜ੍ਹਨਾ ਜਰੂਰੀ ਹੈ, ਕਿਹੜੀਆਂ ਕਿਤਾਬਾਂ ਪੜ੍ਹੀਆਂ ਜਾਣ ਅਤੇ ਕਿਹੜਾ ਅਖਬਾਰ ਕਿਸ ਤਰ੍ਹਾਂ ਪੜ੍ਹਿਆ ਜਾਵੇ ਸਮੇਤ ਹੋਰ ਕਈ ਸਵਾਲ ਕੀਤੇ।ਇਨ੍ਹਾਂ ਪ੍ਰਸ਼ਨਾਂ ਦੇ ਉਤਰ ਇੱਕ ਸਫ਼ਲ ਨੌਜਵਾਨ ਤੋਂ ਹਾਸਲ ਕਰਕੇ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੀ ਬਹੁਤ ਹੌਂਸਲਾ ਅਫ਼ਜਾਈ ਹੋਈ ਹੈ ਅਤੇ ਉਨ੍ਹਾਂ ਨੂੰ ਸਹੀ ਮਾਰਗ ਦਰਸ਼ਨ ਵੀ ਮਿਲਿਆ ਹੈ।
ਇਸ ਮੌਕੇ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸਿੰਪੀ ਸਿੰਗਲਾ ਨੇ ਨਮਨ ਕੁਮਾਰ ਸਿੰਗਲਾ ਦਾ ਧੰਨਵਾਦ ਕਰਦਿਆਂ ਭਾਗ ਲੈਣ ਵਾਲੇ ਪ੍ਰਾਰਥੀਆ ਨੂੰ ਭਵਿੱਖ ਵਿਚ ਹੋਣ ਵਾਲੇ ਹੋਰ ਵੀ ਕਈ ਕੈਰੀਅਰ ਟਾਕ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਮਨ ਸਿੰਗਲਾ ਦੇ ਪਿਤਾ ਨੀਰਜ ਸਿੰਗਲਾ ਨੇ ਵੀ ਸੰਬੋਧਨ ਕੀਤਾ।

Advertisements

LEAVE A REPLY

Please enter your comment!
Please enter your name here