ਜ਼ਿਲ੍ਹੇ ‘ਚੋਂ ਨਸ਼ੇ ਦੀ ਅਲਾਮਤ ਨੂੰ ਖਤਮ ਕਰਨ ਲਈ ਰਣਨੀਤੀ ਤਹਿਤ ਕੀਤਾ ਜਾਵੇ ਕੰਮ: ਡਿਪਟੀ ਕਮਿਸ਼ਨਰ

ਪਟਿਆਲਾ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਪੂਰੀ ਤਰਾਂ ਖ਼ਤਮ ਕਰਨ ਲਈ ਸਬੰਧਤ ਵਿਭਾਗ ਇਕ ਰਣਨੀਤੀ ਤਹਿਤ ਤਾਲਮੇਲ ਨਾਲ ਕੰਮ ਕਰਨ ਤਾਂ ਜੋ ਕੀਤੇ ਜਾ ਰਹੇ ਉਪਰਾਲਿਆਂ ਦੇ ਸਾਰਥਕ ਨਤੀਜੇ ਸਾਹਮਣੇ ਆ ਸਕਣ। ਜ਼ਿਲ੍ਹੇ ‘ਚ ਚੱਲ ਰਹੇ ਓਟ ਸੈਂਟਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਦੇ ਕੰਮ ਦੀ ਸਮੀਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ਪੱਧਰ ‘ਤੇ ਐਸ.ਡੀ.ਐਮਜ਼, ਡੀ.ਐਸ.ਪੀ ਤੇ ਐਸ.ਐਮ.ਓ ਰਲਕੇ ਨਸ਼ਿਆਂ ਖਿਲਾਫ਼ ਜਾਗਰੂਕਤਾ ਮੁਹਿੰਮ ਚਲਾਉਣ ਤੇ ਨੌਜਵਾਨਾਂ ਨੂੰ ਸਕਿੱਲ ਟਰੇਨਿੰਗ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਦਿੱਤੇ ਜਾਂਦੇ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਮੌਕਿਆਂ ਸਬੰਧੀ ਜਾਣਕਾਰੀ ਦੇਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ ਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਵੀ ਮੌਜੂਦ ਸਨ।

Advertisements

ਸਾਕਸ਼ੀ ਸਾਹਨੀ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੋ ਨਸ਼ਿਆਂ ਖਿਲਾਫ਼ ਵਧੀਆਂ ਉਪਰਾਲੇ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਆਪਸ ਵਿੱਚ ਐਸ.ਐਮ.ਓਜ ਸਾਂਝੇ ਕਰਨ ਤਾਂ ਜੋ ਚੰਗੇ ਉਪਰਾਲਿਆਂ ਦਾ ਲਾਭ ਹੋਰਨਾਂ ਵੱਲੋਂ ਵੀ ਉਠਾਇਆ ਜਾ ਸਕੇ। ਉਨ੍ਹਾਂ ਸੀ.ਐਚ.ਸੀ. ਤ੍ਰਿਪੜੀ ਤੇ ਨਾਭਾ ਦੇ ਓਟ ਸੈਂਟਰਾਂ ਵੱਲੋਂ ਕੀਤੇ ਕੰਮ ਦੀ ਸਰਾਹਨਾ ਕਰਦਿਆ ਹੋਰਨਾਂ ਐਸ.ਐਮ.ਓਜ਼ ਨੂੰ ਵੀ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਚ ਹੋਰ ਉਸਾਰੂ ਭੂਮਿਕਾ ਨਿਭਾਉਣ ਲਈ ਕਿਹਾ। ਉਨ੍ਹਾਂ ਸਬ-ਡਵੀਜ਼ਨ ਨਾਭਾ ਤੋਂ ਇਕ ਨਿਵੇਕਲੇ ਉਪਰਾਲੇ ਦੀ ਸ਼ੁਰੂਆਤ ਕਰਨ ਲਈ ਕਿਹਾ ਜਿਸ ਤਹਿਤ ਪਿੰਡਾਂ ‘ਚ ਸਾਂਝੀ ਥਾਂ ‘ਤੇ ਲੋਕਾਂ ਨੂੰ ਪ੍ਰੋਜੈਕਟਰ ‘ਤੇ ਫ਼ਿਲਮ ਦਿਖਾਈ ਜਾਵੇ, ਜਿਸ ‘ਚ ਮਨੋਰੰਜਨ ਦੇ ਨਾਲ ਨਾਲ ਜਾਗਰੂਕਤਾ ਦਾ ਸੁਨੇਹਾ ਵੀ ਦਿੱਤਾ ਜਾ ਸਕੇ।

ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹਾ ਖੇਡ ਅਫ਼ਸਰ ਨੂੰ ਬਲਾਕ ਪੱਧਰ ‘ਤੇ ਖੇਡਾਂ ਕਰਵਾਉਣ ਦੀ ਹਦਾਇਤ ਕਰਦਿਆ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਖੇਡ ਵਿਭਾਗ ਬਲਾਕ ਪੱਧਰ ‘ਤੇ ਖੇਡ ਟੂਰਨਾਮੈਂਟ ਸ਼ੁਰੂ ਕਰੇ ਅਤੇ ਇਸ ਨਾਲ ਵੱਧ ਤੋਂ ਵੱਧ ਨੌਜਵਾਨਾਂ ਨੂੰ ਜੋੜਿਆ ਜਾਵੇ। ਇਸ ਮੌਕੇ ਉਨ੍ਹਾਂ ਮਾਡਲ ਨਸ਼ਾ ਮੁਕਤੀ ਕੇਂਦਰ ਰਾਜਿੰਦਰਾ ਹਸਪਤਾਲ ਵਿਖੇ ਮਹਿਲਾਵਾਂ ਲਈ ਬਣਾਏ ਵੱਖਰੇ ਵਾਰਡ ਦੇ ਕੰਮ ਦੀ ਸਮੀਖਿਆ ਕਰਦਿਆ ਕਿਹਾ ਕਿ ਕੇਂਦਰ ‘ਚ ਮਹਿਲਾਵਾਂ ਨੂੰ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਲੋਕਾਂ ‘ਚ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਜੇਕਰ ਕਿਸੇ ਦੇ ਘਰ ‘ਚ ਨਸ਼ਿਆਂ ਦੀ ਅਲਾਮਤ ਨੇ ਦਸਤਕ ਦਿੱਤੀ ਹੈ ਤਾਂ ਉਹ ਇਥੇ ਇਲਾਜ ਕਰਵਾ ਸਕਦੇ ਹਨ।

ਮੀਟਿੰਗ ‘ਚ ਐਸ.ਡੀ.ਐਮ ਪਟਿਆਲਾ ਇਸਮਿਤ ਵਿਜੈ ਸਿੰਘ, ਐਸ.ਡੀ.ਐਮ. ਨਾਭਾ ਕੰਨੂ ਗਰਗ, ਐਸ.ਡੀ.ਐਮ. ਪਾਤੜਾਂ ਨਵਦੀਪ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਜੀਲਾ ਖਾਨ, ਡੀ.ਡੀ.ਪੀ.ਓ ਸੁਖਚੈਨ ਸਿੰਘ, ਡੀ.ਐਸ.ਐਸ.ਓ ਜੋਬਨਦੀਪ ਕੌਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here