ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮਿਆਰੀ ਗੁੜ ਤੇ ਸ਼ੱਕਰ ਬਣਾਉਣ ਸਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ

ਹੁਸ਼ਿਆਰਪੁਰ, ( ਦ ਸਟੈਲਰ ਨਿਊਜ਼)। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਯੋਗ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ “ਗੁੜ/ਸ਼ੱਕਰ ਬਣਾਉਣਾ ਅਤੇ ਮੁੱਲ ਵਾਧੇ ਲਈ ਇਸ ਤੋਂ ਹੋਰ ਪਦਾਰਥ ਤਿਆਰ ਕਰਨਾ ਸਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਵਿੱਚ ਕੁੱਲ 34 ਕਿਸਾਨ/ਕਿਸਾਨ ਬੀਬੀਆਂ ਨੇ ਹਿੱਸਾ ਲਿਆ। ਉਦਘਾਟਨੀ ਪ੍ਰੋਗਰਾਮ ਦੌਰਾਨ ਡਾ. ਮਨਿੰਦਰ ਸਿੰਘ ਬੌੰਸ, ਉਪ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਆਏ ਹੋਏ ਸਿਖਿਆਰਥੀਆਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਵਧੀਆ ਗੁੜ ਤੇ ਸ਼ੱਕਰ ਬਣਾਉਣ ਸਬੰਧੀ ਸਿਖਲਾਈਆਂ ਵੱਖ-ਵੱਖ ਕੇਂਦਰਾਂ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ।ਡਾ. ਬੌਂਸ ਨੇ ਮਿਆਰੀ ਗੁੜ-ਸ਼ੱਕਰ ਉਤਪਾਦਨ ਲਈ ਗੰਨੇ ਦੀ ਫਸਲ ਦੀ ਕਾਸ਼ਤ ਬਾਰੇ ਸਿਫ਼ਾਰਿਸ਼ ਤਕਨੀਕਾਂ ਅਪਨਾਉਣ ਪ੍ਰਤੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ, ਪੀ.ਏ.ਯੂ., ਲੁਧਿਆਣਾ ਪਿਛਲੇ ਕਈ ਸਾਲਾਂ ਤੋਂ ਗੁੜ ਉਤਪਾਦਕਾਂ ਲਈ ਸਿਖਲਾਈਆਂ ਲਗਾ ਰਿਹਾ ਹੈ ਅਤੇ ਇਸ ਦੌਰਾਨ ਅਗਾਂਹਵਧੂ ਕਿਸਾਨਾਂ ਨੂੰ ਰਿਫ੍ਰੈਕਟੋਮੀਟਰ ਅਤੇ ਪੀ. ਐੱਚ. ਮੀਟਰ ਯੰਤਰ ਵੀ ਉਪਲਬੱਧ ਕਰਵਾ ਰਿਹਾ ਹੈ।

