ਹਰਿਆਵਲ ਲਹਿਰ ਤਹਿਤ ਬੂਟੇ ਲਾਉਣ ਦਾ ਕੰਮ ਜਾਰੀ : ਡਿਪਟੀ ਡਾਇਰੈਕਟਰ ਸਹੋਤਾ

ਪਟਿਆਲਾ ( ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਵਣ ਵਿਭਾਗ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਬੂਟੇ ਲਗਾਉਣ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਸਾਂਝੀਆਂ ਥਾਂਵਾਂ ‘ਤੇ ਲੱਗ ਰਹੇ ਬੂਟਿਆਂ ਕਾਰਨ ਜਲਦੀ ਹੀ ਪੰਜਾਬ ਦੇ ਪਿੰਡ ਪੂਰੀ ਤਰਾਂ ਹਰੇ ਭਰੇ ਨਜ਼ਰ ਆਉਣਗੇ। ਇਹ ਜਾਣਕਾਰੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਵੀਜ਼ਨਲ ਡਿਪਟੀ ਡਾਇਰੈਕਟਰ ਸ. ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦਿੱਤੀ।
ਉਹ ਪਿੰਡ ਹਸਨਪੁਰ ਪ੍ਰਹੋਤਾਂ ਵਿਖੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਵਿਸ਼ਵ ਜਲ ਸਪਤਾਹ ਨੂੰ ਸਮਰਪਿਤ ਵਣ ਮਹਾਂਉਤਸਵ ਸਮਾਗਮ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਵਣ ਮਹਾਂਉਤਸਵ ਦਾ ਆਯੋਜਨ ਵਣ ਮੰਡਲ ਅਫ਼ਸਰ (ਵਿਸਥਾਰ)  ਵਿੱਦਿਆ ਸਾਗਰੀ ਆਰ.ਯੂ. ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇੰਜ (ਵਿਸਥਾਰ) ਪਟਿਆਲਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦੌਰਾਨ ਪਿੰਡ ਦੀਆਂ ਸਾਂਝੀਆਂ ਥਾਂਵਾਂ ਤੇ ਦੇਸੀ ਕਿਸਮਾਂ ਦੇ ਸੌ ਬੂਟੇ ਲਗਾਏ ਗਏ।
ਸ੍ਰੀ ਸਹੋਤਾ ਨੇ ਕਿਹਾ ਕਿ ਸ਼ੁੱਧ ਹਵਾ ਅਤੇ ਪਾਣੀ ਜੀਵਣ ਦਾ ਆਧਾਰ ਹਨ। ਇਨ੍ਹਾਂ ਨੂੰ ਸੰਭਾਲਣਾ ਅਤੇ ਸਾਫ਼ ਰੱਖਣਾ ਧਰਤੀ ਉੱਪਰ ਮਨੁੱਖੀ ਹੋਂਦ ਬਰਕਰਾਰ ਰੱਖਣ ਲਈ ਲਾਜ਼ਮੀ ਹੈ। ਉਨ੍ਹਾਂ ਹਰੇਕ ਨਾਗਰਿਕ ਨੂੰ ਪਾਣੀ ਸਮੇਤ ਹੋਰ ਕੁਦਰਤੀ ਸੋਮਿਆਂ ਦੀ ਸੰਭਾਲ ਕਰਨ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੱਦਾ ਦਿੱਤਾ। ਵਣ ਰੇਂਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਨੇ ਵਾਤਾਵਰਣ ਮੁੱਦਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਣ ਵਿਸਥਾਰ ਮੰਡਲ ਪਟਿਆਲਾ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ।
ਬੀਟ ਅਫ਼ਸਰ ਅਮਨ ਅਰੋੜਾ ਅਤੇ ਹਰਦੀਪ ਸ਼ਰਮਾ ਨੇ ਜਲ ਅਤੇ ਵਾਤਾਵਰਣ ਸੰਭਾਲ ਸੰਬੰਧੀ ਨੁਕਤੇ ਸਾਂਝੇ ਕੀਤੇ। ਸਮਾਜ ਸੇਵਕ ਮਨਵਿੰਦਰ ਸਿੰਘ ਗੋਲਡੀ ਅਤੇ ਬਰਜਿੰਦਰ ਸਿੰਘ ਬਿੰਟਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪਰਮਿੰਦਰ ਸਿੰਘ ਸਹੋਤਾ, ਹਰਦੀਪ ਸਿੰਘ ਸੋਢੀ, ਕੁਲਵੰਤ ਸਿੰਘ ਵਿਸਾਖੀ, ਬਲਾਕ ਅਫ਼ਸਰ ਮਹਿੰਦਰ ਚੌਧਰੀ, ਬੀਟ ਅਫ਼ਸਰ ਮਨਵੀਨ ਕੌਰ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਹਰਜੀਤ ਸਿੰਘ, ਕੁਲਜੀਤ ਸਿੰਘ, ਸੁਰਜੀਤ ਸਿੰਘ ਅਤੇ ਹੋਰ ਪਤਵੰਤੇ ਲੋਕ ਮੌਜੂਦ ਸਨ।

Advertisements

LEAVE A REPLY

Please enter your comment!
Please enter your name here