ਵੱਖ-ਵੱਖ ਨਿਹੰਗ ਜਥੇਬੰਦੀਆਂ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੁੱਖੀ ਇਕਬਾਲ ਸਿੰਘ ਲਾਲਪੁਰਾ ਨਾਲ ਕੀਤੀ ਮੁਲਾਕਾਤ

ਦਿੱਲੀ (ਦ ਸਟੈਲਰ ਨਿਊਜ਼)। ਬੀਤੇ ਦਿਨੀਂ ਨਿਹੰਗ ਸਿੰਘ ਖਾਲਸਾ ਦਲ (ਸ਼੍ਰੋੋਮਣੀ ਜਰਨੈਲ ਸਾਹਿਬਜਾਦਾ ਬਾਬਾ ਜੁਝਾਰ ਸਿੰਘ) ਦੇ ਜੱਥੇ ਵਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਨਿਹੰਗ ਸਿੰਘਾਂ ਨੇ ਸ. ਲਾਲਪੁਰਾ ਨੂੰ ਜਾਤ-ਪਾਤ ’ਤੇ ਅਧਾਰਿਤ ਲੰਗਰਾਂ ਵਿੱਚ ਲੱਗਦੀਆਂ ਵੱਖਰੀਆਂ ਪੰਗਤਾਂ ਬਾਬਤ ਜਾਣੂ ਕਰਵਾਇਆ ਤੇ ਇਸ ਬਾਬਤ ਇੱਕ ਮੰਗ ਪੱਤਰ ਸੌਂਪਿਆ। ਸਿੰਘਾਂ ਨੇ ਦੱਸਿਆ ਕਿ ਦਸਮ ਪਿਤਾ ਨੇ ਖਾਲਸਾ ਪੰਥ ਇਸ ਲਈ ਸਾਜਿਆ ਸੀ ਕਿ ਜਾਤ ਪਾਤ ਨੂੰ ਖਤਮ ਕਰਕੇ ਊਚ ਨੀਚ ਦਾ ਫਰਕ ਖਤਮ ਕੀਤਾ ਜਾ ਸਕੇ ਪਰ ਅਜੋਕੇ ਸਮੇਂ ਵਿੱਚ ਕੁੱਝ ਅਖੌਤੀ ਜਥੇਬੰਦੀਆਂ ਅਤੇ ਸੰਪਰਦਾਵਾਂ ਜਾਤਾਂ ਪਾਤਾਂ ਦੇ ਆਧਾਰ ’ਤੇ ਅੰਮ੍ਰਿਤ ਦੇ ਦੋ ਬਾਟੇ ਤਿਆਰ ਕਰਦੇ ਹਨ, ਇੱਥੋਂ ਤੱਕ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਲੰਗਰ ਦੀਆਂ ਦੋ ਵੱਖ ਵੱਖ ਪੰਗਤਾਂ ਲਾਈਆਂ ਜਾਂਦੀਆਂ ਹਨ ਜਿਸ ਨਾਲ ਸਿੱਖੀ ਸਿਧਾਂਤਾਂ ਨੂੰ ਢਾਹ ਲੱਗਦੀ ਹੈ ਤੇ ਜਾਤ ਪਾਤ ਦੇ ਸਮਾਜਿਕ ਕੋਹੜ ਨਾਲ ਸਿੱਖ ਧਰਮ ਨਿਘਾਰ ਵੱਲ ਨੂੰ ਵੱਧਦਾ ਜਾ ਰਿਹਾ ਹੈ।

Advertisements

ਕੁਝ ਅਖੌਤੀ ਜਥੇਬੰਦੀਆਂ ਵਲੋਂ ਲੰਗਰ ’ਚ ਜਾਤ ਪਾਤ ਦੇ ਆਧਾਰ ’ਤੇ ਪੰਗਤ ਲਾਉਣ ਦੇ ਗੰਭੀਰ ਮਸਲੇ ਨੂੰ ਚੁੱਕਿਆ

ਉਹਨਾਂ ਸ.ਲਾਲਪੁਰਾ ਜੀ ਤੋਂ ਇਸ ਸਮੱਸਿਆ ਦੇ ਹੱਲ ਹਿੱਤ ਠੋਸ ਉਪਰਾਲਾ ਕਰਨ ਦੀ ਮੰਗ ਕੀਤੀ। ਇਸ ਮੌਕੇ ਜਥੇਬੰਦੀਆਂ ’ਚ ਸ.ਮਲਕੀਤ ਸਿੰਘ, ਬਾਬਾ ਨਿਹਾਲ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਜਗਦੀਸ਼ ਸਿੰਘ, ਅੰਗਰੇਜ ਸਿੰਘ, ਜਰਨੈਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਨਿਹੰਗ ਸਿੰਘ ਸ.ਲਾਲਪੁਰਾ ਨੂੰ ਮਿਲਣ ਪੁੱਜੇ। ਸ.ਇਕਬਾਲ ਸਿੰਘ ਲਾਲਪੁਰਾ ਜੀ ਜੋ ਕਿ ਖੁਦ ਇੱਕ ਉੱਘੇ ਸਿੱਖ ਵਿਦਵਾਨ ਹਨ, ਵਲੋਂ ਬਿਨਾਂ ਦੇਰੀ ਇਹ ਮਸਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜਾਬ ਦੇ ਮੁੱਖ ਸਕੱਤਰ ਦੇ ਲਿਖਤੀ ਰੂਪ ’ਚ ਧਿਆਨ ਵਿਚ ਲਿਆਉਂਦਾ। ਜਿਸ ਵਿੱਚ ਉਹਨਾਂ ਸਿੱਖੀ ਸਿਧਾਂਤਾਂ ਅਤੇ ਗੁਰੂ ਸਾਹਿਬ ਦੇ ਹੁਕਮ ਜਾਣਹੁ ਜੋਤਿ ਨ ਪੁਛਹੁ ਜਾਤੀ, ਆਗੈ ਜਾਤਿ ਨ ਹੇ। ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ। ਦਾ ਜਿਕਰ ਕੀਤਾ।


