ਪਸ਼ੂ ਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਪਸ਼ੂ ਸੰਸਥਾਵਾਂ ’ਚ ਉਪਲਬੱਧ ਹੈ ਮੁਫ਼ਤ ਗੋਟ ਪੌਕਸ ਵੈਕਸੀਨ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਰਕਾਰ ਵਲੋਂ ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਪਸ਼ੂਆਂ ਦਾ ਮੁਫ਼ਤ ਟੀਕਾਕਰਨ ਕਰਵਾਇਆ ਜਾ ਰਿਹਾ ਹੈ, ਤਾਂ ਜੋ ਪਸ਼ੂਆਂ ਨੂੰ ਇਸ ਬੀਮਾਰੀ ਤੋਂ ਨਿਜ਼ਾਤ ਦਿਵਾਈ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਜ਼ਿਲ੍ਹੇ ਦੀਆਂ ਪਸ਼ੂ ਸੰਸਥਾਵਾਂ ਵਿਚ ਗੋਟ ਪੌਕਸ ਵੈਕਸੀਨ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਲੋਂ ਇਹ ਵੈਕਸੀਨ ਪਸ਼ੂਆਂ ਨੂੰ ਮੁਫ਼ਤ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਕੁੱਲ 3932 ਵੈਕਸੀਨ ਪ੍ਰਾਪਤ ਹੋਈ ਹੈ ਅਤੇ ਵਿਭਾਗ ਵਲੋਂ ਕੈਂਪ ਆਦਿ ਲਗਾ ਕੇ ਇਹ ਵੈਕਸੀਨ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬੀਮਾਰੀ ਤੋਂ ਆਪਣੇ ਪਸ਼ੂਆਂ ਨੂੰ ਬਚਾਉਣ ਲਈ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪਸ਼ੂਆਂ ਅੰਦਰ ਬੀਮਾਰੀ ਦੇ ਲੱਛਣ ਸਾਹਮਣੇ ਆਉਂਦੇ ਹਨ, ਤਾਂ ਮੁਫ਼ਤ ਇਲਾਜ ਲਈ ਨੇੜੇ ਦੀ ਪਸ਼ੂ ਸੰਸਥਾ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Advertisements

ਸੰਦੀਪ ਹੰਸ ਨੇ ਕਿਹਾ ਕਿ ਇਹ ਬੀਮਾਰੀ ਪਸ਼ੂਆਂ ਵਿਚ ਜ਼ਿਆਦਾਤਰ ਗਾਵਾਂ ਵਿਚ ਚਮੜੀ ਦੇ ਰੋਗ ਦੇ ਤੌਰ ’ਤੇ ਹੋ ਰਹੀ ਹੈ, ਜਿਸ ਦਾ ਕਾਰਨ ਕੈਪਰੀ ਪੋਕਸ ਵਿਸ਼ਾਣੂ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਨਾਲ ਨਜਿੱਠਣ ਲਈ ਪਸ਼ੂ ਪਾਲਣ ਵਿਭਾਗ ਵਲੋਂ ਜ਼ਿਲ੍ਹੇ ਵਿਚ 41 ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਇਕ ਚਮੜੀ ਰੋਗ ਹੈ, ਜਿਸ ਤੋਂ ਘਬਰਾਉਣ ਦੀ ਲੋੜ ਨਹੀਂ ਅਤੇ ਇਸ ਬੀਮਾਰੀ ਦੇ ਸਹੀ ਇਲਾਜ ਨਾਲ ਦੋ-ਤਿੰਨ ਹਫਤਿਆਂ ਦੌਰਾਨ ਹੀ ਪਸ਼ੂ ਸਿਹਤਮੰਦ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਲੋਂ ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ਅਧਿਕਾਰੀਆਂ ਦੇ ਨੰਬਰ ਵੀ ਜਨਤਕ ਕੀਤੇ ਗਏ ਹਨ, ਇਸ ਲਈ ਪਸ਼ੂ ਪਾਲਕ ਲੋੜ ਪੈਣ ’ਤੇ ਇਨ੍ਹਾਂ ’ਤੇ ਸੰਪਰਕ ਕਰ ਸਕਦੇ ਹਨ।

ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਪਸ਼ੂਆਂ ਵਿਚ ਲੰਪੀ ਸਕਿਨ ਬੀਮਾਰੀ ਦੇ ਲੱਛਣ ਆਉਂਦੇ ਹਨ, ਉਨ੍ਹਾਂ ਦਾ ਇਲਾਜ ਉਨ੍ਹਾਂ ਦੇ ਪਿੰਡ ਵਿਚ ਸਬੰਧਤ ਪਸ਼ੂ ਸੰਸਥਾ ਵਿਚ ਕੰਮ ਕਰ ਰਹੇ ਅਧਿਕਾਰੀਆਂ, ਕਰਮਚਾਰੀਆਂ ਵਲੋਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤਹਿਸੀਲ ਦੇ ਪਸ਼ੂ ਪਾਲਕ ਜ਼ਰੂਰਤ ਪੈਣ ’ਤੇ ਡਾ. ਗੁਰਦੀਪ ਸਿੰਘ ਦੇ ਮੋਬਾਇਲ ਨੰ: 9464426521, ਗੜ੍ਹਸ਼ੰਕਰ ਦੇ ਪਸ਼ੂ ਪਾਲਕ ਡਾ. ਹਰਜੀਤ ਸਿੰਘ ਦੇ ਮੋਬਾਇਲ ਨੰ: 9815806441, ਦਸੂਹਾ ਦੇ ਪਸ਼ੂ ਪਾਲਕ ਡਾ. ਜਸਪਾਲ ਸਿੰਘ ਦੇ ਮੋਬਾਇਲ ਨੰ: 9915428297 ਅਤੇ ਤਹਿਸੀਲ ਮੁਕੇਰੀਆਂ ਦੇ ਪਸ਼ੂ ਪਾਲਕ ਡਾ. ਚਰਨਜੀਤ ਸਿੰਘ ਦੇ ਮੋਬਾਇਲ ਨੰ: 9779064193 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਵਿਚ ਲੰਪੀ ਸਕਿਨ ਬੀਮਾਰੀ ਸਾਹਮਣੇ ਆਉਣ ’ਤੇ ਪਸ਼ੂ ਪਾਲਕ ਆਪਣੀ ਨੇੜਲੀ ਪਸ਼ੂ ਸੰਸਥਾ ਤੋਂ ਲੋੜ ਅਨੁਸਾਰ ਮੁਫ਼ਤ ਦਵਾਈ (ਐਂਟੀਬਾਇਓਟਿਕ, ਐਂਟੀਪ੍ਰੈਟਿਕ, ਐਂਟੀਅਲਜਿਕ) ਆਦਿ ਲਗਵਾ ਸਕਦੇ ਹਨ।

LEAVE A REPLY

Please enter your comment!
Please enter your name here