ਡਿਪਟੀ ਕਮਿਸ਼ਨਰ ਵਲੋਂ  ਦੁਸਹਿਰੇ ਦੀਆਂ ਤਿਆਰੀਆਂ ਸਬੰਧੀ ਸ਼੍ਰੀ ਰਾਮ ਲੀਲਾ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੂਰੇ ਉੱਤਰੀ ਭਾਰਤ ਵਿਚ ਪ੍ਰਸਿੱਧ ਹੁਸ਼ਿਆਰਪੁਰ ਵਿਖੇ ਮਨਾਇਆ ਜਾਣ ਵਾਲਾ ਦੁਸਹਿਰੇ ਦਾ ਤਿਉਹਾਰ ਇਸ ਵਾਰ ਵੀ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਅਤੇ ਇਸ ਦੀਆਂ ਤਿਆਰੀਆਂ ਵਿਚ ਕੋਈ ਕਮੀ ਬਾਕੀ ਨਹੀਂ ਛੱਡੀ ਜਾਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਵਲੋਂ ਅੱਜ ਇਥੇ ਸ਼੍ਰੀ ਰਾਮ ਲੀਲਾ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਦੁਸਹਿਰਾ ਗਰਾਊਂਡ ਵਿਖੇ 25 ਸਤੰਬਰ ਤੋਂ 5 ਅਕਤੂਬਰ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਨੂੰ ਪੂਰੇ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਫ਼ਾਈ, ਟ੍ਰੈਫਿਕ ਵਿਵਸਥਾ, ਪੀਣ ਵਾਲੇ ਪਾਣੀ, ਸੁਖਾਵੀਂ ਐਂਟਰੀ, ਸੁਰੱਖਿਆ ਵਿਵਸਥਾ, ਮੈਡੀਕਲ ਕੈਂਪ, ਐਂਬੂਲੈਂਸਾਂ, ਫਾਇਰ ਬ੍ਰਿਗੇਡ, ਬਿਜਲੀ ਸਪਲਾਈ, ਸਟਰੀਟ ਲਾਈਟਾਂ ਨੂੰ ਚਾਲੂ ਹਾਲਤ ਵਿਚ ਰੱਖਣ, ਕਾਜ਼ਵੇਅ ਦੀ ਮੁਰੰਮਤ ਅਤੇ ਗੰਦੇ ਪਾਣੀ ਦੀ ਨਿਕਾਸੀ ਆਦਿ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ 30 ਸਤੰਬਰ ਨੂੰ ਭਗਵਾਨ ਸ੍ਰੀ ਰਾਮ ਜੀ ਦੀ ਬਰਾਤ ਸਬੰਧੀ ਸ਼ੋਭਾ ਯਾਤਰਾ ਅਤੇ 5 ਅਕਤੂਬਰ ਨੂੰ ਦੁਸਹਿਰੇ ਮੌਕੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਇਸ ਵੱਡੇ ਸਮਾਗਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ। ਉਨ੍ਹਾਂ ਸ੍ਰੀ ਰਾਮ ਲੀਲਾ ਕਮੇਟੀ ਨੂੰ ਵਿਸ਼ਵਾਸ ਦੁਆਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਏਗਾ।

Advertisements


ਸ੍ਰੀ ਰਾਮ ਲੀਲਾ ਕਮੇਟੀ ਦੇ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਵਲੋਂ ਇਸ ਸਮਾਗਮ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਦੁਸਹਿਰੇ ਸਮਾਗਮਾਂ ਵਿਚ ਸ਼ਿਰਕਤ ਕਰਨ ਅਤੇ ਸਫ਼ਾਈ ਦਾ ਖਾਸ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੇਕਰ ਕੋਈ ਵੀ ਸ਼ੱਕੀ ਵਸਤੂ ਉਨ੍ਹਾਂ ਨੂੰ ਨਜ਼ਰ ਆਵੇ, ਤਾਂ ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ। ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀ ਪ੍ਰੀਤਇੰਦਰ ਸਿੰਘ, ਐਸ.ਡੀ.ਐਮ. ਮੁਕੇਰੀਆਂ ਕੰਵਲਜੀਤ ਸਿੰਘ, ਸਹਾਇਕ ਕਮਿਸ਼ਨਰ ਸ਼੍ਰੀ ਵਿਓਮ ਭਾਰਦਵਾਜ, ਸਹਾਇਕ ਕਮਿਸ਼ਨਰ ਨਗਰ ਨਿਗਮ ਸ਼੍ਰੀ ਸੰਦੀਪ ਤਿਵਾੜੀ, ਚੇਅਰਮੈਨ ਸ੍ਰੀ ਰਾਮ ਲੀਲਾ ਕਮੇਟੀ ਸ਼੍ਰੀ ਸ਼ਿਵ ਸੂਦ, ਪ੍ਰਧਾਨ ਗੋਪੀ ਚੰਦ ਕਪੂਰ, ਜਨਰਲ ਸਕੱਤਰ ਪ੍ਰਦੀਪ ਹਾਂਡਾ ਤੇ ਬਿੰਦੂਸਾਰ ਸ਼ੁਕਲਾ ਅਤੇ ਸੰਜੀਵ ਐਰੀ ਮੌਜੂਦ ਸਨ। 

LEAVE A REPLY

Please enter your comment!
Please enter your name here