ਹੁਣ ਤਿਮਾਹੀ ਨਿਰੀਖਣ ਦੀ ਥਾਂ ਹੋਵੇਗਾ ਸਾਲਾਨਾ ਨਿਰੀਖਣ 

ਚੰਡੀਗੜ੍ਹ (ਦ ਸਟੈਲਰ ਨਿਊਜ਼)। ਭਾਰ ਤੋਲਣ ਵਾਲੀਆਂ ਇਲੈਕਟ੍ਰਾਨਿਕ ਮਸ਼ੀਨਾਂ ਦੇ ਨਿਰਮਾਤਾਵਾਂ ਨੂੰ ਵੱਡੀ ਰਾਹਤ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਮੰਤਰੀ ਨੇ ਅੱਜ ਲੀਗਲ ਮੈਟਰੋਲੋਜੀ ਵਿਭਾਗ ਦੇ ਅਮਲੇ ਵੱਲੋਂ ਲਾਜ਼ਮੀ ਨਿਰੀਖਣ ਦੌਰਾਨ ਵਿਕਰੀ/ਖਰੀਦ ਵਾਊਚਰ ਦੀਆਂ ਹਾਰਡ ਕਾਪੀਆਂ ਜਮ੍ਹਾਂ ਕਰਾਉਣ ਦੀ ਰਿਵਾਇਤ ਨੂੰ ਖ਼ਤਮ ਕਰ ਦਿੱਤਾ ਹੈ। ਇਸ ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਜੋ ਵਪਾਰਕ ਲੈਣ-ਦੇਣ ਦੀ ਗੁਪਤਤਾ ਬਰਕਰਾਰ ਰੱਖਦਿਆਂ ਉਨ੍ਹਾਂ ਦੇ ਵਪਾਰਕ ਹਿੱਤਾਂ ਦੀ ਵੀ ਰਾਖੀ ਕਰੇਗਾ।

Advertisements

ਵੇਟ ਐਂਡ ਮਈਅਰਜ਼ (ਨਾਪ ਤੋਲ) ਇੰਡਸਟਰੀਅਲ ਐਸੋਸੀਏਸ਼ਨ, ਪੰਜਾਬ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਇਹ ਵੇਰਵੇ ਸਾਂਝੇ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਤੋਂ ਬਾਅਦ ਮਸ਼ੀਨ ਨਿਰਮਾਤਾਵਾਂ ਵੱਲੋਂ ਵਿਭਾਗ ਨੂੰ ਦਿੱਤੀ ਗਈ ਜਾਣਕਾਰੀ ਨਾਲ ਤੁਲਨਾ ਕਰਕੇ ਅਸਲ ਵਾਊਚਰ ਮੌਕੇ ‘ਤੇ ਹੀ ਵਾਪਸ ਕਰ ਦਿੱਤੇ ਜਾਣਗੇ। ਉਦਯੋਗ ਨੂੰ ਹੋਰ ਰਾਹਤ ਦਿੰਦਿਆਂ ਅਤੇ ਲਾਲ ਫੀਤਾਸ਼ਾਹੀ ਖਿਲਾਫ ਸਖਤ ਰੁਖ ਅਪਣਾਉਂਦਿਆਂ ਮੰਤਰੀ ਨੇ ਵਿਭਾਗ ਵਿੱਚ ਪ੍ਰਚਲਿਤ ਤਿਮਾਹੀ ਨਿਰੀਖਣਾਂ ਨੂੰ ਖਤਮ ਕਰ ਦਿੱਤਾ ਅਤੇ ਉਨ੍ਹਾਂ ਦੀ ਥਾਂ ਸਾਲਾਨਾ ਨਿਰੀਖਣ ਕੀਤੇ ਜਾਣਗੇ। ਮੰਤਰੀ ਨੇ ਕਿਹਾ, “ਜੇਕਰ ਜੀਐਸਟੀ ਅਤੇ ਆਮਦਨ ਕਰ ਰਿਟਰਨਾਂ ਦੀ ਸਾਲਾਨਾ ਪੜਤਾਲ ਕਰਨਾ ਢੁਕਵਾਂ ਹੈ, ਤਾਂ ਉਦਯੋਗ ਲਈ ਤਿਮਾਹੀ ਨਿਰੀਖਣ ਦੀ ਕੋਈ ਲੋੜ ਨਹੀਂ ਹੈ।” ਉਹਨਾਂ ਅੱਗੇ ਕਿਹਾ ਕਿ ਉਹ ਅਜਿਹੇ ਸਾਰੀਆਂ ਕਾਰਵਾਈਆਂ ਨੂੰ ਖਤਮ ਕਰਨ ਲਈ ਵਚਨਬੱਧ ਹਨ ਜੋ ਉਦਯੋਗ ਪੱਖੀ ਨਹੀਂ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਅੱਗੇ ਕਿਹਾ ਕਿ ਨਿਰਮਾਤਾਵਾਂ ਲਈ ਜਲਦੀ ਹੀ ਨਿਰੀਖਣ ਪ੍ਰੋਟੋਕੋਲ ਦੇ ਨਾਲ ਇੱਕ ਸਵੈ ਪ੍ਰਮਾਣੀਕਰਣ ਪ੍ਰਣਾਲੀ ਵਿਕਸਤ ਕੀਤੀ ਜਾਵੇਗੀ, ਜਿਸ ਨਾਲ ਉਦਯੋਗ ਨੂੰ ਹੋਰ ਰਾਹਤ ਮਿਲੇਗੀ। ਹਾਲਾਂਕਿ, ਇਸ ਦੇ ਨਾਲ ਹੀ ਉਹਨਾਂ ਨੇ ਉਦਯੋਗ ਨੂੰ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਦੇਣ ਦੇ ਵਿਰੁੱਧ ਸਾਵਧਾਨ ਕੀਤਾ ਨਹੀਂ ਤਾਂ ਮੈਟਰੋਲੋਜੀ ਐਕਟ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਅਤੇ ਕੰਟਰੋਲਰ ਲੀਗਲ ਮੈਟਰੋਲੋਜੀ ਪਰਮਪਾਲ ਕੌਰ ਸਿੱਧੂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here