ਸ.ਲਾਲਪੁਰਾ ਨੇ ਬਿਨਾਂ ਦੇਰੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮਸਲੇ ਬਾਬਤ ਲਿਖਿਆ ਪੱਤਰ ਤੇ ਪੰਜਾਬ ਦੇ ਮੁੱਖ ਸਕੱਤਰ ਤੋਂ ਇੱਕ ਮਹੀਨੇ ਦੇ ਅੰਦਰ ਮੰਗੀ ਰਿਪੋਰਟ

ਉਹਨਾਂ ਕਿਹਾ ਕਿ ਇਹ ਮਸਲਾ ਬੇਹੱਦ ਗੰਭੀਰ ਹੈ ਜੋ ਸਿੱਖੀ ਦੇ ਵਜੂਦ ਲਈ ਖਤਰਾ ਹੈ। ਉਹਨਾਂ ਕਿਹਾ ਕਿ ਦਸਮ ਪਿਤਾ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖੁਦ ਉਹਨਾਂ ਕੋਲੋਂ ਅੰਮ੍ਰਿਤ ਛਕਿਆ ਸੀ, ਪਰੰਤੂ ਅਜੋਕੇ ਸਮੇਂ ਦੀ ਕੁਝ ਅਖੌਤੀ ਸਿੱਖ ਜਥੇਬੰਦੀਆਂ ਵਲੋਂ ਬਾਬਾ ਜੀਵਨ ਸਿੰਘ ਜੀ ਤੇ ਭਗਤ ਰਵਿਦਾਸ ਜੀ ਦੇ ਵੰਸ਼ਜ ਸਿੰਘਾਂ ਨੂੰ ਆਪਣੇ ਬਰਾਬਰ ਪੰਗਤ ਵਿੱਚ ਬਿਠਾ ਕੇ ਲੰਗਰ ਨਾ ਛਕਾਉਣਾ, ਇੱਥੋ ਤੱਕ ਕਿ ਇਹਨਾਂ ਦੇ ਵਰਤੇ ਭਾਂਡੇ ਅਸ਼ੁੱਧ ਸਮਝ ਕੇ ਅੱਗ ਵਿੱਚ ਸੁੱਟ ਕੇ ਪਵਿੱਤਰ ਕਰਨਾ ਆਦਿ ਵਿਤਕਰੇਬਾਜ਼ ਬੇਹੱਦ ਮੰਦਭਾਗੀ ਗੱਲ ਹੈ ਤੇ ਇਸ ਨਾਲ ਨਾਨਕ ਨਾਮਲੇਵਾ ਸੰਗਤ ਦੇ ਹਿਰਦਿਆਂ ਠੇਸ ਪੁੱਜਦੀ ਹੈ। ਉਹਨਾਂ ਭਾਰਤੀ ਸੰਵਿਧਾਨ ਅਤੇ ਹੋਰ ਕਾਨੂੰਨਾਂ ਦਾ ਵੇਰਵਾ ਵੀ ਦਿੱਤਾ ਜਿਹਨਾਂ ਮੁਤਾਬਿਕ ਇਹ ਕਾਰਜ ਸਜਾਯੋਗ ਹਨ। ਉਹਨਾਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਸਿੱਖ ਜਗਤ ਜਾਤ ਪਾਤ ਜਿਹੀ ਕੁਰੀਤੀਆਂ ਨੂੰ ਮਾਨਤਾ ਨਹੀਂ ਦਿੰਦਾ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਇਸਦਾ ਨੋਟਿਸ ਲੈਂਦੇ ਇਸ ਗੰਭੀਰ ਮਸਲੇ ’ਤੇ ਯੋਗ ਕਦਮ ਚੁੱਕਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆਂ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਸ਼ਿਕਾਇਤਕਰਤਾਵਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਅਰੰਭ ਕਰਕੇ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਦੀ ਰਿਪੋਰਟ ਕਮਿਸ਼ਨ ਨੂੰ ਭੇਜਣ ਦੀ ਹਦਾਇਤ ਕੀਤੀ।

LEAVE A REPLY

Please enter your comment!
Please enter your name here