ਗੁਆਂਢੀ ਰਾਜਾਂ ਦੀ ਤਰਜ਼ ਤੇ ਪੰਜਾਬ ਦੀਆਂ ਸਕੂਲ ਬੱਸਾਂ ਦੇ ਵੀ ਹੋਣਗੇ ਟੈਕਸ ਮਾਫ: ਸੁਖਮਨ ਧਾਲੀਵਾਲ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪਿਛਲੇ ਕਈ ਸਾਲਾਂ ਤੋਂ ਸਕੂਲ ਬੱਸ ਅਪਰੇਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਾਰਥਿਕ ਹੱਲ ਕੱਢਣ ਲਈ ਸਕੂਲ ਬੱਸ ਅਪਰੇਟਰਜ਼ ਯੂਨੀਅਨ, ਪੰਜਾਬ ਵਲੋਂ ਚੇਅਰਮੈਨ ਭਰਪੂਰ ਸਿੰਘ ਹਠੂਰ ਅਤੇ ਪ੍ਰਧਾਨ ਸੁਖਮਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਤੇਰਾਂ ਮੈਂਬਰੀ ਕਮੇਟੀ ਵਲੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਪੰਜਾਬ ਭਵਨ, ਚੰਡੀਗੜ੍ਹ ਵਿਖੇ ਇੱਕ ਲੰਬੀ ਮੀਟਿੰਗ ਕੀਤੀ ਗਈ। ਜਿਕਰਯੋਗ ਹੈ ਕਿ ਦੁਪਹਿਰ ਸਮੇਂ ਕੀਤੀ ਗਈ ਮੀਟਿੰਗ ਬੇਸਿੱਟਾ ਰਹਿਣ ਕਰਕੇ ਟਰਾਂਸਪੋਰਟ ਮੰਤਰੀ ਵਲੋਂ ਯੂਨੀਅਨ ਦੇ ਆਗੂਆਂ ਨਾਲ ਬਾਅਦ ਦੁਪਹਿਰ ਦੁਬਾਰਾ ਫਿਰ ਮੀਟਿੰਗ ਕੀਤੀ ਗਈ ਜਿਸ ਵਿੱਚ ਐਮ.ਐਲ.ਏ. ਲੁਧਿਆਣਾ ਪੱਛਮੀ ਤੋਂ ਗੁਰਪ੍ਰੀਤ ਸਿੰਘ ਗੋਗੀ ਅਤੇ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਵਿਮਲ ਸੇਤੀਆ ਸਮੇਤ ਟਰਾਂਪੋਰਟ ਵਿਭਾਗ ਦੇ ਉੱਚ ਅਧਿਕਾਰੀ* ਉਚੇਚੇ ਤੌਰ ਤੇ ਹਾਜਰ ਰਹੇ। ਇਸ ਸਬੰਧੀ ਯੂਨੀਅਨ ਵਲੋਂ ਹੁਸ਼ਿਆਰਪੁਰ ‘ਚ ਪ੍ਰੈੱਸ ਕਾਨਫਰੰਸ ਕੀਤੀ ਗਈ।