Advertisements

ਸਿਖਲਾਈ ਕੋਰਸ ਦੌਰਾਨ ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ), ਕੇ.ਵੀ.ਕੇ ਹੁਸ਼ਿਆਰਪੁਰ ਨੇ ਵਧੀਆ ਗੁੜ ਦੇ ਉਤਪਾਦਨ ਅਤੇ ਪੈਕਿੰਗ ਸਬੰਧੀ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ।ਉਨ੍ਹਾਂ ਵਧੀਆ ਗੁੜ ਤੇ ਸ਼ੱਕਰ ਬਣਾਉਣ ਸਬੰਧੀ ਵੱਖ-ਵੱਖ ਯੰਤਰਾਂ ਜਿਵੇਂ ਕਿ ਰਿਫ੍ਰੈਕਟੋਮੀਟਰ ਅਤੇ ਪੀ. ਐੱਚ. ਮੀਟਰ ਸਬੰਧੀ ਦੱਸਿਆ। ਉਨ੍ਹਾਂ ਦੱਸਿਆ ਕਿ ਪੈਵੀਂ ਘੁਲਾੜੇ ਲੱਗਭਗ 70 ਫੀਸਦੀ ਰਸ ਕੱਢ ਲੈਂਦੇ ਹਨ, ਜਦਕਿ ਖੜਵੀਂ ਘੁਲਾੜੇ ਲੱਗਭਗ 60 ਫੀਸਦੀ ਰਸ ਕੱਢ ਲੈਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਗੰਨੇ ਦੀ ਕਟਾਈ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਪ੍ਰੋਸੈਸ ਕਰ ਲੈਣਾ ਚਾਹੀਦਾ ਹੈ। ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ- ਪਿੰਡ ਅੱਜੋਵਾਲ ਤੋਂ ਨਰਿੰਦਰ ਸਿੰਘ, ਪਿੰਡ ਬੁਗਰਾ ਤੋਂ ਮਨਮੋਹਨ ਸਿੰਘ ਖਾਲਸਾ, ਪਿੰਡ ਖੁਰਾਲਾ ਖੁਰਦ ਤੋਂ ਮਨਦੀਪ ਸਿੰਘ ਅਤੇ ਪਿੰਡ ਮਜਾਰਾ ਡਿੰਗਰੀਆਂ ਤੋਂ ਗੁਰਮੁੱਖ ਸਿੰਘ ਨੇ ਵਧੀਆ ਗੁੜ ਤੇ ਸ਼ੱਕਰ ਬਣਾਉਣ ਦੇ ਅਮਲੀ ਨੁਕਤਿਆਂ ਬਾਰੇ ਤਜਰਬੇ ਵੀ ਸਾਂਝੇ ਕੀਤੇ। ਜ਼ਿਲ੍ਹਾ ਉਦਯੋਗ ਕੇਂਦਰ, ਹੁਸ਼ਿਆਰਪੁਰ ਤੋਂ ਇਕਬਾਲ ਸਿੰਘ ਅਤੇ ਅਭੀਸ਼ੇਕ ਮਹਿਤਾ, ਸੀਨੀਅਰ ਉਦਯੋਗ ਪ੍ਰਮੋਸ਼ਨ ਅਫਸਰ ਉਚੇਚੇ ਤੌਰ ਤੇ ਇਸ ਕੋਰਸ ਦੌਰਾਨ ਸਿਖਿਆਰਥੀਆਂ ਨਾਲ ਰੂ-ਬ-ਰੂ ਹੋਏ ਅਤੇ ਗੁੜ-ਸ਼ੱਕਰ ਪਲਾਂਟ ਲਗਾਉਣ ਬਾਬਤ ਸਰਕਾਰੀ ਸਕੀਮਾਂ ਬਾਰੇ ਚਾਨਣਾ ਪਾਇਆ।

ਸਿਖਲਾਈ ਦੌਰਾਨ ਪਿੰਡ ਨੀਲਾ ਨਲੋਆ ਤੋਂ ਅਗਾਂਹਵਧੂ ਗੁੜ-ਸ਼ੱਕਰ ਉਤਪਾਦਕ, ਪ੍ਰਿੰਸੀਪਲ (ਸੇਵਾ ਮੁਕਤ) ਸ. ਤਰਸੇਮ ਸਿੰਘ ਦੇ ਫਾਰਮ ਦਾ ਵੀ ਦੌਰਾ ਕਰਵਾਇਆ ਗਿਆ। ਸਾਰੇ ਸਿਖਿਆਰਥੀ ਇਸ ਸਿਖਲਾਈ ਦੌਰਾਨ ਦਿੱਤੀ ਤਕਨੀਕੀ ਜਾਣਕਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ ਅਤੇ ਗੁੜ ਉਤਪਾਦਕਾਂ ਲਈ ਇਸ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮਾਂ ਦਾ ਪ੍ਰਬੰਧ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here