ਬੀ.ਐੱਡ. ਕਾਲਜ ਡੱਲੇਵਾਲ ’ਚ ਪੰਜਾਬੀ ਮਾਹ ਨੂੰ ਸਮਰਪਿਤ ਵਿਸ਼ਾਲ ਸਾਹਿਤਕ ਤੇ ਪੁਸਤਕ ਮੇਲਾ 10 ਤੇ 11 ਨਵੰਬਰ ਨੂੰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਭਾਸ਼ਾ ਵਿਭਾਗ ਪੰਜਾਬ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਅਤੇ ਪੰਜਾਬੀ ਵਿਕਾਸ ਮੰਚ ਹਰਿਆਣਾ ਵਲੋਂ ਆਪਸੀ ਸਹਿਯੋਗ ਨਾਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ 10 ਅਤੇ 11 ਨਵੰਬਰ ਨੂੰ ਪੁਸਤਕ ਮੇਲਾ ਅਤੇ ਲੋਕਧਾਰਾ ਤੇ ਲੋਕ ਭਾਸ਼ਾ ਵਿਸ਼ੇ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ’ਚ ਪੰਜਾਬੀ ਮਾਹ ਨੂੰ ਸਮਰਪਿਤ ਲੜੀ ਤਹਿਤ ਹੋਣ ਵਾਲਾ ਸਮਾਗਮ ਸ਼੍ਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਡੱਲੇਵਾਲ ਨੇੜੇ ਕਸਬਾ ਹਰਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰਿੰਸੀਪਲ ਐਜੂਕੇਸ਼ਨ ਕਾਲਜ ਡਾ. ਸ਼ਸ਼ੀ ਨੇਗੀ ਨਾਲ ਇਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਅਤੇ ਰੂਪ-ਰੇਖਾ ਸਾਂਝੀ ਕਰਨ ਪਹੁੰਚੇ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਤੋਂ ਖੋਜ ਅਫ਼ਸਰ ਡਾ. ਜਸਵੰਤ ਰਾਏ ਅਤੇ ਹਰਿਆਣਾ ਪੰਜਾਬੀ ਵਿਕਾਸ ਮੰਚ ਦੇ ਸਕੱਤਰ ਵਰਿੰਦਰ ਨਿਮਾਣਾ ਨੇ ਸਾਂਝੇ ਤੌਰ ’ਤੇ ਆਖਿਆ ਕਿ ਡੱਲੇਵਾਲ ਕਾਲਜ ਦੇ ਵਿਹੜੇ ਵਿੱਚ ਹੋਣ ਵਾਲੇ ਇਸ ਦੋ ਦਿਨਾਂ ਸਮਾਗਮ ਵਿੱਚ ਪਹਿਲੇ ਦਿਨ 10 ਵਜੇ ਸਵੇਰੇ ਉਦਘਾਟਨੀ ਰਸਮਾਂ ਤੋਂ ਬਾਅਦ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਪੰਜਾਬੀ ਗੀਤ-ਸੰਗੀਤ ਤੇ ਕਲਾ ਨਾਲ ਸੰਬੰਧਿਤ ਵੰਨਗੀਆਂ ਪੇਸ਼ ਕਰਨਗੇ।

Advertisements

ਦੁਪਹਿਰ ਇੱਕ ਵਜੇ ਵਰਿੰਦਰ ਨਿਮਾਣਾ ਦੀ ਪੁਸਤਕ ‘ ਗਵੱਈਆਂ ਤੇ ਜਰਨੈਲਾਂ ਦਾ ਗਵਾਹ ਹਰਿਆਣਾ ’ ਦਾ ਲੋਕ-ਅਰਪਣ ਕੀਤਾ ਜਾਵੇਗਾ।ਦੂਜੇ ਦਿਨ 11 ਨਵੰਬਰ ਨੂੰ ਭਾਸ਼ਾ ਵਿਭਾਗ ਵਲੋਂ ਲੋਕਧਾਰਾ ਤੇ ਲੋਕ ਭਾਸ਼ਾ ਵਿਸ਼ੇ ਤੇ ਭਾਸ਼ਣ ਅਤੇ ਕਾਲਜਾਂ ਦੇ ਵਿਦਿਆਰਥੀ ਲੋਕ-ਗੀਤ ਸੰਗੀਤ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕਰਨਗੇ। 11 ਨਵੰਬਰ ਵਾਲੇ ਸਮਾਗਮ ਦੀ ਪ੍ਰਧਾਨਗੀ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਐੱਮ.ਐੱਲ.ਏ. ਹਲਕਾ ਦਸੂਹਾ ਕਰਨਗੇ। ਵਿਸ਼ੇਸ਼ ਮਹਿਮਾਨ ਸ. ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਕਵੀ ਪ੍ਰੋ. ਸੁਰਜੀਤ ਜੱਜ ਕਰਨਗੇ। ਸਮਾਗਮ ਦੀ ਖਿੱਚ ਦਾ ਕੇਂਦਰ ਪੰਜਾਬ ਦੇ ਵੱਡੇ ਪ੍ਰਕਾਸ਼ਕਾਂ ਤੇ ਭਾਸ਼ਾ ਵਿਭਾਗ ਵਲੋਂ ਸਾਹਿਤਕ, ਸਭਿਆਚਾਰਕ, ਧਾਰਮਿਕ, ਵਿਗਿਆਨਕ ਅਤੇ ਦਰਸ਼ਨ ਨਾਲ ਸੰਬੰਧਿਤ ਪੁਸਤਕਾਂ ਦੀ ਪ੍ਰਦਰਸ਼ਨੀ ਹੋਵੇਗੀ। ਇਹ ਸਮਾਗਮ ਅਧਿਆਪਕਾਂ, ਵਿਦਿਆਰਥੀਆਂ ਅਤੇ ਪਾਠਕਾਂ ਦੀ ਸਾਹਿਤਕ ਭੁੱਖ ਨੂੰ ਪੂਰੀ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ। ਇਸ ਕਰਕੇ ਇਸ ਸਮਾਗਮ ਵਿੱਚ ਜ਼ਰੂਰ ਸ਼ਿਰਕਤ ਕਰਨੀ ਚਾਹੀਦੀ ਹੈ। ਇਸ ਮੌਕੇ ਮੈਡਮ ਨੀਲਮ ਰਾਜੂ, ਇਕਬਾਲਪ੍ਰੀਤ ਸਿੰਘ, ਅਰੁਣ ਕੁਮਾਰ, ਪੁਸ਼ਪਿੰਦਰ ਕੌਰ, ਅਮਨਦੀਪ ਕੌਰ, ਪ੍ਰੀਆ ਦੇਵੀ, ਜਸਵੀਰ ਸੈਣੀ, ਕੁਲਦੀਪ ਕੌਰ ਅਤੇ ਡਾ. ਸਨੀ ਹਾਜ਼ਰ ਸਨ।

LEAVE A REPLY

Please enter your comment!
Please enter your name here