Advertisements

ਮੀਡੀਆ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਚੇਅਰਮੈਨ ਭਰਪੂਰ ਸਿੰਘ ਹਠੂਰ ਨੇ ਦੱਸਿਆ ਕਿ ਸਾਡੀ ਪਿਛਲੇ ਲੰਬੇ ਸਮੇਂ ਤੋਂ ਮੰਗ ਸੀ ਕਿ ਸਾਡੇ ਗੁਆਂਢੀ ਰਾਜਾਂ ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਆਦਿ ਦੀ ਤਰਜ਼ ਤੇ ਪੰਜਾਬ ਦੀਆਂ ਸਕੂਲ ਬੱਸਾਂ ਦੇ ਵੀ ਟੈਕਸ ਪੂਰਨ ਤੌਰ ਤੇ ਮਾਫ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਹੈਵੀ ਡਰਾਈਵਿੰਗ ਲਾਇਸੰਸ ਬਣਾਉਣ ਅਤੇ ਰੀਨਿਉ ਕਰਾਉਣ ਲਈ ਟਰੇਨਿੰਗ ਕਲਾਸਾਂ ਲਗਾਉਣ ਉਨ੍ਹਾਂ ਨੂੰ ਮਹੂਆਣੇ ਜਾਣਾ ਪੈਂਦਾ ਸੀ ਅਤੇ ਹੁਸ਼ਿਆਰਪੁਰ ਵਿੱਚ ਕਲਾਸਾਂ ਲਗਾਉਣ ਲਈ ਬਹੁਤ ਖੱਜਲ ਖੁਆਰ ਹੋਣਾ ਪੈਂਦਾ ਸੀ ਅਤੇ ਹਰੇਕ ਸਾਲ ਸਕੂਲ ਬੱਸਾਂ ਦੀ ਪਾਸਿੰਗ ਕਰਾਉਣ ਲਈ ਵੀ ਕਈ ਮੁਸ਼ਕਿਲਾਂ ਆਉਂਦੀਆਂ ਸਨ। ਉਨ੍ਹਾਂ ਕਿਹਾ ਕਿ ਹਰੇਕ ਜਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਟੀਮਾਂ ਵਲੋਂ ਬੱਚਿਆਂ ਨਾਲ ਭਰੀਆਂ ਬੱਸਾਂ ਨੂੰ ਰਾਹਾਂ ਵਿੱਚ ਰੋਕ ਕੇ ਕਾਗਜ਼ ਚੈੱਕ ਕਰਨ ਦੇ ਨਾਮ ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਕਈ ਪ੍ਰਾਈਵੇਟ ਸਕੂਲ ਬੱਸ ਮਾਲਕਾਂ ਨੂੰ ਐਗਰੀਮੈਂਟ ਦੇਣ ਤੋਂ ਆਨਾਕਾਨੀ ਕਰਦੇ ਹਨ, ਜਿਸ ਕਰਕੇ ਸਕੂਲ ਬੱਸ ਮਾਲਕਾਂ ਨੂੰ ਪਰਮਿਟ ਨਹੀਂ ਮਿਲਦੇ।
ਇਸ ਮੌਕੇ ਯੂਨੀਅਨ ਦੇ ਕੌਮੀ ਪ੍ਰਧਾਨ ਸੁਖਮਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਕਨੂੰਨੀ ਪ੍ਰਕਿਰਿਆ ਪੂਰੀ ਕਰਕੇ ਦੂਜੇ ਰਾਜਾਂ ਦੀ ਤਰਜ਼ ਤੇ ਪੰਜਾਬ ਦੀਆਂ ਸਕੂਲ ਬੱਸਾਂ ਦੇ ਵੀ ਟੈਕਸ ਮਾਫ਼ ਕਰ ਦਿੱਤੇ ਜਾਣਗੇ ਅਤੇ ਹੈਵੀ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਜਾਂ ਤਾਂ ਹਰੇਕ ਜਿਲ੍ਹੇ ਵਿੱਚ ਜਲਦ ਹੀ ਟਰੇਨਿੰਗ ਸਕੂਲ ਖੋਲ੍ਹ ਦਿੱਤੇ ਜਾਣਗੇ ਜਾਂ ਫਿਰ ਇਸ ਪ੍ਰਕਿਰਿਆ ਨੂੰ ਹੋਰ ਸੁਖਾਲਾ ਕੀਤਾ ਜਾਵੇਗਾ ਤਾਂ ਜ਼ੋ ਡਰਾਈਵਰ ਭਾਈਚਾਰੇ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਾਰੇ ਜਿਲ੍ਹਿਆਂ ਦੇ ਡੀ.ਸੀ. ਸਾਹਿਬਾਨ ਵੀ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਸਕੂਲ ਬੱਸ ਨੂੰ ਰਾਹ ਵਿੱਚ ਰੋਕ ਕੇ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਸਕੂਲਾਂ ਨੂੰ ਇਹ ਹਿਦਾਇਤ ਕੀਤੀ ਜਾਵੇ ਕਿ ਸਕੂਲ ਬੱਸ ਮਾਲਕਾਂ ਨੂੰ ਤੁਰੰਤ ਐਗਰੀਮੈਂਟ ਜਾਰੀ ਕੀਤੇ ਜਾਣ ਤਾਂ ਜ਼ੋ ਬੱਸਾਂ ਦੇ ਡਾਕੂਮੈਂਟ ਪੂਰੇ ਕੀਤੇ ਜਾ ਸਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਿੰਦਰ ਸਿੰਘ, ਸੁਖਜਿੰਦਰ ਸਿੰਘ ਜੌੜਾ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ ਸੋਨੂੰ, ਹਰਿੰਦਰ ਸਿੰਘ, ਅਮਰਜੀਤ ਸਿੰਘ ਗਿੱਲ, ਯੈਕਬ ਮਸੀਹ, ਮਨਜੀਤ ਸਿੰਘ, ਹਰਭਜਨ ਸਿੰਘ, ਜਰਨੈਲ ਸਿੰਘ, ਗੁਰਮੀਤ ਸਿੰਘ, ਜਸਬੀਰ ਸਿੰਘ, ਰਮਨਜੀਤ ਸਿੰਘ, ਅਸ਼ੋਕ ਸ਼ਰਮਾ, ਗਗਨ ਜੱਸਲ ਅਤੇ ਸਿਮਰਜੀਤ ਸਿੰਘ ਆਦਿ ਹਾਜਰ ਸਨ

LEAVE A REPLY

Please enter your comment!
Please enter your name here